ਘੱਲੂਘਾਰਾ ਸਮਾਗਮ: ਸਖਤ ਪ੍ਰਬੰਧਾਂ ਦੇ ਬਾਵਜੂਦ ਨਾ ਟਲਿਆ ਟਕਰਾਅ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ 34ਵੀਂ ਬਰਸੀ ਮੌਕੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨਾਅਰੇਬਾਜ਼ੀ ਤੇ ਧੱਕਾ-ਮੁੱਕੀ ਹੋਈ। ਖਾਲਿਸਤਾਨ ਪੱਖੀ ਨਾਅਰੇਬਾਜ਼ੀ ਨੇ ਮਾਹੌਲ ਕਾਫੀ ਤਲਖ ਕਰ ਦਿੱਤਾ। ਇਸ ਮੌਕੇ ਖਾਲਿਸਤਾਨੀ ਝੰਡਾ ਵੀ ਲਹਿਰਾਇਆ ਗਿਆ। ਨਿਯਮਾਂ ਦੀ ਉਲੰਘਣਾ ਤੋਂ ਰੋਕਣ ਕਾਰਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕੁਝ ਨੌਜਵਾਨਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ ਜਿਸ ਵਿਚ ਕੁਝ ਦੀਆਂ ਦਸਤਾਰਾਂ ਦੀ ਬੇਅਦਬੀ ਵੀ ਹੋਈ।

ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਉਤੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ। ਜਿਵੇਂ ਹੀ ਉਨ੍ਹਾਂ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ, ਅਕਾਲ ਤਖ਼ਤ ਦੇ ਸਾਹਮਣੇ ਬੈਠੇ ਦਲ ਖਾਲਸਾ ਦੇ ਕਾਰਕੁਨਾਂ ਨੇ ਜਥੇਦਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਨਾਅਰੇਬਾਜ਼ੀ ਉਸ ਵੇਲੇ ਤੱਕ ਜਾਰੀ ਰਹੀ ਜਦੋਂ ਤੱਕ ਸੰਦੇਸ਼ ਖਤਮ ਨਹੀਂ ਹੋ ਗਿਆ।
ਮਗਰੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਹੇਠਾਂ ਆ ਗਏ ਜੋ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੀ ਤਾਬਿਆ ਬੈਠੇ ਹੋਏ ਸਨ। ਉਨ੍ਹਾਂ ਇਥੇ ਆਪਣਾ ਭਾਸ਼ਣ ਦੇਣ ਦਾ ਯਤਨ ਕੀਤਾ ਤਾਂ ਉਨ੍ਹਾਂ ਦੇ ਸਮਰਥਕ ਸ੍ਰੀ ਅਕਾਲ ਤਖਤ ਦੇ ਹੇਠਾਂ ਬਣੇ ਥੜ੍ਹੇ ਉਤੇ ਚੜ ਗਏ ਜਿਨ੍ਹਾਂ ਨੂੰ ਟਾਸਕ ਫੋਰਸ ਅਤੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਹਟਾਉਣ ਦਾ ਯਤਨ ਵੀ ਕੀਤਾ। ਇਨ੍ਹਾਂ ਕਾਰਕੁਨਾਂ ਵਿਚੋਂ ਕੁਝ ਤਾਂ ਇਥੇ ਲੱਗੀ ਗੋਲਕ ਉਤੇ ਵੀ ਚੜ੍ਹ ਗਏ। ਕੁਝ ਕਾਰਕੁਨਾਂ ਨੇ ਇਕ ਬੱਚੇ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੇ ਚੜ੍ਹਾਉਣ ਦਾ ਵੀ ਯਤਨ ਕੀਤਾ ਜਿਸ ਦੇ ਹੱਥ ਵਿਚ ਖਾਲਿਸਤਾਨੀ ਝੰਡਾ ਸੀ ਜਿਸ ਨੂੰ ਉਹ ਸ੍ਰੀ ਅਕਾਲ ਤਖ਼ਤ ਦੀ ਫਸੀਲ ਉਤੇ ਲਹਿਰਾਉਣਾ ਚਾਹੁੰਦੇ ਸਨ ਪਰ ਉਹ ਸਫਲ ਨਾ ਹੋ ਸਕੇ। ਇਸ ਦੌਰਾਨ, ਟਾਸਕ ਫੋਰਸ ਅਤੇ ਕੁਝ ਨੌਜਵਾਨਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਕੁਝ ਨੌਜਵਾਨਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਇਨ੍ਹਾਂ ਨੌਜਵਾਨਾਂ ਦਾ ਡਾਂਗਾਂ ਨਾਲ ਕੁਟਾਪਾ ਵੀ ਕੀਤਾ।
ਇਸ ਤੋਂ ਪਹਿਲਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਇੰਕਸ਼ਾਫ ਕਰ ਚੁੱਕੇ ਹਨ ਕਿ ਸਿੱਖ ਰੈਂਫਰੈਂਸ ਲਾਇਬਰੇਰੀ ਦਾ ਅਮੁੱਲਾ ਖਜ਼ਾਨਾ ਭਾਰਤ ਸਰਕਾਰ ਕੋਲ ਹੈ, ਇਸ ਨੂੰ ਸਿੱਖ ਕੌਮ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਵਾਲਵਰ ਅਤੇ ਤੀਰ ਵੀ ਸਿੱਖ ਕੌਮ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਸਿੱਖ ਕੌਮ ਨੂੰ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਸਹਿਯੋਗ ਦੇਣ, ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ, ਭਰੂਣ ਹੱਤਿਆਵਾਂ, ਨਸ਼ਿਆਂ ਤੇ ਪਤਿਤਪੁਣੇ ਨੂੰ ਰੋਕਣ ਲਈ ਵੀ ਆਖਿਆ।
ਉਧਰ, ਪਿੰਡ ਬਰਗਾੜੀ ਵਿਚ ਮੋਰਚੇ ਉਤੇ ਬੈਠੇ ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਧਰਨੇ ਵਾਲੀ ਥਾਂ ਤੋਂ ਹੀ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਧਾਰਮਿਕ ਮਸਲਿਆਂ ਤੋਂ ਇਲਾਵਾ ਸਮਾਜਿਕ ਚੁਣੌਤੀਆਂ ਦੀ ਗੱਲ ਕਰਦਿਆਂ ਇਨ੍ਹਾਂ ਦੇ ਹੱਲ ਲਈ ਕੌਮ ਨੂੰ ਮਤਭੇਦ ਭੁਲਾ ਕੇ ਕਦਮ ਮਿਲਾ ਕੇ ਤੁਰਨ ਦਾ ਪੈਗ਼ਾਮ ਦਿੱਤਾ। ਜਥੇਦਾਰ ਨੇ ਕੌਮ ਨੂੰ ਬਰਗਾੜੀ ਦੇ ਮੋਰਚੇ ਨੂੰ ਸਫਲ ਬਣਾਉਣ ਦੀ ਵੀ ਅਪੀਲ ਕੀਤੀ। ਭਾਈ ਮੰਡ ਨੇ ਆਪਣੇ ਸੰਦੇਸ਼ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਹਰ ਵਰ੍ਹੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਲਈ ਉਹ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਵਿਚ Ḕਘੱਲੂਘਾਰਾ ਦੀਵਾਨ’ ਸਜਾਉਣ ਦੇ ਪ੍ਰਬੰਧ ਕਰੇ। ਜਥੇਦਾਰ ਮੰਡ ਨੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੁਣ ਤੱਕ ਦੀਆਂ ਭਾਰਤੀ ਹਕੂਮਤਾਂ ਉਤੇ ਸਿੱਖਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ, ਬਹਿਬਲ ਗੋਲੀ ਕਾਂਡ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਮਜਬੂਰਨ ਇਹ ਮੋਰਚਾ ਲਾਉਣਾ ਪਿਆ ਹੈ। ਜਥੇਦਾਰ ਮੰਡ ਨੇ ਨਸ਼ੇ, ਪਤਿਤਪੁਣਾ, ਪੰਜਾਬ ਦੇ ਦੂਸ਼ਿਤ ਹਵਾ-ਪਾਣੀ, ਬੇਰੁਜ਼ਗਾਰੀ, ਕਰਜ਼ੇ, ਪਾਖੰਡਵਾਦ ਉਤੇ ਚਿੰਤਾ ਪ੍ਰਗਟਾਉਂਦਿਆਂ ਜਵਾਨੀ ਤੇ ਕਿਸਾਨੀ ਨੂੰ ਬਰਬਾਦ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਸ ਵਿਚ ਘਿਓ-ਖਿਚੜੀ ਹੋ ਕੇ ਸਿੱਖ ਪੰਥ ਦਾ ਸਿਧਾਂਤਕ ਤੇ ਜਾਨੀ-ਮਾਲੀ ਨੁਕਸਾਨ ਕਰ ਰਹੇ ਹਨ। ਉਨ੍ਹਾਂ ਸਿੱਕਿਮ ਤੇ ਸ਼ਿਲਾਂਗ ਸਮੇਤ ਕਈ ਥਾਵਾਂ ਉਤੇ ਗੁਰਧਾਮਾਂ ਅਤੇ ਸਿੱਖਾਂ ਉੱਪਰ ਹੋ ਰਹੇ ਹਮਲਿਆਂ ਦੀ ਚਰਚਾ ਕਰਦਿਆਂ ਇਨ੍ਹਾਂ ਨੂੰ ਪੰਥ ਦੁਸ਼ਮਣਾਂ ਦੀ ਸਾਜ਼ਿਸ਼ ਕਰਾਰ ਦਿੱਤਾ। ਭਾਈ ਮੰਡ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਵਾਦਾਂ-ਵਿਵਾਦਾਂ ਵਿਚੋਂ ਬਾਹਰ ਨਿਕਲ ਕੇ ਆਪਸੀ ਪਿਆਰ ਤੇ ਸਤਿਕਾਰ ਨਾਲ ਬਾਹਰੀ ਅਤੇ ਅੰਦਰੂਨੀ ਹਮਲਿਆਂ ਦਾ ਸੂਝ-ਬੂਝ ਨਾਲ ਸਾਹਮਣਾ ਕਰੇ।
________________________
ਸਿਮਰਨਜੀਤ ਮਾਨ ਦੀ ਨਰਮੀ ਤੋਂ ਜਥੇਦਾਰ ਖੁਸ਼
ਅੰਮ੍ਰਿਤਸਰ: ਉਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਚਰਚਾ ਦਾ ਵਿਸ਼ਾ ਰਹੀ। ਪਹਿਲਾਂ ਨਾਲੋਂ ਵੱਖ ਸਿਮਰਨਜੀਤ ਸਿੰਘ ਮਾਨ ਦੇ ਸੁਰ ਕਾਫੀ ਨਰਮ ਦਿਖਾਈ ਦਿੱਤੇ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ਼ ਕੋਈ ਵੀ ਤਿੱਖਾ ਸ਼ਬਦ ਨਹੀਂ ਵਰਤਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਸ ਵਾਰ ਨਜ਼ਾਰਾ ਵੀ ਕੁਝ ਵੱਖਰਾ ਸੀ। ਇਸ ਵਾਰ ਦੋਵਾਂ ਪਾਸੇ ਤਣਾਅ ਬਹੁਤ ਘੱਟ ਦੇਖਣ ਨੂੰ ਮਿਲਿਆ, ਜਦਕਿ ਪਿਛਲੇ ਕਈ ਸਾਲਾਂ ਵਿਚ ਅਕਸਰ ਇਥੇ ਹਾਲਾਤ ਖਰਾਬ ਹੁੰਦੇ ਰਹੇ ਹਨ। ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਵੀ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਉਧਰ, ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਨਹੀਂ ਮੰਨਦੇ। ਸੰਗਤ ਨੇ ਜਥੇਦਾਰ ਦੀ ਨਿਯੁਕਤੀ ਉਸ ਦਿਨ ਹੀ ਰੱਦ ਕਰ ਦਿੱਤੀ ਸੀ ਜਿਸ ਦਿਨ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਅਕਾਲ ਤਖਤ ਵੱਲੋਂ ਮੁਆਫੀ ਦਿੱਤੀ ਗਈ ਸੀ।