ਦੁਲਾਰੀ

ਮੇਵਾ ਸਿੰਘ ਤੁੰਗ
ਫੋਨ: 91-86996-72100
ਅਚਾਨਕ ਮੈਨੂੰ ਸਜਾਦ ਜ਼ਹੀਰ ਦੀ ਕਹਾਣੀ ‘ਦੁਲਾਰੀ’ ਪੜ੍ਹਨ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਜੋ ਖਿਆਲ ਮੇਰੇ ਦਿਮਾਗ ਵਿਚ ਆਇਆ ਅਤੇ ਜੋ ਦੂਜਾ ਕਹਾਣੀਕਾਰ ਮੈਨੂੰ ਤੁਰੰਤ ਯਾਦ ਆਇਆ, ਉਹ ਸੀ ਅਮਰੀਕਨ ਨਾਵਲਕਾਰ ਤੇ ਕਹਾਣੀਕਾਰ ਅਰਨੈਸਟ ਹੈਮਿੰਗਵੇ। ਕਹਾਣੀ ਪੜ੍ਹਦਿਆਂ ਜੋ ਪ੍ਰਭਾਵ ਤੇ ਵਿਚਾਰ ਮੇਰੇ ਸਾਹਮਣੇ ਜਾਂ ਮੇਰੀ ਸਮਝ ਦਾ ਹਿੱਸਾ ਬਣੇ, ਉਹ ਸਨ, ਸਾਦਾ ਸਰਲ ਆਮ ਫਹਿਮ ਬੋਲੀ ਦੀ ਬਿਨਾ ਕਿਸੇ ਰੱਖ ਰਖਾ ਤੇ ਉਚੇਚ ਦੇ ਕੁਦਰਤੀ ਰੰਗ ਢੰਗ ਅਤੇ ਵਿਹਾਰ ਵਿਚ ਕੀਤੀ ਵਰਤੋਂ, ਜਿਸ ਵਿਚ ਇਸ ਤਰ੍ਹਾਂ ਭਾਸਦਾ ਹੈ ਕਿ ਇਹ ਸਭ ਕੁਝ ਆਪਣੇ ਆਪ ਹੀ ਹੋਈ ਜਾਂਦਾ ਹੈ।

ਇਸ ਵਿਚ ਹੋਰ ਕਿਸੇ ਦਾ ਹੱਥ ਨਹੀਂ। ਕਹਾਣੀ ਲਿਖਣ ਵਾਲਾ ਕਿਧਰੇ ਨਜ਼ਰ ਨਹੀਂ ਆਉਂਦਾ।
ਹੈਮਿੰਗਵੇ ਦੇ ਭਾਸ਼ਾ ਗੁਣ ਅਤੇ ਉਸ ਦਾ ਵਰਤੋਂ ਵਿਹਾਰ ਬਿਲਕੁਲ ਇਸੇ ਤਰ੍ਹਾਂ ਦੇ ਹਨ। ਇਹ ਸੰਭਵ ਕਿਵੇਂ ਹੋਇਆ? ਹੈਮਿੰਗਵੇ ਦਾ ਬੋਲ ਬਾਲਾ ਤਾਂ 1950 ਤੋਂ ਪਿੱਛੋਂ ਜਾ ਕੇ ਹੋਇਆ ਹੈ। ‘ਦੁਲਾਰੀ’ 1930-31 ਵਿਚ ਲਿਖੀ ਗਈ ਅਤੇ 1932 ਦੇ ਅਖੀਰ ਵਿਚ ‘ਅੰਗਾਰੇ’ ਵਿਚ ਛਪ ਕੇ ਸਾਹਮਣੇ ਆਈ ਤੇ ਫੇਰ ਹਮੇਸ਼ਾਂ ਲਈ ਲੋਪ ਹੋ ਗਈ ਕਿਉਂਕਿ ਕਿਤਾਬ ‘ਤੇ ਪ੍ਰਤਿਗਾਮੀ ਤਾਕਤਾਂ ਦੇ ਰੌਲੇ ਤੇ ਅੰਦੋਲਨ ਕਾਰਨ ਪਾਬੰਦੀ ਲੱਗ ਗਈ। ਰਹਿੰਦੀਆਂ ਕਹਾਣੀਆਂ ਪਬਲਿਸ਼ਰ ਨੇ ਡਰਦੇ ਮਾਰੇ ਸਾੜ ਦਿੱਤੀਆਂ। ਕੀ ਕਾਰਨ ਹੈ ਕਿ ਸਜਾਦ ਜ਼ਹੀਰ ਹੈਮਿੰਗਵੇ ਦੀ ਬਰਾਬਰੀ ਕਰ ਰਿਹਾ ਹੈ?
ਵਾਸਤਵ ਵਿਚ ਉਸ ਨੇ ਹੈਮਿੰਗਵੇ ਦੇ ਗੁਰੂ ਪੜ੍ਹੇ ਅਤੇ ਵਿਚਾਰੇ ਹੋਏ ਸਨ। ਉਸ ਦਾ ਇੱਕ ਨਜ਼ਦੀਕੀ ਸਾਥੀ ਸਰਦਾਰ ਜਾਫਰੀ ਲਿਖਦਾ ਹੈ ਕਿ ਅਸਾਂ ਜੋ ਫਰੈਂਚ ਸਾਹਿਤ ਅੰਗਰੇਜ਼ੀ ਵਿਚ ਪੜ੍ਹਿਆ ਸੀ, ਸਜਾਦ ਜ਼ਹੀਰ ਨੇ ਉਹ ਫਰੈਂਚ ਵਿਚ ਪੜ੍ਹਿਆ-ਵਿਚਾਰਿਆ ਸੀ। ਉਸ ਨੇ ਫਰੈਂਚ ਤੇ ਅੰਗਰੇਜ਼ੀ ਦੇ ਚੇਤਨਾ ਪ੍ਰਵਾਹੀ ਸ਼ੈਲੀ ਵਿਚ ਲਿਖਣ ਵਾਲੇ ਨਾਵਲਕਾਰ ਅਤੇ ਕਹਾਣੀਕਾਰ ਧਿਆਨ ਨਾਲ ਪੜ੍ਹੇ ਸਨ। ਇਹੀ ਕਾਰਨ ਹੈ ਕਿ ਉਸ ਨੇ ਜਿਸ ਸਰਲਤਾ, ਸਹਿਜ, ਸੁਹਜ ਤੇ ਸੰਜਮ ਨਾਲ ‘ਦੁਲਾਰੀ’ ਲਿਖੀ, ਉਹ ਕਿਤੇ ਲੱਭਣੇ ਔਖੇ ਹਨ। ਹਾਂ, ਪੰਜਾਬੀ ਵਿਚ ਇਸ ਤੋਂ ਦਸ ਵਰ੍ਹੇ ਬਾਅਦ ਸੰਤ ਸਿੰਘ ਸੇਖੋਂ ਨੇ ਇੱਕ ਕਹਾਣੀ ਲਿਖੀ, ‘ਮੁੜ ਵਿਧਵਾ।’ ਇਸ ਵਿਚ ਸਾਰੇ ਉਕਤ ਗੁਣ ਮੌਜੂਦ ਹਨ। 1955 ਦੇ ਆਸ-ਪਾਸ ਰਾਜਿੰਦਰ ਸਿੰਘ ਬੇਦੀ ਨੇ ਕਹਾਣੀ ਲਿਖੀ ‘ਲਾਜਵੰਤੀ’, ਜਿਸ ਵਿਚ ਸਾਰੇ ਉਕਤ ਗੁਣਾਂ ਦੇ ਦਰਸ਼ਨ ਹੁੰਦੇ ਹਨ। ਪਰ ਇਹ ਬਾਅਦ ਦੀਆਂ ਗੱਲਾਂ ਹਨ।
ਅਲੀ ਸਰਦਾਰ ਜਾਫਰੀ ਨੇ ਸਜਾਦ ਜ਼ਹੀਰ ਦਾ ਚਰਿੱਤਰ ਇੱਕ ਲੇਖ ਵਿਚ ਪੇਸ਼ ਕੀਤਾ ਹੈ, ਉਸ ਦਾ ਨਾਂ ਰੱਖਿਆ ਹੈ, ‘ਰਕਸੇ ਸ਼ਰਰ’ ਅਰਥਾਤ ਚੰਗਿਆੜੀ ਦਾ ਨਾਚ। ਉਸ ਦੀ ਕਹਾਣੀ ‘ਦੁਲਾਰੀ’ ਵੀ ਰਕਸੇ ਸ਼ਰਰ ਹੈ।
ਦੁਲਾਰੀ ਦੇ ਮਾਂ-ਬਾਪ ਦਾ ਕੋਈ ਪਤਾ ਨਹੀਂ। ਉਹ ਸ਼ੇਖ ਘਰਾਣੇ ਵਿਚ ਪਲੀ ਤੇ ਵੱਡੀ ਹੋਈ ਹੈ। ਭਾਵੇਂ ਉਹ ਘਰ ਦੀ ਨੌਕਰਾਣੀ ਹੈ ਪਰ ਵੇਖਣ ਵਾਲਿਆਂ ਨੂੰ ਘਰ ਦੀ ਜੀਅ ਜਾਪਦੀ ਹੈ। ਉਸ ਦਾ ਸਭ ਕੁਝ ਘਰ ਦਾ ਵਲੀ ਅਹਿਦ ਸ਼ੇਖ ਲੁੱਟ ਲੈਂਦਾ ਹੈ। ਦੁਲਾਰੀ ਉਸ ਦਾ ਵਿਰੋਧ ਨਹੀਂ ਕਰਦੀ। ਸਮਾਂ ਪਾ ਕੇ ਸ਼ੇਖ ਕਾਜ਼ਮ ਦੀ ਸ਼ਾਦੀ ਦੀਆਂ ਗੱਲਾਂ ਚਲਦੀਆਂ ਹਨ। ਸ਼ਾਦੀ ਵਾਲੇ ਦਿਨ ਦੁਲਾਰੀ ਘਰ ਵਿਚੋਂ ਗਾਇਬ ਹੋ ਜਾਂਦੀ ਹੈ। ਬੜੀ ਪੁੱਛ-ਪੜਤਾਲ ਤੇ ਭੱਜ-ਨੱਠ ਤੋਂ ਬਾਅਦ ਮਿਲ ਜਾਂਦੀ ਹੈ ਅਤੇ ਘਰ ਦਾ ਇੱਕ ਬੁੱਢਾ ਉਸ ਨੂੰ ਗਰੀਬ ਵੇਸਵਾ ਦੇ ਮੁਹੱਲੇ ਵਿਚੋਂ ਵਾਪਸ ਘਰ ਲੈ ਆਉਂਦਾ ਹੈ। ਘਰ ਵਿਚ ਅਕਸਰ ਉਸ ਦੀ ਬੇਇਜਤੀ ਹੁੰਦੀ ਰਹਿੰਦੀ ਹੈ। ਇੱਕ ਦਿਨ ਸ਼ੇਖ ਕਾਜ਼ਮ ਉਸ ਦੀ ਬੇਇਜਤੀ ਕਰਨ ਵਾਲੀਆਂ ਔਰਤਾਂ ਨੂੰ ਡਾਂਟਦਾ ਹੈ। ਉਹ ਚੁੱਪ ਕਰ ਜਾਂਦੀਆਂ ਹਨ ਅਤੇ ਦੁਲਾਰੀ ਨੂੰ ਦਲੇਰ ਹੋਈ ਵੇਖ ਉਥੋਂ ਖਿਸਕ ਜਾਂਦੀਆਂ ਹਨ। ਕਾਜ਼ਮ ਦੁਲਾਰੀ ਨੂੰ ਹਮਦਰਦੀ ਭਰੀ ਨਸੀਹਤ ਕਰਦਾ ਹੈ। ਇਹ ਗੱਲ ਦੁਲਾਰੀ ਝੱਲ ਨਹੀਂ ਸਕਦੀ। ਉਹ ਉਸੇ ਰਾਤ ਫੇਰ ਗਾਇਬ ਹੋ ਜਾਂਦੀ ਹੈ।
ਕਿਹਾ ਜਾਵੇਗਾ ਕਿ ਇਹ ਕੋਈ ਖਾਸ ਗੱਲ ਨਹੀਂ। ਅਜਿਹੀਆਂ ਕਹਾਣੀਆਂ ਬਹੁਤ ਮਿਲ ਜਾਂਦੀਆਂ ਹਨ। ਸਵਾਲ ਇਹ ਨਹੀਂ। ਮਸਲਾ ਅੰਦਾਜ਼-ਏ-ਬਿਆਂ ਦਾ ਹੈ, ਜੋ ਹਰ ਥਾਂ ਨਹੀਂ ਮਿਲਦਾ। ਸਜਾਦ ਜ਼ਹੀਰ ਦਾ ਅੰਦਾਜ਼-ਏ-ਬਿਆਂ ਵੱਖਰਾ ਹੈ, ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁਕਾ ਹਾਂ।
ਸੁਜਾਨ ਸਿੰਘ ਨੇ ਵੀ ਇਸ ਤਰ੍ਹਾਂ ਦਾ ਧੱਕਾ ਇੱਕ ਕੁੜੀ ਨਾਲ ਹੁੰਦਾ ਵਿਖਾਇਆ ਹੈ, ਜੋ ਮਿੱਲ ਵਿਚ ਮਜ਼ਦੂਰੀ ਕਰਦੀ ਹੈ ਅਤੇ ਜਿਸ ਨੂੰ ਤਹਿਖਾਨੇ ਵਿਚ ਸਾਜ਼ਿਸ਼ ਅਧੀਨ ਭੇਜਿਆ ਜਾਂਦਾ ਹੈ। ਮਾਲਕ ਦਾ ਮੁੰਡਾ ਕੁੜੀ ‘ਤੇ ਝਪਟ ਪੈਂਦਾ ਹੈ। ਕੁੜੀ ਆਪਣਾ ਬਚਾਅ ਕਰਨ ਲਈ ਹੱਥ ਪੈਰ ਮਾਰਦੀ ਹੈ, ਜਿਸ ਨਾਲ ਮਾਲਕ ਦਾ ਮੁੰਡਾ ਪਟਿਆਂ ਅਤੇ ਮਸ਼ੀਨਾਂ ਵਿਚ ਲਪੇਟਿਆ ਜਾਂਦਾ ਹੈ। ਕੁੜੀ ਭੱਜ ਕੇ ਬਾਹਰ ਆ ਜਾਂਦੀ ਹੈ। ਮਸ਼ੀਨਾਂ ਚੱਲਣੀਆਂ ਬੰਦ ਹੋ ਜਾਂਦੀਆਂ ਹਨ। ਇਸ ਕਹਾਣੀ ਦਾ ਨਾਂ ‘ਖੂਨ’ ਹੈ। ਕੁੜੀ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਨਾਲ ਦੇ ਕਮਰੇ ਵਿਚ ਮੀਟਿੰਗ ਹੋ ਰਹੀ ਹੁੰਦੀ ਹੈ, ਜਿਸ ਵਿਚ ਕਹਾਣੀਕਾਰ ਦੇ ਸ਼ਬਦਾਂ ਵਿਚ ਕੁੜੀ ਵਿਰੁਧ ਸਬੂਤ ਅਤੇ ਗਵਾਹੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਦੋਹਾਂ ਕਹਾਣੀਆਂ ਵਿਚ ਮਾਹੌਲ ਦਾ ਫਰਕ ਹੈ। ਕਲਾਪਰਕ ਅੰਤਰ ਵੀ ਹੈ, ਪਰ ਇੱਕ ਸਾਧਾਰਨ ਕੰਨਿਆ ਦੇ ਸ਼ੋਸ਼ਣ ਦੀ ਸਾਂਝ ਹੈ। ਮੈਂ ਸੋਚਦਾ ਹਾਂ, ਸੁਜਾਨ ਸਿੰਘ ਸਾਰੀ ਉਮਰ ਜੀਵਨ ਅਤੇ ਘਰੇਲੂ ਮਸਲਿਆਂ ਦੇ ਭਾਰ ਅਧੀਨ ਹੀ ਜੂਝਦਾ ਰਿਹਾ। ਜੇ ਉਸ ਨੂੰ ਸਜਾਦ ਜ਼ਹੀਰ ਵਰਗੀਆਂ ਸਹੂਲਤਾਂ ਅਤੇ ਸਹਿਯੋਗੀ ਮਾਹੌਲ ਦਾ ਦਸਵਾਂ ਹਿੱਸਾ ਵੀ ਨਸੀਬ ਹੁੰਦਾ ਤਾਂ ਉਹ ਉਥੇ ਹੀ ਪਹੁੰਚ ਜਾਂਦਾ, ਜਿਥੇ ਸਜਾਦ ਜ਼ਹੀਰ, ਅਹਿਮਦ ਅਲੀ, ਅਜ਼ੀਜ਼ ਅਹਿਮਦ, ਮੁਹੰਮਦ ਹਸਨ ਅਸਕਰੀ ਅਤੇ ਕੁਰੱਅਤਲੁਨ ਹੈਦਰ ਪਹੁੰਚੇ ਹਨ।
ਹੈਰਤ ਦਾ ਮੁਕਾਮ ਇਹ ਹੈ ਕਿ ਜਦੋਂ ਪੰਜਾਬੀ ਲੇਖਕਾਂ ਦੀ ਜਾਣ-ਪਛਾਣ ਸਿਰਫ ਤੇ ਸਿਰਫ ਗੋਰਕੀ ਨਾਲ ਹੀ ਹੋਣੀ ਸ਼ੁਰੂ ਹੋਈ ਸੀ, ਉਰਦੂ ਨਾਲ ਸਬੰਧਤ ਇਹ ਨੌਜਵਾਨ ਫਰਾਂਸ ਤੇ ਯੂਰਪ ਦੀ ਨਵੀਂ ਅਦਬੀ ਤਹਿਰੀਕ ਤੋਂ ਵਾਕਫ ਸਨ ਅਤੇ ਉਸ ਨੂੰ ਸਮਝਦੇ ਸਨ। ਉਦਾਹਰਣ ਵਜੋਂ ਚੇਤਨਾ ਪ੍ਰਵਾਹੀ ਸ਼ੈਲੀ ਅਤੇ ਟੈਕਨੀਕ ਉਰਦੂ ਵਿਚ 1932 ਵਿਚ ਸ਼ੁਰੂ ਹੋ ਗਈ ਸੀ ਪਰ ਪੰਜਾਬੀ ਵਿਚ ਇਸ ਦੀ ਵਰਤੋਂ 1943 ਵਿਚ ਕਰਤਾਰ ਸਿੰਘ ਦੁੱਗਲ ਨੇ ਕੀਤੀ। ਉਸ ਦੀ ਕਹਾਣੀ ‘ਸਵੇਰ ਸਾਰ’ ਚੇਤਨਾ ਪ੍ਰਵਾਹੀ ਵੰਨਗੀ ਦੀ ਹੈ। ਉਸ ਦੀ ਦੂਜੀ ਕਹਾਣੀ ‘ਮੈਂ ਕਿੰਨਾ ਬੇਵਕੂਫ ਹਾਂ’ ਇਸੇ ਕਿਸਮ ਦੀ ਹੈ। ਇਸ ਵਿਚ ਆਜ਼ਾਦ ਖਿਆਲੀ ਅਤੇ ਸੁਤੰਤਰ ਆਤਮ ਬਚਨਾਂ ਰਾਹੀਂ ਇੱਕ ਬੀਮਾਰ ਦਾ ਇਲਾਜ ਕੀਤਾ ਜਾਂਦਾ ਹੈ, ਜੋ ਅੰਦਰ ਖਾਨੇ ਆਪਣੀ ਭੈਣ ਨੂੰ ਇਸ਼ਕ ਕਰਦਾ ਸੀ। ਪਰ ਪੰਜਾਬੀ ਦੇ ਮਹਾਂਰਥੀਆਂ, ਠੇਕੇਦਾਰਾਂ ਅਤੇ ਪੜ੍ਹੇ-ਲਿਖੇ ਸਾਹਿਤਕ ਲੋਕਾਂ ਨੂੰ ਵੀ ਵੀਹ ਸਾਲ ਪਤਾ ਨਹੀਂ ਲੱਗ ਸਕਿਆ।
ਸਜਾਦ ਜ਼ਹੀਰ ਅਤੇ ਉਸ ਦੇ ਸਾਥੀ ਮਾਰਕਸਵਾਦੀ ਅਤੇ ਕੌਮਪ੍ਰਸਤ ਸਨ। ਉਹ ਸੱਚੇ ਮਾਰਕਸਵਾਦੀਆਂ ਵਾਂਗ ਹਰ ਪਾਸੇ ਆਪਣਾ ਦਿਮਾਗ ਤੇ ਮਸਤਕ ਖੁੱਲ੍ਹਾ ਰੱਖਦੇ ਸਨ, ਪਰ ਇਸ ਦੀ ਪੰਜਾਬੀ ਅਗਰਗਾਮੀਆਂ ਵਿਚ ਅਣਹੋਂਦ ਸੀ। ਇਸੇ ਲਈ ਇਥੇ ਤੀਹ ਸਾਲ ਗੋਰਕੀ ਦਾ ਹੀ ਡੰਕਾ ਵੱਜਿਆ।
‘ਅੰਗਾਰੇ’ ਦੇ ਲੇਖਕ ਭਾਵੇਂ ਸਾਹਿਤਕ ਕ੍ਰਾਂਤੀ ਕਰਨ ਲਈ ਮਸ਼ਹੂਰ ਹੋਏ, ਪਰ ਉਹ ਇੰਤਹਾ ਪਸੰਦ ਨਹੀਂ ਸਨ। ਉਹ ਅਸਲ ਵਿਚ ਸਮਾਜੀ ਬਾਗੀ ਸਨ, ਜੋ ਹਰ ਤਰ੍ਹਾਂ ਦੀ ਪੁਰਾਤਨਤਾ, ਵਹਿਮਪ੍ਰਸਤੀ, ਇਨਸਾਨੀ ਵੰਡੀਆਂ, ਸਮਾਜੀ ਊਚ ਨੀਚ, ਸਿਆਸੀ ਗੁਲਾਮੀ, ਫਿਰਕੇਦਾਰੀ, ਗਰੀਬੀ, ਸਰਮਾਏ, ਗਰੀਬਾਂ ਦਾ ਸ਼ੋਸ਼ਣ ਅਤੇ ਹਰ ਗਲਤ ਗੱਲ ਦੇ ਵਿਰੋਧੀ ਸਨ। ਇਸ ਲਈ ਉਨ੍ਹਾਂ ਨੇ ਸਾਹਿਤ ਅਤੇ ਕਲਾ ਵਿਚ ਵੀ ਦਕੀਆਨੂਸੀ ਪੁਰਾਤਨਤਾ ਦਾ ਤਿਆਗ ਕੀਤਾ ਅਤੇ ਨਵੀਆਂ ਲੀਹਾਂ ਪਾਈਆਂ। ਸਜਾਦ ਜ਼ਹੀਰ, ਅਹਿਮਦ ਅਲੀ, ਮਹਿਮੂਦ ਉਲ ਜ਼ਫਰ ਅਤੇ ਡਾਕਟਰ ਰਸ਼ੀਦ ਜਹਾਂ-ਸਾਰੇ ਹੀ ਇਸ ਕਿਸਮ ਦੇ ਚਿੰਤਕ ਅਤੇ ਸਿਰਜਕ ਸਨ।
ਇਹ ਬਗਾਵਤ ਅਤੇ ਬਾਗੀਆਨਾ ਰੁਚੀਆਂ ਜ਼ਹੀਰ ਦੀ ਦੂਜੀ ਕਹਾਣੀ ‘ਫਿਰ ਯੇ ਹੰਗਾਮਾ’ ਵਿਚ ਹੋਰ ਵੀ ਉਭਰ ਕੇ ਸਾਹਮਣੇ ਆਉਂਦੀਆਂ ਹਨ। ਇਥੇ ਇੱਕ ਬੀਮਾਰ ਨੌਜਵਾਨ ਨੂੰ ਆਜ਼ਾਦ ਵਿਚਾਰਾਂ ਨਾਲ, ਖੁੱਲ੍ਹੀ ਅਤੇ ਸੁਤੰਤਰ ਗੱਲਬਾਤ ਕਰਦੇ ਵਿਖਾਇਆ ਹੈ। ਉਹ ਸਾਰੇ ਸੱਪ, ਫਨ ਫੈਲਾਈ ਨਾਗ, ਕੁੱਤੇ, ਗਿਰਝਾਂ, ਸ਼ੇਰ, ਚੀਤੇ, ਬਘਿਆੜ, ਜੋ ਉਸ ਨੂੰ ਨਜ਼ਰ ਆਉਂਦੇ ਹਨ-ਸਾਰੇ ਸਾਹਮਣੇ ਆਉਂਦੇ ਹਨ। ਪਾਠਕ ਇਨ੍ਹਾਂ ਦਾ ਪ੍ਰਤੱਖ ਅਨੁਭਵ ਕਰਦਾ ਹੈ। ਇਹ ਸਮਾਜ ਵਿਰੋਧੀ ਅਤੇ ਇਨਸਾਨ ਵਿਰੋਧੀ ਤਾਕਤਾਂ ਹਨ, ਜਿਨ੍ਹਾਂ ਦਾ ਖਾਤਮਾ ‘ਅੰਗਾਰੇ’ ਦੇ ਸਾਰੇ ਲੇਖਕ ਕਰਨਾ ਚਾਹੁੰਦੇ ਹਨ। ਇਹ ਉਹੋ ਤਰੀਕਾ ਹੈ, ਜੋ ਦਸ ਸਾਲ ਬਾਅਦ ਕਰਤਾਰ ਸਿੰਘ ਦੁੱਗਲ ‘ਮੈਂ ਕਿੰਨਾ ਬੇਵਕੂਫ ਹਾਂ’ ਵਿਚ ਵਰਤਦਾ ਹੈ।
ਇਹ ਤਰੀਕਾ ਇੱਕ ਪਾਸੇ ਮੈਡੀਕਲ ਸਾਇੰਸ ਨਾਲ ਜਾ ਜੁੜਦਾ ਹੈ ਅਤੇ ਦੂਜੇ ਪਾਸੇ ਸਾਹਿਤ ਨਾਲ ਸਬੰਧਤ ਹੋ ਜਾਂਦਾ ਹੈ। ਇਹ ਮਨੋਵਿਗਿਆਨ ਦੀ ਮਾਇਆ ਹੈ। ਮਨੋਵਿਗਿਆਨ ਦੇ ਇਸ ਸਰਮਾਏ ਦੀ ਮਾਇਆ ਨਾਲ ਹੀ ਸਬੰਧਤ ਇਸ ਸੰਗ੍ਰਿਹ ਦੀਆਂ ਦੂਜੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚ ਅਹਿਮਦ ਅਲੀ ਦੀ ਕਹਾਣੀ ‘ਪਹਾੜਾਂ ਦੀ ਰਾਤ’ ਤੇ ‘ਬਾਦਲ ਨਹੀਂ ਆਤੇ’, ਸਜਾਦ ਜ਼ਹੀਰ ਦੀ ਕਹਾਣੀ ‘ਨੀਂਦਰ ਕਿਉਂ ਨਹੀਂ ਆਉਂਦੀ’ ਅਤੇ ਮਹਿਮੂਦ ਉਲ ਜ਼ਫਰ ਦੀ ਕਹਾਣੀ ‘ਜਵਾਂ ਮਰਦੀ’ ਆਉਂਦੀਆਂ ਹਨ। ਇਹ ਸਾਰੀਆਂ ਕਹਾਣੀਆਂ ਚੇਤਨਾ ਪ੍ਰਵਾਹੀ ਤੌਰ-ਤਰੀਕੇ ਵਿਚ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਬਿਆਨ ਸਮੇਂ ਕਹਾਣੀਕਾਰ ਕਿਤੇ ਨਹੀਂ ਦਿਸਦਾ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਸਾਰਾ ਕੁਝ ਆਪਣੇ ਆਪ ਕੁਦਰਤੀ ਵਿਧੀ ਵਿਧਾਨ ਨਾਲ ਵਾਪਰਦਾ ਹੈ। ਇਹ ਅੰਦਰੂਨੀ ਤਰਜ਼ ਦੀ ਲਿਖਣ ਵਿਧੀ ਦਾ ਕ੍ਰਿਸ਼ਮਾ ਹੈ। ਇਸੇ ਤਰੀਕੇ ਨੂੰ ਮਗਰੋਂ ਜਾ ਕੇ ਖੁਦ ਅਹਿਮਦ ਅਲੀ ਅਤੇ ਕੁਰੱਅਤਲੁਨ ਹੈਦਰ ਨੇ ਵਧੇਰੇ ਯੋਗਤਾ ਅਤੇ ਮੁਹਾਰਤ ਨਾਲ ਵਰਤਿਆ ਹੈ। ਹਯਾਤ ਅੱਲ੍ਹਾ ਅਨਸਾਰੀ, ਅਜ਼ੀਜ਼ ਅਹਿਮਦ ਤੇ ਮੁਹੰਮਦ ਹਸਨ ਅਸਕਰੀ ਇਸੇ ਜ਼ੁਮਰੇ ਵਿਚ ਆਉਂਦੇ ਹਨ।
ਅਹਿਮਦ ਅਲੀ ਦੀ ਕਹਾਣੀ ‘ਬਾਦਲ ਨਹੀਂ ਆਤੇ’ ਵਿਚ ਇੱਕ ਮੱਧ ਤਬਕੇ ਦੀ ਪੜ੍ਹੀ-ਲਿਖੀ ਕੁੜੀ ਦਾ ਵਿਆਹ ਉਸ ਦੀ ਮਰਜ਼ੀ ਦੇ ਉਲਟ ਇੱਕ ਰੰਡੇ ਬੁੱਢੇ ਮੌਲਵੀ ਨਾਲ ਜ਼ਬਰਦਸਤੀ ਕਰ ਦਿੱਤਾ ਜਾਂਦਾ ਹੈ। ਮੌਲਵੀ ਨੂੰ ਬਾਹਰਲੇ ਲੋਕ ਧਾਰਮਿਕ ਪੁਰਸ਼ ਸਮਝਦੇ ਹਨ ਅਤੇ ਉਸ ਕੋਲੋਂ ਦੁਆਵਾਂ ਅਤੇ ਜੰਤਰ-ਮੰਤਰ ਲੈਣ ਆਉਂਦੇ ਹਨ ਪਰ ਅੰਦਰਲੀ ਤਸਵੀਰ ਹੋਰ ਹੈ। ਕੁੜੀ ਦੇ ਦੁੱਖਾਂ ਦਰਦਾਂ ਦੀ ਵਿਥਿਆ ਅਤੇ ਮੌਲਵੀ ਦੇ ਸ਼ਹਿਵਤ ਅੰਗਰੇਜ਼ੀ ਵਿਹਾਰ ਨਾਲ ਜੋ ਚਿੱਤਰ ਸਾਹਮਣੇ ਆਉਂਦੇ ਹਨ, ਉਸ ਨਾਲ ਆਮ ਇਨਸਾਨ ਦੁਖੀ ਹੋ ਕੁਰਲਾ ਉਠਦਾ ਹੈ। ਪਰ ਇਸ ਕਹਾਣੀ ‘ਤੇ ਮੌਲਵੀ ਏਨਾ ਕੁਰਲਾਏ ਕਿ ਕਿਤਾਬ ‘ਤੇ ਪਾਬੰਦੀ ਲੱਗ ਗਈ।
ਸਜਾਦ ਜ਼ਹੀਰ ਦੀ ਕਹਾਣੀ ‘ਫਿਰ ਯੇ ਹੰਗਾਮਾ’ ਵਿਚੋਂ ਪ੍ਰਸਿੱਧ ਵਿਦਵਾਨ ਅਤੇ ਆਲੋਚਕ ਕਮਰ ਰਈਸ ਨੇ ਆਪਣੇ ਇੱਕ ਲੇਖ ਵਿਚ ਜੋ ਹਵਾਲਾ ਦਰਜ ਕੀਤਾ ਹੈ, ਉਸ ਵਿਚ ਪੇਸ਼ ਕੀਤਾ ਯਥਾਰਥ ਫਰਾਂਸ ਦੇ ਪ੍ਰਕ੍ਰਿਤੀਵਾਦੀਆਂ ਦੇ ਚਿਤਰਣ ਨਾਲ ਮਿਲਦਾ ਹੈ। ਗੋਰਕੀ ਦੇ ‘ਹੇਠਲੇ ਪਤਾਲ’, ਗੁਰਚਰਨ ਸਿੰਘ ਦੀ ‘ਵਗਦੀ ਸੀ ਰਾਵੀ’ ਅਤੇ ਸ਼ੌਕਤ ਸਦੀਕੀ ਦੇ ਨਾਵਲ ‘ਖੁਦਾ ਕੀ ਬਸਤੀ’ ਵਿਚ ਵੀ ਅਜਿਹੇ ਯਥਾਰਥ ਦੇ ਦਰਸ਼ਨ ਹੁੰਦੇ ਹਨ, ਪਰ ਇਥੇ ਤਰੀਕਾ ਹੋਰ ਵਰਤਿਆ ਗਿਆ ਹੈ। ‘ਅੰਗਾਰੇ’ ਦੇ ਸਾਰੇ ਲੇਖਕਾਂ ਨੇ ਇਹ ਸਫਲਤਾ ਫਰੈਂਚ ਰੀਅਲਿਸਟਾਂ ਅਤੇ ਫਰੈਂਚ ਤੇ ਇੰਗਲਿਸ਼ ਚੇਤਨਾ ਪ੍ਰਵਾਹੀ ਨਾਵਲਕਾਰਾਂ ਤੇ ਕਥਾਕਾਰਾਂ ਦੇ ਪ੍ਰਭਾਵ ਅਧੀਨ ਸਰ ਕੀਤੀ ਹੈ। ਇਹ ਉਨ੍ਹਾਂ ਦੀ ਵੱਡੀ ਸਫਲਤਾ ਹੈ।
‘ਅੰਗਾਰੇ’ ਵਿਚ ਉਹ ਸਭ ਕੁਝ ਸੀ ਜੋ ਪਿਛੋਂ ਜਾ ਕੇ ਉਰਦੂ ਕਥਾਕਾਰਾਂ ਅਤੇ ਨਾਵਲਕਾਰਾਂ ਵਿਚ ਖੁੱਲ੍ਹ ਕੇ ਸਾਹਮਣੇ ਆਇਆ। ਇਸ ਟੈਕਨੀਕ ਨੂੰ ਪਿਛੋਂ ਜਾ ਕੇ ਕੁਰੱਅਤਲੁਨ ਹੈਦਰ, ਅਹਿਮਦ ਅਲੀ, ਕ੍ਰਿਸ਼ਨ ਚੰਦਰ, ਹਯਾਤ ਅੱਲ੍ਹਾ ਅਨਸਾਰੀ, ਅਜ਼ੀਜ਼ ਅਹਿਮਦ ਅਤੇ ਵੱਕਾਰ ਅਜ਼ੀਮ ਨੇ ਤਕੜੀ ਕਾਮਯਾਬੀ ਤੇ ਖੁਸ਼ ਅਸਲੂਬੀ ਨਾਲ ਵਰਤਿਆ ਅਤੇ ਉਰਦੂ ਅਦਬ ਵਿਚ ਬੇਹੱਦ ਮਾਣ ਤੇ ਅਮਰ ਸਥਾਨ ਪਾ ਲਿਆ। ਇਸ ਸਮੇਂ ਉਰਦੂ ਕਹਾਣੀ ਅਤੇ ਨਾਵਲ, ਉਪਨਿਆਸ ਸਮਰਾਟ ਪ੍ਰੇਮ ਚੰਦ ਦੀ ਜਾਗੀਰ ਸੀ। ਉਸ ਦੇ ਝੰਡੇ ਝੂਲਦੇ ਸਨ ਅਤੇ ਚਹੁੰ ਚੱਕੀਂ ਡੰਕੇ ਵੱਜਦੇ ਸਨ। ਉਹ ਸਭ ਤੋਂ ਵੱਧ ਸਤਿਕਾਰਤ ਅਤੇ ਪਾਠਕ ਆਵਾਮ ਵੱਲੋਂ ਪ੍ਰਵਾਨਤ ਗਲਪਕਾਰ ਸੀ। ਉਹ ਵੀ ‘ਅੰਗਾਰੇ’ ਤੋਂ ਪ੍ਰਭਾਵਤ ਅਤੇ ਉਤਸ਼ਾਹਤ ਹੋਇਆ। ਇਸ ਤੋਂ ਬਾਅਦ ਉਹ ਤਾਜ਼ਾ ਦਮ ਹੋਇਆ ਅਤੇ ‘ਕਫਨ’ ਤੇ ‘ਪੂਸ ਕੀ ਰਾਤ’ ਆਦਿ ਅਫਸਾਨੇ ਲਿਖੇ।
ਇਸ ਕਿਤਾਬ ਰਾਹੀਂ ਉਰਦੂ ਅਫਸਾਨੇ ਵਿਚ ਇੱਕ ਨਵਾਂ ਰਜਿਸਟਰ ਰੱਖਿਆ ਗਿਆ, ਜਿਸ ਕਾਰਨ ਉਰਦੂ ਲਿਸਾਨੀਅਤ ਅਤੇ ਲੁਗਾਤ ਦੇ ਪਹਿਲੂ ਤੋਂ ਬੜਾ ਵਾਧਾ ਹੋਇਆ, ਅਰਥਾਤ ਭਾਸ਼ਾ ਵਿਗਿਆਨ ਤੇ ਕੋਸ਼ ਦੇ ਪੱਖ ਤੋਂ ਉਰਦੂ ਜ਼ਬਾਨ ਵਿਚ ਨਵੇਂ ਝਰੋਖੇ ਖੁੱਲ੍ਹੇ। ਔਰਤਾਂ ਦਾ ਬੋਲਣ ਢੰਗ, ਵੱਖਰੀ ਕਿਸਮ ਦੀ ਸ਼ਬਦਾਵਲੀ, ਫਿਕਰੇਬਾਜ਼ੀ, ਜੋ ਸਿਰਫ ਔਰਤਾਂ ਲਈ ਹੀ ਮਖਸੂਸ ਹੁੰਦੀ ਹੈ, ਪਹਿਲੀ ਵਾਰੀ ‘ਅੰਗਾਰੇ’ ਦੀਆਂ ਕਹਾਣੀਆਂ ਰਾਹੀਂ ਸਾਹਮਣੇ ਆਈ। ਇਸ ਨੂੰ ਪਿੱਛੋਂ ਜਾ ਕੇ ਇਸਮਤ ਚੁਗਤਾਈ ਨੇ ਪੂਰੀ ਦਲੇਰੀ ਅਤੇ ਖੁੱਲ੍ਹ ਨਾਲ ਵਰਤਿਆ ਤੇ ਅੱਗੇ ਵਧਾਇਆ ਅਤੇ ਜਿਸ ਨੂੰ ਪਰਵਰਤੀ ਔਰਤ ਅਫਸਾਨਾ ਨਵੀਸਾਂ-ਜੈਲਾਨੀ ਬਾਨੋ, ਮੁਮਤਾਜ਼ ਸ਼ੀਰੀਂ, ਖਦੀਜਾ ਮਸਤੂਰ ਅਤੇ ਹਾਜਰਾ ਮਸਰੂਰ ਨੇ ਹੋਰ ਅੱਗੇ ਵਧਾਇਆ, ਮੁਕੰਮਲ ਤੌਰ ‘ਤੇ ‘ਅੰਗਾਰੇ’ ਵਿਚ ਮੌਜੂਦ ਸੀ। ਮੁਹੰਮਦ ਹਸਨ ਅਸਕਰੀ ਦੇ ਸ਼ਬਦਾਂ ਵਿਚ, “ਮੰਟੋ ਨੇ ਵੱਖਰਾ ਖੂਹ ਪੁੱਟ ਕੇ ਪਾਣੀ ਪੀਤਾ, ਭਾਵੇਂ ਉਹ ਪਾਣੀ ਖਾਰਾ ਸੀ।” ਉਹ ਖਾਰਾ ਪਾਣੀ ਵੀ ‘ਅੰਗਾਰੇ’ ਦੀਆਂ ਕਹਾਣੀਆਂ ਵਿਚ ਮੌਜੂਦ ਸੀ। ਇਹ ਖਾਰਾ ਪਾਣੀ, ਮਿੱਠਾ ਪਾਣੀ, ਤਿੱਖਾ ਪਾਣੀ, ਕੌੜਾ ਪਾਣੀ, ਇਹ ਸਾਰੇ ਪਾਣੀ ‘ਅੰਗਾਰੇ’ ਵਿਚ ਮੌਜੂਦ ਸਨ, ਜਿਨ੍ਹਾਂ ਉਰਦੂ ਅਦਬ ਨੂੰ ਸਰਸਬਜ਼ ਅਤੇ ਸ਼ਾਦਾਬ ਕੀਤਾ, ਜਿਸ ਨਾਲ ਉਰਦੂ ਅਦਬ ਨੇ ਨਵੀਆਂ ਸਿਖਰਾਂ ਛੂਹੀਆਂ ਅਤੇ ਜ਼ਮਾਨੇ ‘ਤੇ ਛਾ ਗਿਆ।
ਇਸ ਦੋ ਸੌ ਸਫੇ ਦੀ ਕਿਤਾਬ ਨੇ, ਜਿਸ ਵਿਚ 9 ਕਹਾਣੀਆਂ ਅਤੇ ਇੱਕ ਇਕਾਂਗੀ ਨਾਟਕ ਸੀ, ਉਰਦੂ ਸਾਹਿਤ ਵਿਚ ਵੱਡਾ ਨਿਰਣਾ ਕਰ ਦਿੱਤਾ। ਇਸ ਨੇ ਪੁਰਾਣੇ ਅਤੇ ਨਵੇਂ ਅਫਸਾਨੇ ਦਾ ਨਿਖੇੜਾ ਪੱਕੇ ਤੌਰ ‘ਤੇ ਕਰ ਦਿੱਤਾ। ਪ੍ਰੇਮ ਚੰਦ, ਸੁਦਰਸ਼ਨ, ਅਲੀ ਅੱਬਾਸ ਹੁਸੈਨੀ ਅਤੇ ਸੁਲਤਾਨ ਹੈਦਰ ਜੋਸ਼ ਨੂੰ ਛੱਡ ਕੇ ਸਾਰੇ ਪੁਰਾਣੇ ਲੇਖਕ ਰੱਦ ਹੋ ਗਏ। ਮਨਮਰਜ਼ੀ ਦੇ ਢੰਗ ਨਾਲ ਅੰਗਰੇਜ਼ੀ, ਫਰੈਂਚ, ਰੂਸੀ ਅਤੇ ਤੁਰਕੀ ਬੋਲੀ ਦੀਆਂ ਕਹਾਣੀਆਂ ਦੇ ਤਰਜਮੇ ਅਤੇ ਚੋਰੀ ਰੁਕ ਗਈ। ਇਸੇ ਕਿਤਾਬ ਦੇ ਇਕ ਸਹਿਯੋਗੀ ਲੇਖਕ ਅਹਿਮਦ ਅਲੀ ਨੇ ਇਹ ਸਾਰੀਆਂ ਗੱਲਾਂ ਆਪਣੇ ਇੱਕ ਲੇਖ ਵਿਚ ਸਾਹਮਣੇ ਲਿਆਂਦੀਆਂ ਹਨ। ਪ੍ਰਸਿੱਧ ਆਲੋਚਕ ਵੱਕਾਰ ਅਜ਼ੀਮ ਅਤੇ ਕਮਰ ਰਈਸ ਇਨ੍ਹਾਂ ਨੂੰ ਤਸਲੀਮ ਕਰਦੇ ਹਨ।
‘ਅੰਗਾਰੇ’ ਦਸੰਬਰ 1932 ਵਿਚ ਛਪੀ। ਨੌਜਵਾਨ ਵਰਗ ਤੋਂ ਛੁੱਟ ਸਾਰੇ ਸੁਚੇਤ ਅਤੇ ਸਹਿਜਭਾਵੀ ਸਾਹਿਤਕਾਰਾਂ ਨੇ ਇਸ ਦਾ ਸੁਆਗਤ ਕੀਤਾ। ਮੌਲਵੀ ਅਬਦੁਲ ਹੱਕ ਐਡੀਟਰ ਉਰਦੂ ਅਤੇ ਪੰਡਿਤ ਦਇਆ ਨਾਰਾਇਣ ਨਿਗਮ ਤੋਂ ਲੈ ਕੇ ਜਾਫਰੀ, ਫੈਜ਼ ਅਤੇ ਡਾ. ਅਖਤਰ ਹੁਸੈਨ ਰਾਇਪੁਰੀ ਤੱਕ ਮਿਲਦੇ ਸਾਰੇ ਸੋਮਿਆਂ ਵਿਚ ਇਸ ਕਿਤਾਬ ਬਾਰੇ ਪ੍ਰਾਪਤ ਵਾਕਫੀ ਤੇ ਸੂਚਨਾ ਅਨੁਸਾਰ ਇਹ ਇੱਕ ਅਹਿਮ ਕਿਤਾਬ ਸੀ, ਜਿਸ ਨਾਲ ਸਾਹਿਤ ਖੇਤਰ ਵਿਚ ਇੱਕ ਨਵਾਂ ਬਿਗਲ ਵੱਜਿਆ, ਜੋ ਲਗਾਤਾਰ ਵੱਜਦਾ ਗਿਆ। ਇਸ ਲਈ ਇਸ ਨੂੰ ਜੀ ਆਇਆਂ ਕਿਹਾ ਗਿਆ।
ਦੂਜੇ ਪਾਸੇ ਧਾਰਮਿਕ ਅੰਧਵਿਸ਼ਵਾਸੀ, ਦਕੀਆਨੂਸੀ ਅਤੇ ਔਰਤ ਵਿਰੋਧੀ ਪਿਛਾਖੜੀ ਤਾਕਤਾਂ ਨੇ ਇਸ ਨੂੰ ਇਸਲਾਮ ਤੇ ਮੁਸਲਿਮ ਵਿਰੋਧੀ ਅਤੇ ਅਸ਼ਲੀਲ ਗਰਦਾਨਿਆ। ਉਨ੍ਹਾਂ ‘ਅੰਗਾਰੇ’ ਖਿਲਾਫ ਏਨਾ ਹੰਗਾਮੇ ਭਰਿਆ ਹੋ ਹੱਲਾ ਕੀਤਾ ਕਿ ਉਤਰ ਪ੍ਰਦੇਸ਼ ਦੇ ਗਵਰਨਰ ਦੀ 25 ਮਾਰਚ 1933 ਨੂੰ ਕੀਤੀ ਗਈ ਵਜ਼ਾਰਤੀ ਕੌਂਸਲ ਦੀ ਮੀਟਿੰਗ ਵਿਚ ਕਿਤਾਬ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਉਸ ‘ਤੇ ਪਾਬੰਦੀ ਲਾ ਦਿੱਤੀ ਗਈ। ਸਾਰੀਆਂ ਕਿਤਾਬਾਂ ਬਾਹੱਕ ਸਰਕਾਰ ਜ਼ਬਤ ਹੋ ਗਈਆਂ ਅਤੇ ਬਚੀਆਂ-ਖੁਚੀਆਂ ਸੜ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਛਿਆਸੀ ਸਾਲ ਹੋਣ ਨੂੰ ਹਨ, ਕਿਤਾਬ ਕਿਤੇ ਵੇਖਣ ਨੂੰ ਵੀ ਨਹੀਂ ਮਿਲਦੀ।
ਸਰਕਾਰ ਦਾ ਫੈਸਲਾ ਜਿੰਨਾ ਸਖਤ ਤੇ ਤਿੱਖਾ ਸੀ, ਓਨਾ ਹੀ ਸਖਤ ਤੇ ਤਿੱਖਾ ਲੋਕਾਂ ਦਾ ਪ੍ਰਤੀਕ੍ਰਮ ਹੋਇਆ। ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਇਸ ਦਾ ਵਿਰੋਧ ਕੀਤਾ। ਸਭ ਤੋਂ ਤੇਜ਼ ਅਤੇ ਉਗਰ ਵਿਰੋਧ ਪੰਡਿਤ ਦਇਆ ਨਾਰਾਇਣ ਨਿਗਮ ਨੇ ਆਪਣੇ ਮਾਸਿਕ ਪੱਤਰ ‘ਜ਼ਮਾਨਾ’ ਦੇ ਮਈ 1933 ਦੇ ਪਰਚੇ ਵਿਚ ਕੀਤਾ। ਉਨ੍ਹਾਂ ਆਪਣੇ ਤਬਸਰੇ ਵਿਚ ਇਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਜਿਵੇਂ ਕਿਸੇ ਹੀਰੋ ਦੀ ਮੌਤ ਹੋ ਗਈ ਹੋਵੇ। ਇਸ ਨੂੰ ਆਮ ਜਨਤਾ ਨੇ ਕੌਮੀ ਬੇਇਜਤੀ ਮੰਨੀ ਅਤੇ ਉਹ ਕਿਤਾਬ ਦੇ ਹੱਕ ਵਿਚ ਪੂਰੇ ਜੋਸ਼ ਵਿਚ ਸਾਹਮਣੇ ਆਏ। ਅਜਿਹੇ ਮਾਹੌਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਾਠਕਾਂ ਨੇ ਆਪਣੇ ਦੋਸਤਾਂ-ਮਿੱਤਰਾਂ ਕੋਲ ਪਈਆਂ ਕਿਤਾਬਾਂ ਮੰਗ ਮੰਗ ਕੇ ਤੇ ਲੁਕ-ਛਿਪ ਕੇ ਪੜ੍ਹੀਆਂ। ਉਵੇਂ ਹੀ, ਜਿਵੇਂ ਐਮਰਜੈਂਸੀ ਦੇ ਦਿਨਾਂ ਵਿਚ ਸਿੰਘਾਪੁਰ ਤੋਂ ਛਪ ਕੇ ਆਏ ਨਾਵਲ ‘ਲਹੂ ਦੀ ਲੋਅ’ ਨੂੰ ਪੰਜਾਬ ਵਿਚ ਪੜ੍ਹਿਆ ਗਿਆ ਸੀ। ਇਸ ਨਾਲ ‘ਅੰਗਾਰੇ’ ਬੇਹੱਦ ਮਕਬੂਲ ਅਤੇ ਹਰਮਨ ਪਿਆਰੀ ਹੋ ਗਈ, ਜੋ ਉਰਦੂ ਪ੍ਰਗਤੀਵਾਦੀ ਸਾਹਿਤ ਦਾ ਪੱਕੇ ਤੌਰ ‘ਤੇ ਪ੍ਰੇਰਨਾ ਸਰੋਤ ਅਤੇ ਆਧਾਰ ਬਣ ਗਈ।