ਧਰਤੀ ਪੁੱਤਰ ਜਗਜੀਤ ਹਾਰਾ

ਗੁਲਜ਼ਾਰ ਸਿੰਘ ਸੰਧੂ
ਮੈਂ ਜਗਜੀਤ ਸਿੰਘ ਹਾਰਾ ਨੂੰ ਖੇਤੀ ਯੂਨੀਵਰਸਿਟੀ, ਲੁਧਿਆਣਾ ਦੀ ਨੌਕਰੀ ਦੇ ਸਮੇਂ ਤੋਂ ਜਾਣਦਾ ਹਾਂ; ਕੋਈ ਚਾਲੀ ਸਾਲ ਤੋਂ। ਉਦੋਂ ਤੱਕ ਉਹ ਅਰਥ ਸ਼ਾਸਤਰ ਦੀ ਐਮ. ਏ. ਕਰਕੇ ਇੰਟਰਨੈਸ਼ਨਲ ਫਾਰਮ ਯੂਥ ਐਕਸਚੇਂਜ ਪ੍ਰੋਗਰਾਮ ਥੱਲੇ ਅਮਰੀਕਾ ਦੀ ਖੁੱਲ੍ਹੀ-ਡੁੱਲ੍ਹੀ ਤੇ ਆਕਾਸ਼ੀ ਜੱਫੀਆਂ ਪਾਉਂਦੀ ਸਟੇਟ ਮੋਨਟਾਨਾ ਵਿਚ ਕਣਕਾਂ ਦੀ ਖੇਤੀ ਵੇਖ ਚੁਕਾ ਸੀ। ਉਥੇ ਕਣਕ ਸਤੰਬਰ ਮਹੀਨੇ ਬੀਜੀ ਜਾਂਦੀ ਹੈ ਤੇ ਦਸ-ਗਿਆਰਾਂ ਮਹੀਨਿਆਂ ਪਿੱਛੋਂ ਜੁਲਾਈ-ਅਗਸਤ ਵਿਚ ਵੱਢੀ ਜਾਂਦੀ ਹੈ।

ਉਹ ਸ਼ੇਰਸਾਹ ਸੂਰੀ ਮਾਰਗ ਉਤੇ ਪੈਂਦੇ ਆਪਣੇ ਪਿੰਡ ਜੋਗੀਆਣਾ ਕੰਗਣਵਾਲ ਵਿਚ ਵਿਗਿਆਨਕ ਢੰਗ ਨਾਲ ਖੇਤੀ ਕਰਨ ਵਾਲਿਆਂ ਦਾ ਵੀ ਮੋਹਰੀ ਬਣ ਚੁਕਾ ਸੀ। ਉਸ ਦੀ ਖੇਤੀ ਤੇ ਬੀਜ ਉਤਪਾਦਨ ਵਿਧੀਆ ਦੇਖਣ ਵਾਲੇ ਐਮ. ਐਸ਼ ਰੰਧਾਵਾ, ਅਮਰੀਕ ਸਿੰਘ ਚੀਮਾ ਤੇ ਡਾ. ਐਮ. ਐਸ਼ ਸਵਾਮੀਨਾਥਨ ਹੀ ਨਹੀਂ, ਮੁਧਰੀਆਂ ਫਸਲਾਂ ਈਜਾਦ ਕਰਕੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਨਾਰਮਨ ਬੋਰਲਾਗ ਵੀ ਸਨ। ਮੈਂ ਵੀ ਉਨ੍ਹਾਂ ਸੁਭਾਗੇ ਪੁਰਸ਼ਾਂ ਵਿਚੋਂ ਹਾਂ, ਜਿਸ ਨੂੰ ਉਸ ਦੀ ਮਿੱਤਰਤਾ ਤੇ ਉਸ ਦੀ ਪਤਨੀ ਸੁਰਜੀਤ ਕੌਰ ਦੀ ਮਹਿਮਾਨ ਨਿਵਾਜ਼ੀ ਮਾਣਨ ਦਾ ਮੌਕਾ ਮਿਲਿਆ। ਇੱਕ ਵਾਰ ਨਹੀਂ, ਅਨੇਕ ਵਾਰ।
ਮੇਰੇ ਦਿੱਲੀ ਪਰਤਣ ਪਿਛੋਂ ਉਸ ਨੂੰ ਮਿਲਣ ਵਾਲੇ ਇਨਾਮਾਂ-ਸਨਮਾਨਾਂ ਦੀ ਝੜੀ ਲੱਗ ਗਈ। ਸਾਲ ਵਿਚ ਇੱਕ ਹੀ ਨਹੀਂ, ਦੋ-ਤਿੰਨ ਵੀ। ਧਾਨ ਪੰਡਿਤ ਸਨਮਾਨ, ਜੈਮ ਆਫ ਇੰਡੀਆ ਐਵਾਰਡ, ਪੰਜਾਬ ਰਤਨ ਸਨਮਾਨ, ਬੰਦਾ ਬਹਾਦਰ ਪੁਰਸਕਾਰ ਤੇ ਪਦਮਸ਼੍ਰੀ ਹੀ ਨਹੀਂ, ਢਾਈ ਦਰਜਨ ਸੰਸਥਾਵਾਂ ਦੀ ਮੈਂਬਰੀ, ਦਰਜਨ ਦੇ ਕਰੀਬ ਬੋਰਡਾਂ, ਕਾਰਪੋਰੇਸ਼ਨਾ ਤੇ ਬੈਂਕਾਂ ਦੀ ਡਾਇਰੈਕਟਰੀ; ਦੇਸ਼ ਤੋਂ ਬਾਹਰ ਰੂਸ, ਚੀਨ ਤੇ ਜਪਾਨ ਦੇ ਖੇਤੀ ਵਿਸ਼ਵ ਵਿਦਿਆਲਿਆ ਦੀ ਵਿਜ਼ਟਿੰਗ ਪ੍ਰੋਫੈਸਰਸ਼ਿਪ ਤੇ ਹੋਰ ਕਈ ਕੁਝ। ਦੇਸ਼-ਵਿਦੇਸ਼ ਵਿਚ ਖੇਤੀ ਨਾਲ ਸਬੰਧਤ ਵਰਕਸ਼ਾਪਾਂ ਤੇ ਕਾਨਫਰੰਸਾਂ ਵਿਚ ਸ਼ਿਰਕਤ ਦਾ ਤਾਂ ਅੰਤ ਹੀ ਨਹੀਂ।
ਉਸ ਨੂੰ ਇਲੀਨਾਏ ਸਟੇਟ ਵਿਚ ਇੱਕ ਅਜਿਹੀ ਕੰਬਾਈਨ ਮਸ਼ੀਨ ਚਲਾਉਣ ਦਾ ਮੌਕਾ ਮਿਲਿਆ, ਜਿਸ ਦੀ ਕੈਬਿਨ ਏਅਰ ਕੰਡੀਸ਼ਨਡ ਸੀ ਅਤੇ ਉਸ ਵਿਚ ਰੇਡੀਓ ਤੇ ਟੀ. ਵੀ. ਸੈਟ ਵੀ ਲੱਗਾ ਹੋਇਆ ਸੀ। ਮੋਨਟਾਨਾ ਰਹਿੰਦਿਆਂ ਉਸ ਦਾ ਮੇਜ਼ਬਾਨ ਉਸ ਨੂੰ ਸੱਠ ਮੀਲ ਦੀ ਦੂਰੀ ਵਾਲੇ ਇਕ ਕਿਸਾਨ ਕੋਲ ਲੈ ਕੇ ਗਿਆ ਤਾਂ ਜਗਜੀਤ ਨਾਲ ਉਸ ਦੀ ਜਾਣ-ਪਛਾਣ ‘ਮੇਰੇ ਪੜੌਸੀ ਕਿਸਾਨ ਨੂੰ ਮਿਲੋ’ ਕਹਿ ਕੇ ਕਰਵਾਈ ਗਈ।
ਮੈਂ ਜਗਜੀਤ ਹਾਰਾ ਦੀ ਤਸਵੀਰ ਏਨੀ ਵਾਰ ਸਥਾਨਕ ਤੇ ਖੇਤਰੀ ਅਖਬਾਰਾਂ ਵਿਚ ਵੇਖ ਚੁਕਾ ਹਾਂ, ਜਿੰਨੀ ਕਹਿੰਦੇ-ਕਹਾਉਂਦੇ ਰਾਜਨੀਤਕ ਆਗੂਆਂ ਦੀ ਵੀ ਨਹੀਂ ਵੇਖੀ। ਉਸ ਦੀ ਨਵ ਪ੍ਰਕਾਸ਼ਿਤ ਆਤਮ ਕਥਾ ‘ਧਰਤੀ ਪੁੱਤਰ ਜਗਜੀਤ ਸਿੰਘ ਹਾਰਾ’ (ਅਸਥੈਟਿਕ ਪਬਲੀਕੇਸ਼ਨਜ਼, ਪੰਨੇ 168, ਤਸਵੀਰਾਂ ਦੋ ਦਰਜਨ, ਮੁਲ 500 ਰੁਪਏ) ਇਹੋ ਜਿਹੀਆਂ ਅਨੇਕਾਂ ਘੁੰਡੀਆਂ ਤੇ ਪ੍ਰਾਪਤੀਆਂ ਤੋਂ ਪਰਦਾ ਚੁੱਕਦੀ ਹੈ। ਇਸ ਦਾ ਪਾਠ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲੋਂ ਦੋ ਸਾਲ ਛੋਟਾ ਮੇਰਾ ਮਿੱਤਰ ਕਿੰਨੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੱਲਾਂ ਮਾਰ ਚੁਕਾ ਹੈ।
ਉਲੂ ਦੀ ਬਾਦਸ਼ਾਹੀ: ਅੱਜ ਕੱਲ ਬਠਿੰਡਾ ਦੇ ਚਿੜੀਆ ਘਰ ਤੋਂ ਦੋ ਉਲੂਆਂ ਦਾ ਚੋਰੀ ਹੋਣਾ ਚਰਚਾ ਵਿਚ ਹੈ। ਦੁਰਲਭ ਜਾਤੀ ਦੇ ਇਹ ਉਲੂ ਪਿਛਲੇ ਸਾਲ ਪਿੰਡ ਬਹਿਮਣ ਦੀਵਾਨਾ ਦੇ ਸਕੂਲ ਵਿਚੋਂ ਲੱਭੇ ਸਨ। ਉਦੋਂ ਇਨ੍ਹਾਂ ਦੀ ਗਿਣਤੀ ਚਾਰ ਸੀ। ਫਾਰੈਸਟ ਅਫਸਰ ਗੁਰਪਾਲ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਚਾਰੇ ਉਲੂ ਚਿੜੀਆ ਘਰ ਪਹੁੰਚਾ ਦਿੱਤੇ। ਉਨ੍ਹਾਂ ਵਿਚੋਂ ਦੋ ਤਾਂ ਰੱਬ ਨੂੰ ਪਿਆਰੇ ਹੋ ਗਏ ਤੇ ਦੋ ਹੁਣ ਚੋਰੀ ਹੋ ਗਏ ਦੱਸੇ ਜਾਂਦੇ ਹਨ। ਚੋਰੀ ਦਾ ਪਤਾ ਲਗਦੇ ਸਾਰ ਚਿੜੀਆ ਘਰ ਦੇ ਪੱਕੇ ਚਪੜਾਸੀ ਵਿਜੇ ਕੁਮਾਰ ਤੇ ਦੋ ਦਿਹਾੜੀਦਾਰਾਂ-ਸਤਿਨਾਮ ਸਿੰਘ ਤੇ ਰਾਜਿੰਦਰ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਹੈ। ਅਫਸਰਾਂ ਨੇ ਚੋਰੀ ਹੋਏ ਉਲੂਆਂ ਬਾਰੇ ਇਤਲਾਹ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕਰਕੇ ਚੋਰੀ ਦੀ ਖਬਰ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਪਹੁੰਚਾ ਦਿੱਤੀ ਹੈ। ਕਹਿੰਦੇ ਹਨ, ਦੀਵਾਲੀ ਦੇ ਦਿਨਾਂ ਵਿਚ ਤਾਂਤਰਿਕ ਲੋਕ ਉਲੂਆਂ ਦੀ ਪੂਜਾ ਕਰਕੇ ਇਨ੍ਹਾਂ ਦਾ ਬਲੀਦਾਨ ਦਿੰਦੇ ਹਨ।
ਉਲੂ ਦੀ ਪੁੱਛ-ਗਿੱਛ ਪਰਬਤੀ ਖੇਤਰਾਂ ਵਿਚ ਵੀ ਘੱਟ ਨਹੀਂ। ਉਸ ਦਾ ਕਾਰਨ ਹੋਰ ਹੈ। ਇਹ ਖਬਰ ਪੜ੍ਹ ਕੇ ਮੈਨੂੰ ਪੰਜਾਹ ਸਾਲ ਪਹਿਲਾਂ ਦੀ ਹਿਮਾਚਲ ਯਾਤਰਾ ਚੇਤੇ ਆ ਗਈ। ਉਦੋਂ ਮੇਰੀ ਇੱਕ ਚਿੜੀਆਂ ਫੜ੍ਹਨ ਵਾਲੇ ਨਾਲ ਭੇਟ ਹੋ ਗਈ ਸੀ। ਉਹਦੇ ਕੋਲ ਦੋ ਤਕਲਿਆਂ ਵਾਲਾ ਇੱਕ ਬਾਂਸ ਦਾ ਢਾਂਗੂ ਸੀ ਤੇ ਇਕ ਛੋਟਾ ਜਿਹਾ ਡੰਡਾ। ਟੁੱਟੀ ਹੋਈ ਜੁੱਤੀ ਤੇ ਬਿਆਈਆਂ ਨਾਲ ਪਾਟੇ ਪੈਰਾਂ ਵਾਲੇ ਇਸ ਬੰਦੇ ਕੋਲ ਇੱਕ ਹਰੇ ਪੱਤਿਆਂ ਵਾਲਾ ਛੱਜਾ ਸੀ ਤੇ ਇੱਕ ਉਲੂ ਵੀ ਸੀ। ਇਹ ਯੰਤਰ ਚਿੜੀਆਂ ਫੜ੍ਹਨ ਦੇ ਕੰਮ ਆਉਂਦੇ ਸਨ। ਉਹ ਆਪਣੇ ਆਪ ਨੂੰ ਪੱਤਿਆਂ ਵਾਲੇ ਛੱਜੇ ਦੇ ਪਿੱਛੇ ਛੁਪਾ ਕੇ ਢਾਂਗੂ ਨਾਲ ਬੱਧੇ ਉਲੂ ਵਾਲਾ ਤਕੱਲਾ ਚਿੜੀ ਦੇ ਨੇੜੇ ਲੈ ਜਾਂਦਾ ਸੀ ਤੇ ਜਦੋਂ ਚਿੜੀ ਉਲੂ ਨਾਲ ਖੇਡਣ ਲਗਦੀ, ਤਾਂ ਚਿੜੀ ਨੂੰ ਤਕੱਲਿਆਂ ਵਿਚ ਫਾਹ ਲੈਂਦਾ ਸੀ। ਉਹ ਉਲੂਆਂ ਨੂੰ ਲੇਸਦਾਰ ਪਦਾਰਥ ਲਾ ਕੇ ਰੰਗ ਰੰਗ ਦੀਆਂ ਚਿੜੀਆਂ ਫੜ੍ਹਦਾ ਤੇ ਉਨ੍ਹਾਂ ਨੂੰ ਦਿੱਲੀ ਵਾਲੀ ਜਾਮਾ ਮਸਜਿਦ ਦੇ ਵਪਾਰੀ ਕੋਲ ਵੇਚ ਆਉਂਦਾ। ਜਾਨਵਰ ਪਾਲਣ ਦੇ ਸ਼ੌਕੀਨ ਰੰਗ ਰੰਗ ਦੀਆਂ ਚਿੜੀਆਂ ਉਹਦੇ ਕੋਲੋਂ ਖਰੀਦ ਲੈਂਦੇ।
ਚਿੜੀ ਫਰੋਸ਼ ਦੇ ਦੱਸਣ ਅਨੁਸਾਰ ਕੋਈ ਕੋਈ ਚਿੜੀ 25 ਰੁਪਏ ਦੇ ਜਾਂਦੀ ਸੀ। ਅੱਜ ਤੋਂ ਅੱਧੀ ਸਦੀ ਪਹਿਲਾਂ ਚਿੜੀਆ ਘਰ ਤੋਂ ਚੋਰੀ ਹੋਏ ਉਲੂਆਂ ਦੇ ਪੈਸੇ ਤਾਰਨ ਦੀ ਹਿੰਮਤ ਕਿਸੇ ਚਿੜੀਆਂ ਫੜ੍ਹਨ ਵਾਲੇ ਦੀ ਤਾਂ ਨਹੀਂ, ਤਾਂਤਰਿਕ ਦੀ ਹੋ ਸਕਦੀ ਹੈ। ਇੱਕ ਵੇਚਦਾ ਹੈ ਤੇ ਇੱਕ ਮਾਰਦਾ ਹੈ। ਰੱਬ ਖੈਰ ਕਰੇ!
ਅੰਤਿਕਾ: ਗੁਰਚਰਨ ਰਾਮਪੁਰੀ
ਮੋਰ ਰੋਂਦਾ ਵੀ ਪੈਲ ਪਾਉਂਦਾ ਹੈ
ਹੰਸ ਮਰਦਾ ਵੀ ਮੁਸਕਰਾਉਂਦਾ ਹੈ।