ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਤੇਗ ਬਹਾਦਰ ਨੇ ਮਨੁੱਖ ਦੇ ਆਪਣੇ ਇਸ਼ਟ ਨੂੰ ਮੰਨਣ ਦੇ ਮੂਲ ਮਨੁੱਖੀ ਅਧਿਕਾਰ ਦੀ ਰੱਖਿਆ ਲਈ ਆਪਣਾ ਸੀਸ ਦਿੱਲੀ ਜਾ ਕੇ ਵਾਰਿਆ ਜਿਸ ਦੇ ਤਤਕਾਲੀ ਪ੍ਰਭਾਵ ਪੈਣੇ ਕੁਦਰਤੀ ਗੱਲ ਸੀ| ਉਨ੍ਹਾਂ ਦੀ ਸ਼ਹਾਦਤ ਨੇ ਵੱਡੇ ਪੱਧਰ ‘ਤੇ ਪਸਰੇ ਜ਼ੁਲਮ ਤੇ ਕੱਟੜਤਾ ਨੂੰ ਮੰਨਣ ਤੋਂ ਇਨਕਾਰ ਕਰਨ ਅਤੇ ਇਸ ਦਾ ਟਾਕਰਾ ਕਰਨ ਦਾ ਰਸਤਾ ਅਖਤਿਆਰ ਕਰਨਾ ਸੁਝਾਇਆ| ਇਸ ਨੇ ਸਮਾਜ ਲਈ ਇੱਕ ਨਵਾਂ ਭਵਿੱਖ ਸਿਰਜਣ ਵੱਲ ਸੰਕੇਤ ਕੀਤਾ, ਇੱਕ ਅਜਿਹਾ ਭਵਿੱਖ ਜੋ ਜ਼ੁਲਮ ਅਤੇ ਅਸਹਿਣਸ਼ੀਲਤਾ ਤੋਂ ਬਿਲਕੁਲ ਆਜ਼ਾਦ ਹੋਵੇ|

ਗੁਰੂ ਗੋਬਿੰਦ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖ ਸਮਾਜ ਨੂੰ ਇਸ ਤਰ੍ਹਾਂ ਦੇ ਸੰਗਠਨ ਦੀ ਲੋੜ ਹੈ ਜਿਸ ਵਿਚ ਅੰਦਰੂਨੀ ਇੱਕਮੁਠਤਾ ਹੋਵੇ ਅਤੇ ਜੋ ਬਾਹਰੀ ਸੁਰੱਖਿਆ ਮੁਹੱਈਆ ਕਰ ਸਕੇ| ਇਸ ਲਈ ਉਨ੍ਹਾਂ ਨੇ ਪੁਰਾਣੀ ਚਰਨ-ਪਾਹੁਲ ਦੀ ਰਸਮ ਨੂੰ ਨਵੀਂ ਰਸਮ ਖੰਡੇ ਦੀ ਪਾਹੁਲ ਵਿਚ ਬਦਲਣ ਦਾ ਵਿਚਾਰ ਲਿਆਂਦਾ ਜਿਸ ਨਾਲ ਗੁਰੂ ਨਾਨਕ ਦੇ ਸਿਰਜੇ ‘ਪੰਥ’ (ਰਸਤੇ) ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਨਵਾਂ ਰੂਪ ਦਿੱਤਾ ਜਾ ਸਕੇ|
ਇਹ ਕੋਈ ਰਾਤੋ-ਰਾਤ ਵਾਪਰੀ ਘਟਨਾ ਨਹੀਂ ਸੀ| ਇਸ ਨੂੰ ਭਾਈ ਗੁਰਦਾਸ ਦੂਜੇ ਨੇ ਅਕਾਲ ਪੁਰਖ ਦੇ ਹੁਕਮ ਵਿਚ ਉਪਜੇ ਆਤਮ ਗਿਆਨ ਵਿਚ ਵਾਪਰਿਆ ਕੌਤਕ ਕਿਹਾ ਹੈ, “ਗੁਰੁਬਰਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ| ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।” ਇਹ ਇੱਕ ਸਹਿਜ ਅਮਲ ਸੀ ਜਿਸ ਦੀ ਨੀਂਹ ਗੁਰੂ ਨਾਨਕ ਨੇ ‘ਸਿਰ ਧਰ ਤਲੀ ਗਲੀ ਮੇਰੀ ਆਉ’ ਕਹਿ ਕੇ ਧਰੀ ਸੀ, ਪਰ ਸਦੀਆਂ ਤੋਂ ਦਬੀ-ਕੁਚਲੀ, ਗੁਲਾਮੀ ਦਾ ਸੰਤਾਪ ਹੰਢਾ ਰਹੀ ਲੋਕਾਈ ਇਸ ਇਨਕਲਾਬੀ ਤਬਦੀਲੀ ਵਾਸਤੇ ਮਾਨਸਿਕ ਤੌਰ ‘ਤੇ ਰਾਤੋ-ਰਾਤ ਤਿਆਰ ਨਹੀਂ ਸੀ ਹੋ ਸਕਦੀ| ਗਲੀਆਂ-ਸੜੀਆਂ ਸਮਾਜਕ ਰਹੁ-ਰੀਤਾਂ ਅਤੇ ਕਰਮ-ਕਾਂਡੀ ਧਾਰਮਿਕ ਵਿਧੀਆਂ ਨਾਲ ਜੰਗਾਲੀ ਮਾਨਸਿਕਤਾ ਨੂੰ ਸਵੱਛਤਾ ਅਤੇ ਨਿਰਮਲਤਾ ਵਿਚ ਤਬਦੀਲ ਕਰਨ ਲਈ ਲੰਬਾ ਸਮਾਂ ਚਾਹੀਦਾ ਸੀ| ਅਜਿਹੀ ਮਾਨਸਿਕਤਾ ਨੂੰ ਤਿਆਰ ਕਰਨ ਲਈ, ਜੋ ਇਸ ਇਨਕਲਾਬੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਸਕਣ ਦੇ ਯੋਗ ਹੋਵੇ, ਪੂਰੀਆਂ ਦਸ ਪੀੜ੍ਹੀਆਂ ਲੱਗੀਆਂ ਅਰਥਾਤ ਗੁਰੂ ਨਾਨਕ ਸਾਹਿਬ, ਬਾਨੀ ਗੁਰੂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਆਖਰੀ ਅਤੇ ਦਸਵੇਂ ਸਰੀਰਕ ਗੁਰੂ ਤੱਕ ਅਤੇ ਕਰੀਬ ਢਾਈ ਸੌ ਸਾਲ ਦੇ ਯਤਨਾਂ ਤੋਂ ਬਾਅਦ ਹੀ ਅਜਿਹੀ ਮਾਨਸਿਕਤਾ ਦੀ ਤਿਆਰੀ ਸੰਭਵ ਹੋ ਸਕੀ| ਇਸ ਤਰ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਸੰਗਤਿ ਨੂੰ ਖਾਲਸੇ ਵਿਚ ਤਬਦੀਲ ਕਰਕੇ ਉਨ੍ਹਾਂ ਇੱਕ ਐਸੀ ਇਨਕਲਾਬੀ ਸ਼ਕਤੀ ਤਿਆਰ ਕੀਤੀ ਜੋ ਜ਼ੁਲਮ ਅਤੇ ਅਨਿਆਂ ਨਾਲ ਟੱਕਰ ਲੈ ਸਕੇ|
ਖਾਲਸਾ ਸਿਰਜਣਾ ਦੇ ਇਸ ਅਦੁੱਤੀ ਕੌਤਕ ਨਾਲ ਕੁੱਝ ਹੀ ਦਿਨਾਂ ਵਿਚ ਕਰੀਬ ਇੱਕ ਲੱਖ ਸਿੱਖ ਸੰਗਤਿ ਨੇ ਅੰਮ੍ਰਿਤ ਛਕ ਕੇ ਖਾਲਸੇ ਦਾ ਰੂਪ ਅਖਤਿਆਰ ਕਰ ਲਿਆ| ਅੰਮ੍ਰਿਤ ਛਕਣ ਵਾਲੀ ਇਹ ਸਿੱਖ ਸੰਗਤਿ ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਵਹੀਰਾਂ ਘੱਤ ਕੇ ਆਈ ਸੀ| ਇਸ ਕੌਤਕ ਨੇ ਨਾ ਸਿਰਫ ਕਮਜ਼ੋਰ ਕਹੇ ਜਾਣ ਵਾਲੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਖਾਲਸੇ ਦਾ ਰੂਪ ਦੇ ਦਿੱਤਾ ਬਲਕਿ ਹਜਾਰਾਂ ਸਾਲਾਂ ਤੋਂ ਪਏ ਜਾਤ-ਪਾਤ, ਊਚ-ਨੀਚ ਦੇ ਵਖਰੇਵਿਆਂ ਅਤੇ ਬੰਧਨਾਂ ਨੂੰ ਦੂਰ ਕਰ ਦਿੱਤਾ| ਵਾਕਿਆ ਹੀ ਇਹ ਇੱਕ ਨਿਰਾਲਾ ਕੌਤਕ ਸੀ ਜਿਸ ਨੇ ਜਾਦੂ ਵਰਗਾ ਕੰਮ ਕੀਤਾ, ਮਨੁੱਖ ਦਾ ਕਾਇਆ ਕਲਪ ਕਰ ਦਿੱਤਾ| ਅੰਮ੍ਰਿਤ ਛਕਣ ਤੋਂ ਬਾਅਦ ਇੱਕ ਵਿਅਕਤੀ ਖਾਲਸਾ ਪੰਥ ਦੇ ਦੂਜੇ ਮੈਂਬਰਾਂ ਵਰਗਾ ਹੀ ਹੱਕ ਰੱਖਣ ਦਾ ਅਧਿਕਾਰੀ ਹੋ ਗਿਆ ਭਾਵੇਂ ਉਹ ਸਮਾਜ ਦੇ ਕਿਸੇ ਵੀ ਵਰਗ ਵਿਚੋਂ ਆਇਆ ਸੀ|
ਤੇਜਾ ਸਿੰਘ ਅਤੇ ਗੰਡਾ ਸਿੰਘ ਨੇ ਜਿਵੇਂ ‘ਏ ਸ਼ੌਰਟ ਹਿਸਟਰੀ ਆਫ ਦਾ ਸਿੱਖਸ’ ਵਿਚ ਕਿਹਾ ਹੈ ਕਿ ਉਹ ਲੋਕ ਵੀ ਜਿਨ੍ਹਾਂ ਨੂੰ ਮਨੁੱਖੀ ਸਮਾਜ ਵਿਚ ਨੀਵੇਂ ਮੰਨਿਆ ਜਾਂਦਾ ਸੀ, ਜਿਵੇਂ ਕੋਈ ਜਾਦੂ ਹੋ ਗਿਆ ਹੋਵੇ, ਕੁੱਝ ਅਜਿਹੇ ਵਿਚ ਤਬਦੀਲ ਹੋ ਗਏ ਜੋ ਅਮੀਰ ਅਤੇ ਨਿਰਾਲਾ ਸੀ| ਝਾੜੂ ਫੇਰਨ ਵਾਲੇ, ਨਾਈ ਅਤੇ ਹਲਵਾਈ, ਜਿਨ੍ਹਾਂ ਨੇ ਕਦੇ ਤਲਵਾਰ ਨੂੰ ਛੂਹਿਆ ਤੱਕ ਨਹੀਂ ਸੀ ਅਤੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਉਚੀਆਂ ਕਹੀਆਂ ਜਾਂਦੀਆਂ ਜਮਾਤਾਂ ਦੇ ਦਾਸ ਬਣ ਕੇ ਜੀਵਨ ਗੁਜ਼ਾਰਦੇ ਰਹੇ ਸਨ, ਗੁਰੂ ਗੋਬਿੰਦ ਸਿੰਘ ਦੀ ਉਤਸ਼ਾਹਿਤ ਅਗਵਾਈ ਹੇਠ ਹਿੰਮਤੀ ਯੋਧੇ ਬਣ ਗਏ ਜੋ ਡਰ ਤੋਂ ਕੰਬੇ ਨਹੀਂ ਅਤੇ ਗੁਰੂ ਦੇ ਹੁਕਮ ‘ਤੇ ਮੌਤ ਦੇ ਜਬਾੜ੍ਹਿਆਂ ਵਿਚ ਜਾਣ ਲਈ ਤਿਆਰ ਸਨ|
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਬਿਲਕੁਲ ਨਵੇਂ ਲੋਕਾਂ ਦੀ ਸਿਰਜਣਾ ਕਰ ਦਿੱਤੀ ਅਤੇ ਭਾਰਤੀ ਇਤਿਹਾਸ ਦੇ ਅਖਾੜੇ ਵਿਚ ਇੱਕ ਨਵੀਂ ਗਤੀਸ਼ੀਲ ਸ਼ਕਤੀ ਦਾ ਸੰਚਾਰ ਕਰ ਦਿੱਤਾ| ਗੁਰੂ ਗੋਬਿੰਦ ਸਿੰਘ ਨੇ ਖਾਲਸੇ ਵਿਚ ਆਪਣੀ ਤਾਕਤ ਭਰ ਦਿੱਤੀ, ਖਾਲਸੇ ਨੂੰ ਆਪਣਾ ਸਰੂਪ ਦੇ ਦਿੱਤਾ ਤਾਂ ਕਿ ਉਹ ਭਵਿੱਖ ਦੀ ਵਾਗਡੋਰ ਸੰਭਾਲ ਸਕੇ| ਇਸੇ ਨੂੰ ‘ਖਾਲਸਾ ਮੇਰੋ ਰੂਪ ਹੈ ਖਾਸ| ਖਾਲਸੇ ਮੇਂ ਹਉਂ ਕਰੋਂ ਨਿਵਾਸ’ ਕਿਹਾ ਹੈ| ਕੁੱਝ ਇਸੇ ਕਿਸਮ ਦਾ ਪ੍ਰਗਟਾਵਾ ਸਵੈਯਾਂ ਵਿਚ ਕੀਤਾ ਹੈ:
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ|
ਅਘ ਅਉਧ ਟਰੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ|
ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈਂ
ਨਹੀਂ ਮੋਸੋ ਗਰੀਬ ਕਰੋਰ ਪਰੇ॥2
ਸੇਵ ਕਰੀ ਇਨ ਹੀ ਕੀ ਭਾਵਤ
ਅਉਰ ਕੀ ਸੇਵ ਸੁਹਾਤ ਨ ਜੀਕੋ|
ਦਾਨ ਦਯੋ ਇਨ ਹੀ ਕੋ ਭਲੋ
ਅਰੁ ਆਨਕੋ ਦਾਨ ਨ ਲਾਗਤ ਨੀਕੋ|
ਆਗੈ ਫਲੈ ਇਨ ਹੀ ਕੋ ਦਯੋ
ਜਗ ਮੈ ਜਸੁ ਅਉਰ ਦਯੋ ਸਭ ਫੀਕੋ|
ਮੋ ਗ੍ਰਹ ਮੈ ਤਨ ਤੇ ਮਨ ਤੇ
ਸਿਰ ਲਉ ਧਨ ਹੈ ਸਬ ਹੀ ਇਨਹੀ ਕੋ॥3
ਆਪਣੀ ਇਸੇ ਭਵਿੱਖ-ਮੁਖੀ ਦ੍ਰਿਸ਼ਟੀ ਦੀ ਪੂਰਤੀ ਉਨ੍ਹਾਂ ਨੇ 1708 ਈਸਵੀ ਵਿਚ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਦੇ ਕੇ, ਸ਼ਬਦ ਗੁਰੂ ਦੀ ਅਗਵਾਈ ਵਿਚ ਪੰਥ ਨੂੰ ਆਪਣੇ ਫੈਸਲੇ ਕਰਨ ਦਾ ਹੱਕ ਦੇ ਕੇ ਕੀਤੀ| ਉਨ੍ਹਾਂ ਨੇ ਸੰਗਤਿ ਨਾਲ ਆਪਣੀ ਪਛਾਣ ਨੂੰ ਇੱਕ ਰੂਪ ਕਰਦਿਆਂ ਸੰਸਾਰ ਦੇ ਚਿਤਰਪਟ ਤੇ ਅਧਿਆਤਮਕਤਾ ਦੇ ਖੇਤਰ ਵਿਚ ਇੱਕ ਬਿਲਕੁਲ ਹੀ ਅਦੁੱਤੀ ਮਿਸਾਲ ਕਾਇਮ ਕਰ ਦਿੱਤੀ ਅਤੇ ਪੰਜ ਪਿਆਰੇ ਸਾਜਣ ਤੋਂ ਬਾਅਦ ਉਨ੍ਹਾਂ ਦੇ ਹੀ ਹੱਥੋਂ ਆਪ ਉਸੇ ਅਮਲ ਰਾਹੀਂ ਅੰਮ੍ਰਿਤ ਪਾਨ ਕੀਤਾ| ਇਸੇ ਦਾ ਜ਼ਿਕਰ ਭਾਈ ਗੁਰਦਾਸ ਦੂਜੇ ਨੇ ਇਸ ਤਰ੍ਹਾਂ ਕੀਤਾ ਹੈ:
ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ|
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ|
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥1॥
ਇੱਕ ਪਾਸੇ ਗੁਰੂ ‘ਅਕਾਲ ਰੂਪੁ’ ਹੈ ਅਤੇ ਦੂਸਰੇ ਪਾਸੇ ‘ਖਾਲਸਾ ਮੇਰੋ ਰੂਪੁ ਹੈ ਖਾਸ’ ਦਾ ਐਲਾਨਨਾਮਾ ਹੈ ਜਿਸ ਨੇ ਖਾਲਸਾ-ਸਰੂਪ ਸਤਿ ਸੰਗਤਿ ਨੂੰ ਸਮੂਹਕ ਇਕਜੁਟਤਾ ਦੇ ਰੂਪ ਵਿਚ ਦੈਵੀ ਚਰਿੱਤਰ ਪ੍ਰਦਾਨ ਕੀਤਾ| ਧਿਆਨ ਦੇਣ ਯੋਗ ਤੱਥ ਇਹ ਹੈ ਕਿ ਫੈਸਲੇ ਲੈਣ ਲਈ ਗੁਰੂ ਰੂਪ ਹੋਣ ਦਾ ਇਹ ਦੈਵੀ ਚਰਿੱਤਰ ਜਾਂ ਦੈਵੀ ਗੁਣ ਕਿਸੇ ਇਕੱਲੇ-ਇਕਹਿਰੇ ਵਿਅਕਤੀ ਨੂੰ ਨਹੀਂ ਦਿੱਤਾ ਗਿਆ, ਖਾਲਸੇ ਨੂੰ ਸਮੁੱਚਤਾ ਦੇ ਰੂਪ ਵਿਚ ਦਿੱਤਾ ਗਿਆ ਹੈ| ਬਲਕਿ ਸ਼ਬਦ ਗੁਰੂ ਦੇ ਗਿਆਨ ਦੀ ਰੋਸ਼ਨੀ ਵਿਚ ਗੁਰੂ ਸ਼ਬਦ ਨਾਲ ਇੱਕਸੁਰ ਹੋ ਕੇ ਕੀਤੇ ਸਮੁੱਚਤਾ ਦੇ ਫੈਸਲੇ ਨੂੰ ਕਿਸੇ ਇਕੱਲੇ-ਇਕਹਿਰੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਬਦਲਣ ਦਾ ਹੱਕ ਨਹੀਂ ਹੈ| ਇਸ ਦੀ ਮਿਸਾਲ ਦਸਮ ਪਾਤਿਸ਼ਾਹ ਹਜ਼ੂਰ ਨੇ ਪੰਜ ਸਿੰਘਾਂ ਦੇ ਰੂਪ ਵਿਚ ਬੇਨਤੀ ਕੀਤੇ ਜਾਣ ‘ਤੇ ਕਾਇਮ ਕੀਤੀ ਜਦੋਂ ਖਾਲਸੇ ਦਾ ਹੁਕਮ ਮੰਨਦਿਆਂ ਉਨ੍ਹਾਂ ਨੇ ਚਮਕੌਰ ਦੀ ਗੜ੍ਹੀ ਛੱਡਣ ਦਾ ਫੈਸਲਾ ਕੀਤਾ| ਇਸ ਤਰ੍ਹਾਂ ਸਮੂਹਕ ਫੈਸਲੇ ਨੂੰ ਰੱਦ ਕਰਨ ਦਾ ਹੱਕ ਉਨ੍ਹਾਂ ਨੇ ਕਿਸੇ ਇੱਕਲੇ ਵਿਅਕਤੀ ਨੂੰ ਨਹੀਂ ਦਿੱਤਾ ਅਤੇ ਨਾ ਹੀ ਇਕੱਲੇ ਵਿਅਕਤੀ ਨੂੰ ਸਮੂਹਕ ਖਾਲਸੇ ਉਤੇ ਆਪਣਾ ਹੁਕਮ ਲੱਦਣ ਦਾ ਹੱਕ ਦਿੱਤਾ| ਇਸ ਤੋਂ ਇਹ ਸਿੱਟਾ ਵੀ ਕੱਢਣ ਦੀ ਸੰਭਾਵਨਾ ਬਣ ਜਾਂਦੀ ਹੈ ਕਿ ਉਨ੍ਹਾਂ ਨੇ ਖਾਲਸੇ ਨੂੰ ਭਵਿੱਖ ਵਿਚ ਆਪਣੇ ਮਸਲੇ ਸੰਗਤੀ ਰੂਪ ਵਿਚ ਸੋਚ-ਵਿਚਾਰ ਕੇ ਕਰਨ ਦਾ ਆਦੇਸ਼ ਕੀਤਾ ਤਾਂ ਕਿ ਵਕਤ ਆਉਣ ‘ਤੇ ਕਿਸੇ ਵੀ ਮਸਲੇ ਨੂੰ ਸਮੂਹਕ ਸਮਝ ਰਾਹੀਂ ਸੁਲਝਾਇਆ ਜਾ ਸਕੇ| ਇਸੇ ਵਿਚੋਂ ‘ਗੁਰੂ 20 ਵਿਸਵੇ, ਸੰਗਤਿ 21 ਵਿਸਵੇ’ ਦੀ ਪਰੰਪਰਾ ਕਾਇਮ ਹੋਈ| ਇੱਥੇ ਧਿਆਨ ਦੇਣ ਯੋਗ ਨੁਕਤਾ ਇਹ ਵੀ ਹੈ ਕਿ ਇਸ ਦਾ ਤਰਕ ਇਹ ਬਣਦਾ ਹੈ ਕਿ ਸੰਗਤਿ 21 ਵਿਸਵੇ ਇਸ ਲਈ ਹੈ ਕਿਉਂਕਿ ਗੁਰੂ ਉਸ ਵਿਚ ਬਿਰਾਜਮਾਨ ਹੈ, ਆਪ ਵੱਸ ਰਿਹਾ ਹੈ, ਸੰਗਤਿ ਸ਼ਬਦ ਗੁਰੂ ਦੀ ਅਨੁਸਾਰੀ ਹੋ ਕੇ ਕਾਰਜ ਕਰ ਰਹੀ ਹੈ| ਗੁਰੂ ਨੇ ਸੰਗਤਿ ਨੂੰ ਖਾਲਸੇ ਦਾ ਸਰੂਪ ਵਾਹਿਗੁਰੂ (ਅਕਾਲ ਪੁਰਖ) ਦਾ ਖਾਲਸਾ ਬਣਾ ਕੇ ਬਖਸ਼ਿਸ਼ ਕੀਤਾ|
ਇਤਿਹਾਸਕਾਰਾਂ ਅਨੁਸਾਰ ਦਸਮ ਗੁਰੂ ਨੇ ਖਾਲਸੇ ਦੀ ਸਿਰਜਣਾ ਇੱਕ ਅਜਿਹਾ ਸਮਾਜ-ਸਮੂਹ ਬਣਾਉਣ ਲਈ ਕੀਤੀ ਜੋ ਆਪ ਅਧਿਆਤਮਕ ਗੁਣਾਂ ਨਾਲ ਭਰਪੂਰ ਜ਼ਿੰਦਗੀ ਜੀਵੇ ਅਤੇ ਆਮ ਲੋਕਾਈ ਦੀ ਜ਼ੁਲਮ ਅਤੇ ਬੁਰਾਈ ਤੋਂ ਰੱਖਿਆ ਕਰਨ ਦੇ ਯੋਗ ਹੋ ਸਕੇ| ਸਿੱਖ ਨੂੰ ਆਪਣੇ ਮੂਲ ਚਰਿਤਰ, ਇੱਕ ਚੰਗਾ ਅਤੇ ਗੁਣੀ ਵਿਅਕਤੀ ਹੋਣ ਤੋਂ ਵਿਚਲਿਤ ਹੋਣ ਦੀ ਆਗਿਆ ਨਹੀਂ ਹੈ, ਭੈੜੇ ਤੋਂ ਭੈੜੇ ਹਾਲਾਤ ਵਿਚ ਵੀ ਆਪਣੀ ਅੱਛਾਈ ਅਤੇ ਗੁਣਾਂ ਦਾ ਤਿਆਗ ਕਰਨ ਜਾਂ ਬਦਲਣ ਦੀ ਆਗਿਆ ਨਹੀਂ ਹੈ| ਇਨ੍ਹਾਂ ਗੁਣਾਂ ਦਾ ਤਿਆਗ ਕਰਨ ਦਾ ਅਰਥ ਹੈ, ਗੁਰੂ ਦੇ ਹੁਕਮ ਵੱਲ ਪਿੱਠ ਕਰਨਾ, ਗੁਰੂ ਤੋਂ ਬੇਮੁੱਖ ਹੋਣਾ| ਇਸੇ ਕਰਕੇ ਮੁਗਲਾਂ ਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਉਨ੍ਹਾਂ ਨਾਲ ਯੁੱਧ ਕਰਦਿਆਂ ਜਿੱਤ ਦੀ ਸੂਰਤ ਵਿਚ ਵੀ ਖਾਲਸੇ ਨੇ ਇਸਤਰੀਆਂ ਦੀ ਇੱਜਤ ਦਾ ਪੂਰਾ ਖਿਆਲ ਰੱਖਿਆ, ਇਸ ਕਿਸਮ ਦੇ ਕਿਸੇ ਬਦਲੇ ਦੀ ਆਗਿਆ ਗੁਰੂ ਮਹਾਰਾਜ ਨੇ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਦੀ ਲੋਚਾ ਹਰ ਤਰ੍ਹਾਂ ਨਾਲ ਆਪਣੇ ਖਾਲਸੇ ਨੂੰ ਇੱਕ ਉਚ ਪਾਏ ਦੇ ਚਰਿੱਤਰ ਦਾ ਮਾਲਕ ਬਣਾਉਣਾ ਸੀ, ਜੋ ਮਜ਼ਲੂਮ ਦੀ ਰੱਖਿਆ ਕਰੇ ਅਤੇ ਪਾਪ-ਜ਼ੁਲਮ ਨੂੰ ਠੱਲ ਪਾਵੇ|
ਦਸ਼ਮੇਸ਼ ਪਿਤਾ ਨੇ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਕੇ ਅਤੇ ਫਿਰ ਉਸੇ ਖਾਲਸੇ ਦੇ ਹੱਥੋਂ ਆਪ ਅੰਮ੍ਰਿਤ ਛੱਕ ਕੇ, ਆਪਣੇ ਲਈ ਅਤੇ ਖਾਲਸੇ ਲਈ ਇੱਕੋ ਜਿਹੀ ਰਹਿਤ ਨਿਰਧਾਰਤ ਕਰਕੇ, ਖਾਲਸੇ ਨੂੰ ਪੂਰੇ ਹਕੂਕ ਦੇ ਕੇ ਅਸਲੀ ਅਰਥਾਂ ਵਿਚ ਪਹਿਲੀ ਵਾਰ ਹਿੰਦੁਸਤਾਨੀ ਧਰਤੀ ‘ਤੇ ਇੱਕ ਨਿਵੇਕਲੇ ਕਿਸਮ ਦੇ ਲੋਕਤੰਤਰ ਦੀ ਨੀਂਹ ਰੱਖੀ ਜਿਸ ਵਿਚ ਬਿਨਾ ਕਿਸੇ ਜਾਤ-ਪਾਤ, ਊਚ-ਨੀਚ ਦੇ ਵਖਰੇਵੇਂ ਦੇ ਸਭ ਬਰਾਬਰੀ ਦੇ ਭਾਈਵਾਲ ਬਣ ਗਏ| ਇਹ ਇੱਕ ਨਿਵੇਕਲੀ ਕਿਸਮ ਦਾ ਸਮਾਜਵਾਦ ਸੀ ਜਿਸ ਦਾ ਮੂਲ ਆਧਾਰ ਅਧਿਆਤਮਕ ਸਿਧਾਂਤ ਬਣੇ| ਉਨ੍ਹਾਂ ਨੇ ਜ਼ੁਲਮ ਅਤੇ ਅਨਿਆਂ ਨਾਲ ਵੈਰ ਕਰਨਾ ਸਿਖਾਇਆ, ਨਾ ਕਿ ਮਨੁੱਖ ਦਾ ਮਨੁੱਖ ਨਾਲ ਵੈਰ ਜੋ ਕਿਸੇ ਧਾਰਮਿਕ ਅਕੀਦੇ ਜਾਂ ਅਜਿਹੇ ਕਿਸੇ ਹੋਰ ਵਖਰੇਵੇਂ ਕਾਰਨ ਹੋਵੇ| ਗੁਰੂ ਨੇ ਖਾਲਸੇ ਨੂੰ ਸਿਖਾਇਆ ਕਿ ਮਨੁੱਖ ਦਾ ਤਾਕਤਵਰ ਹੋਣਾ ਬੁਰਾ ਨਹੀਂ, ਬੁਰਾਈ ਉਸ ਤਾਕਤ ਦੀ ਗਲਤ ਵਰਤੋਂ ਕਰਨ ਵਿਚ ਹੈ, ਉਸ ਦੀ ਵਰਤੋਂ ਕਿਸੇ ਤੇ ਜ਼ੁਲਮ ਕਰਨ ਅਤੇ ਅਨਿਆਂ ਕਰਨ ਵਿਚ ਹੈ| ਇਹੀ ਵਜ੍ਹਾ ਸੀ ਕਿ ਉਨ੍ਹਾਂ ਨੇ ਖਾਲਸੇ ਦੇ ਪੰਜ ਕੱਕਾਰਾਂ ਵਿਚ ਸ਼ਾਮਲ, ਉਸ ਦੇ ਪਹਿਨੇ ਜਾਣ ਵਾਲੀ ਤਲਵਾਰ ਨੂੰ ਕ੍ਰਿਪਾਨ ਦਾ ਨਾਮ ਦਿੱਤਾ ਤਾਂ ਕਿ ਉਸ ਦੀ ਵਰਤੋਂ ਕਦੇ ਵੀ ਕਿਸੇ ਗਲਤ ਮਨਸੂਬੇ ਨਾਲ ਨਾ ਕੀਤੀ ਜਾਵੇ| ਸਾਰੇ ਮਨੁੱਖ ਉਸੇ ਇੱਕ ਵਾਹਿਗੁਰੂ ਦਾ ਪਰਗਟ ਸਰੂਪ ਹੋਣ ਦੇ ਨਾਤੇ ਆਪਸ ਵਿਚ ਭਾਈਵੰਦ ਅਤੇ ਬਰਾਬਰ ਹਨ; ਇਸੇ ਵਿਚ ਮਾਨਵਤਾ ਦਾ ਭਲਾ ਅਤੇ ਤਰੱਕੀ ਨਿਹਿਤ ਹੈ| ਦੂਸਰੇ ਨੂੰ ਅਪਨਾਉਣਾ ਅਤੇ ਉਸ ਦੀ ਬਣਦੀ ਜਗ੍ਹਾ ਦੇਣਾ, ਇਹੀ ਸਿੱਖ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਅਤੇ ਇਸੇ ਸਿਧਾਂਤ ਨੂੰ ਗੁਰੂ ਗੋਬਿੰਦ ਸਿੰਘ ਨੇ ਪੱਕਾ ਕੀਤਾ:
ਕੋਊ ਭਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਭਇਓ;
ਕੋਊ ਬ੍ਰਹਮਚਾਰੀ, ਕੋਊ ਜਤੀ ਅਨੁਮਾਨਬੋ|
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ;
ਮਾਨਸ ਕੀ ਜਾਤਿ, ਸਬੈ ਏਕੈ ਪਹਚਾਨਬੋ|
ਕਰਤਾ ਕਰੀਮ ਸੋਈ, ਰਾਜ਼ਿਕ ਰਹੀਮ ਉਈ;
ਦੂਸਰੋ ਨਾ ਭੇਦ ਕੋਈ, ਭੂਲਿ ਭ੍ਰਮ ਮਾਨਬੋ|
ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ;
ਏਕ ਹੀ ਸਰੂਪ ਸਬੈ, ਏਕੈ ਜੋਤਿ ਜਾਨਬੋ|85
ਕੁੱਝ ਦਿਨਾਂ ਨੂੰ ਵਿਸਾਖੀ, ਅਰਥਾਤ ਖਾਲਸੇ ਦਾ ਸਾਜਨਾ ਦਿਨ ਆ ਰਿਹਾ ਹੈ ਜਿਸ ਨੂੰ ਦੁਨੀਆਂ ਭਰ ਵਿਚ ਬੈਠੇ ਸਿੱਖ ਭਾਈਚਾਰੇ ਨੇ ਬਹੁਤ ਧੂਮ-ਧਾਮ ਅਤੇ ਜੋਸ਼-ਖਰੋਸ਼ ਨਾਲ ਮਨਾਉਣ ਦੇ ਉਪਰਾਲੇ ਕਰਨੇ ਹਨ| ਵਿਦੇਸ਼ਾਂ ਵਿਚ ਬੈਠੇ ਭਾਈਚਾਰੇ ਨੇ ਵੀ ਸੜਕਾਂ ਤੇ ਵੱਡੇ ਵੱਡੇ ਜਲੂਸ ਕੱਢਣੇ ਹਨ, ਲੰਗਰ ਲਾਉਣੇ ਹਨ, ਕੀਰਤਨ ਦਰਬਾਰ ਕਰਾਉਣੇ ਹਨ ਅਤੇ ਢਾਡੀਆਂ ਨੇ ਖਾਲਸੇ ਦੇ ਜਨਮ ਦੀਆਂ ਵਾਰਾਂ ਪੂਰੇ ਜਲੌ ਵਿਚ ਗਾਉਣੀਆਂ ਹਨ ਤੇ ਸਿੱਖ ਸੰਗਤਾਂ ਨੇ ਸੁਣ ਸੁਣ ਕੇ ਨਿਹਾਲ ਹੋਣਾ ਹੈ|
ਅਸੀਂ ਇਹ ਸਭ ਕੁੱਝ ਹਰ ਸਾਲ ਕਰਦੇ ਹਾਂ ਅਤੇ ਕਰਨਾ ਵੀ ਚਾਹੀਦਾ ਹੈ| ਗੁਰੂ ਨੇ ਸਾਡੇ ‘ਤੇ ਬਖਸ਼ਿਸ਼ ਕੀਤੀ ਹੈ ਕਿ ਆਪਣਾ ਜਨਮ ਦਿਨ ਪੂਰੀ ਧੂਮ-ਧਾਮ ਨਾਲ ਮਨਾਈਏ ਪਰ ਕੀ ਕਦੀ ਅਸੀਂ ਸਿਰ ਜੋੜ ਕੇ ਸੰਗਤੀ ਰੂਪ ਵਿਚ, ਇੱਕ ਖਾਲਸੇ ਦੇ ਰੂਪ ਵਿਚ ਇਹ ਵੀ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਦੇ ਦੱਸੇ ਅਸੂਲਾਂ ਤੋਂ ਅਸੀਂ ਕਿਸ ਹੱਦ ਤੱਕ ਬੇਮੁੱਖ ਹੋ ਗਏ ਹਾਂ? ਕੀ ਆਪਣੇ ਆਪ ਨੂੰ ਕਦੀ ਉਨ੍ਹਾਂ ਪ੍ਰਸ਼ਨਾਂ ਦੇ ਸਨਮੁਖ ਕੀਤਾ ਹੈ ਜੋ ਸਾਡੇ ਸਮੂਹਕ ਅਮਲ ਦੇ ਫਲਸਰੂਪ ਹਰ ਰੋਜ਼ ਪੈਦਾ ਹੋ ਰਹੇ ਹਨ? ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿਧਾਂਤਕ ਅਤੇ ਅਮਲੀ ਦੋਵਾਂ ਤਰ੍ਹਾਂ ਨਾਲ ਇਹ ਯਤਨ ਬਰਕਰਾਰ ਰਿਹਾ ਹੈ ਕਿ ਸਿੱਖ ਸਮਾਜ ਵਿਚ ਕੋਈ ਊਚ-ਨੀਚ, ਜਾਤ-ਪਾਤ ਦਾ ਵਖਰੇਵਾਂ ਨਾ ਹੋਵੇ| ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਅਮਲੀ ਪ੍ਰਕਾਸ਼ਨ ਲਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਲੰਗਰ ਅਤੇ ਸੰਗਤਿ ਕਾਇਮ ਕਰਨ ਦੀ ਸੰਸਥਾ ਤੋਂ ਲੈ ਕੇ ਖੰਡੇ ਦੀ ਪਾਹੁਲ ਰਾਹੀਂ ਖਾਲਸਾ ਸਾਜਣ ਤੱਕ, ਸਾਰੇ ਯਤਨ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ|
ਅੱਜ ਕੀ ਹੋ ਰਿਹਾ ਹੈ? ਉਸੇ ਇੱਕੋ ਗੁਰੂ ਨੂੰ ਮੰਨਣ ਵਾਲਾ ਖਾਲਸਾ, ਜੋ ਆਪਣੇ ਆਪ ਨੂੰ ਉਸੇ ਇੱਕੋ ਗੁਰੂ ਦਾ ਸਰੂਪ ਮੰਨਦਾ ਹੈ, ਇੱਕ ਇੱਕ ਪਿੰਡ ਵਿਚ ਜਾਂ ਖੇਤਰ ਵਿਚ ਕਈ ਕਈ ਗੁਰਦੁਆਰੇ ਉਸਾਰੀ ਬੈਠਾ ਹੈ| ਇਹ ਗੁਰਦੁਆਰੇ ਨਾ ਸਿਰਫ ਇੱਕ ਤੋਂ ਵੱਧ ਗਿਣਤੀ ਵਿਚ ਹਨ ਬਲਕਿ ਸਭ ਤੋਂ ਬੇਅਸੂਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਗੁਰੂ ਦੇ ਦਿੱਤੇ ਸਿਧਾਂਤਾਂ ਤੋਂ ਬੇਮੁੱਖ ਹੁੰਦਿਆਂ ਗੁਰਦੁਆਰੇ ਜਾਤਾਂ ਅਤੇ ਗੋਤਾਂ ਦੇ ਨਾਂ ‘ਤੇ ਉਸਾਰੇ ਹੋਏ ਹਨ| ਇਸ ਦੀ ਜਿੰਮੇਵਾਰੀ ਸਭ ਤੋਂ ਵੱਧ ਉਨ੍ਹਾਂ ‘ਤੇ ਆਉਂਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਸਿੱਖ ਵੀ ਅਖਵਾਉਂਦੇ ਹਨ ਅਤੇ ਨਾਲ ਹੀ ਉਚੀ ਜਾਤ ਹੋਣ ਦਾ ਅਭਿਮਾਨ ਵੀ ਪਾਲਦੇ ਹਨ| ਅਸੀਂ ਇਹ ਬਿਲਕੁਲ ਹੀ ਭੁੱਲ ਗਏ ਹਾਂ ਕਿ ਮਨੁੱਖਤਾ ਦੀ ਸੇਵਾ ਕਰਨਾ ਗੁਰੂ ਨੇ ਸਭ ਤੋਂ ਪਹਿਲਾਂ ਸਿਖਾਇਆ ਹੈ ਅਤੇ ਸੇਵਾ ਕਰਨ ਦੇ ਬਹੁਤ ਸਾਰੇ ਢੰਗ ਹਨ| ਇਹ ਸੇਵਾ ਵੱਖ ਵੱਖ ਗੁਰਦੁਆਰੇ ਉਸਾਰਨ ਦੀ ਥਾਂ ਪਿੰਡਾਂ ਥਾਂਵਾਂ ‘ਤੇ ਸਕੂਲਾਂ, ਡਿਸਪੈਂਸਰੀਆਂ ਦੀਆਂ ਇਮਾਰਤਾਂ ਉਸਾਰ ਕੇ, ਲੋੜਵੰਦ ਬੱਚਿਆਂ ਨੂੰ ਮੁਫਤ ਵਿੱਦਿਆ ਦੇ ਕੇ, ਗਰੀਬਾਂ ਦੀ ਬਿਮਾਰੀ ਸਮੇਂ ਇਲਾਜ ਕਰਾਉਣ ਵਿਚ ਮਦਦ ਕਰਕੇ ਕੀਤੀ ਜਾ ਸਕਦੀ ਹੈ| ਪਿੰਡਾਂ ਵਿਚ ਨੌਜੁਆਨਾਂ ਲਈ ਲਾਇਬ੍ਰੇਰੀਆਂ ਖੋਲ ਕੇ, ਖੇਡਾਂ ਦਾ ਪ੍ਰਬੰਧ ਕਰਕੇ ਜੁਆਨੀ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕਦਾ ਹੈ| ਇਸ ਤਰ੍ਹਾਂ ਦੇ ਯਤਨਾਂ ਰਾਹੀਂ ਗੁਰੂ ਦੀ ਬਖਸ਼ਿਸ਼ ਦੇ ਭਾਗੀ ਵੀ ਬਣ ਸਕਦੇ ਹਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਵੀ ਕਰ ਸਕਦੇ ਹਾਂ|