ਗੋਲ ਕੋਨਿਆਂ ਵਾਲੀ ਬੇਬਾਕੀ: ਗੁਰੂਮੇਲ ਸਿੱਧੂ ਦੀ ਸਾਹਿਤਕ ਸਵੈ-ਜੀਵਨੀ Ḕਸਿਮ੍ਰਤੀ ਦੇ ਹਾਸ਼ੀਏ’

ਸੁਰਿੰਦਰ ਸੋਹਲ
ਸਾਹਿਤ, ਸਾਇੰਸ, ਸਭਿਆਚਾਰ ਅਤੇ ਧਰਮ ਨੂੰ ਆਪਣੇ ਕਲਾਵੇ ‘ਚ ਲੈਂਦੀ ਗੁਰੂਮੇਲ ਸਿੱਧੂ ਦੀ ਕਲਮ ਦਾ ਘੇਰਾ ਬੜਾ ਵਿਸ਼ਾਲ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਗੁਰੂਮੇਲ ਸਿੱਧੂ ਦੀ ਸਵੈ ਅਤੇ ਸਾਹਿਤਕ ਜੀਵਨੀ Ḕਸਿਮ੍ਰਤੀ ਦੇ ਹਾਸ਼ੀਏ’ ਅਸਲੋਂ ਹੀ ਨਿਵੇਕਲੇ ਮਿਜ਼ਾਜ ਦੀ ਪੁਸਤਕ ਹੈ। ਲੋਹੜੇ ਦੀ ਬੇਬਾਕੀ ਇਸ ਦਾ ਉਘੜਵਾਂ ਗੁਣ ਹੈ ਪਰ ਇਹ ਬੇਬਾਕੀ ਤਿੱਖੀਆਂ-ਨੁਕੀਲੀਆਂ ਨੁਕਰਾਂ ਵਾਲੀ ਨਹੀਂ, ਗੋਲ ਕੋਨਿਆਂ ਵਾਲੀ ਹੈ।

ਇਸੇ ਕਰਕੇ ਪਾਠਕ ਨੂੰ ਚੁਭਦੀ ਨਹੀਂ ਸਗੋਂ ਸੁਹਜ ਭਰੇ ਸਪਰਸ਼ ਦਾ ਅਹਿਸਾਸ ਕਰਵਾਉਂਦੀ ਜਾਂਦੀ ਹੈ।
ਯੂਨੀਵਰਸਿਟੀ ਵਾਸਤੇ ਲਿਖੀ ਇਹ ਕਿਤਾਬ ਯੂਨੀਵਰਸਿਟੀ ਨੇ ਛਾਪੀ ਨਹੀਂ। ਇਸ ਦੀ ਵਜ੍ਹਾ ਬਾਰੇ ਪਤਾ ਲਗਦਿਆਂ ਪ੍ਰਸਿੱਧ ਲੇਖਕ ਰਾਹੀ ਮਾਸੂਮ ਰਜ਼ਾ ਦੀ ਯਾਦ ਆ ਗਈ। ਉਸ ਦੇ ਪਾਤਰ ਗਾਲ੍ਹਾਂ ਬਹੁਤ ਕੱਢਦੇ ਹਨ। ਕਿਸੇ ਨੇ ਕਿਹਾ ਕਿ ਰਾਹੀ ਸਾਹਿਬ, ਜੇ ਤੁਹਾਡੇ ਨਾਵਲਾਂ ‘ਚ ਏਨੀਆਂ ਗਾਲ੍ਹਾਂ ਨਾ ਹੋਣ ਤਾਂ ਤੁਹਾਡੇ ਨਾਵਲਾਂ ਨੂੰ ਵੱਡਾ ਇਨਾਮ ਮਿਲ ਸਕਦਾ ਹੈ। ਤਾਂ ਰਾਹੀ ਨੇ ਕਿਹਾ ਸੀ, “ਇਨਾਮ ਲੈਣ ਖਾਤਿਰ ਮੈਂ ਆਪਣੇ ਪਾਤਰਾਂ ਦੀ ਜ਼ਬਾਨ ਨਹੀਂ ਕੱਟ ਸਕਦਾ।”
ਗੁਰੂਮੇਲ ਸਿੱਧੂ ਦੀ ਕਿਤਾਬ Ḕਸਿਮ੍ਰਤੀ ਦੇ ਹਾਸ਼ੀਏ’ ‘ਚ ਗਾਲ੍ਹਾਂ ਤਾਂ ਨਹੀਂ ਪਰ ਆਪਣੇ ਤੋਂ ਸੀਨੀਅਰ ਅਤੇ ਸਮਕਾਲੀ ਲੇਖਕਾਂ ਦੇ ਨਾਲ-ਨਾਲ ਆਪਣੇ ਬਾਰੇ ਲਿਖਣ ਲੱਗਿਆਂ ਉਸ ਨੇ ਅਜਿਹਾ ਬੇਬਾਕ ਲਹਿਜਾ ਅਪਨਾਇਆ, ਜਿਸ ਕਰਕੇ ਇਹ ਕਿਤਾਬ ਯੂਨੀਵਰਸਿਟੀ ਨੇ ਨਹੀਂ ਛਾਪੀ। ਯੂਨੀਵਰਸਿਟੀ ਕਾਂਟ-ਛਾਂਟ ਕਰਵਾਉਣਾ ਚਾਹੁੰਦੀ ਸੀ ਤੇ ਲੇਖਕ ਨੂੰ ਆਪਣੀ ਕ੍ਰਿਤ ਨਾਲ ਹੁੰਦੀ ਇਹ ਬੇਇਨਸਾਫੀ ਮਨਜ਼ੂਰ ਨਹੀਂ ਸੀ।
ਭੂਮਿਕਾ ਵਿਚ ਸਿੱਧੂ ਦਮਦਮੀ ਨੇ ਕਿਤਾਬ ਦਾ ਤੱਤ-ਸਾਰ ਇੰਜ ਪੇਸ਼ ਕੀਤਾ ਹੈ, “ਯੂਨੀਵਰਸਿਟੀਆਂ ਜਾਂ ਨਿੱਜੀ ਪ੍ਰਕਾਸ਼ਕਾਂ ਵਲੋਂ ਛਾਪੀਆਂ ਗਈਆਂ ਪੰਜਾਬੀ ਦੀਆਂ ਬਹੁਤੀਆਂ ਸਵੈ-ਜੀਵਨੀਆਂ ਨੂੰ ਲੱਸੀ ‘ਚ ਪਾਣੀ ਪਾ ਕੇ ਫੈਲਾਏ ਹੋਏ Ḕਜੀਵਨ ਬਿਓਰੇ’ ਹੀ ਕਿਹਾ ਜਾ ਸਕਦਾ ਹੈ। ਪਰ ਇਸ ਦੇ ਉਲਟ ਇਹ ਸਾਹਿਤਕ ਸਵੈ-ਜੀਵਨੀ ਲੇਖਕ ਦੀਆਂ ਸ਼ਖਸੀ/ਕਲਮੀ ਦੋਸਤੀਆਂ, ਸਾਹਿਤਕ ਸੰਸਾਰ ਦੀਆਂ ਰੰਜਿਸ਼ਾਂ, ਠੱਠਿਆਂ, ਬੇਲਾਗ ਟਿੱਪਣੀਆਂ ਆਦਿ ਨਾਲ ਊਰਜਿਤ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਵਾਲਾ ਬਿਰਤਾਂਤ ਹੈ। ਇਹ ਬਿਰਤਾਂਤ ਕਦੇ ਆਤਸ਼ੀ ਰੰਗ ਧਾਰਨ ਕਰਦਾ ਹੈ, ਕਦੇ ਦਾਰਸ਼ਨਿਕ ਧੁਨ ਤੇ ਕਦੇ ਸੰਗਤੀ ਮਾਹੌਲ।” (ਪੰਨਾ 8)
ਗੁਰੂਮੇਲ ਸਿੱਧੂ ਨੇ ਜਿੱਥੇ ਸੰਪਰਕ ‘ਚ ਆਏ ਸਾਹਿਤਕਾਰਾਂ ਅਤੇ ਪ੍ਰਕਾਸ਼ਕਾਂ ਬਾਰੇ ਖੁੱਲ੍ਹ ਕੇ ਲਿਖਿਆ ਹੈ, ਉਥੇ ਆਪਣਾ ਵੀ ਲਿਹਾਜ ਨਹੀਂ ਕੀਤਾ। ਜਿੱਥੇ ਉਸ ਨੇ ਆਪਣੀਆਂ ਪ੍ਰਾਪਤੀਆਂ ਦੀ ਪਾਠਕ ਨਾਲ ਸਾਂਝ ਪੁਆਈ ਹੈ, ਉਥੇ ਆਪਣੀਆਂ ਘਾਟਾਂ-ਕਮਜ਼ੋਰੀਆਂ ਦਾ ਜ਼ਿਕਰ ਵੀ ਬੜੇ ਦਿਲ-ਗੁਰਦੇ ਨਾਲ ਕੀਤਾ ਹੈ। ਭੋਲੇਪਨ ‘ਚ ਕਈ ਵਾਰ ਉਸ ਨੂੰ ਸ਼ਰਮਿੰਦਗੀ ਦਾ ਮੂੰਹ ਵੀ ਦੇਖਣਾ ਪਿਆ। ਲੇਖਕ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਪੇਸ਼ ਕਰਕੇ ਪਾਠਕ ਨਾਲ ਮੋਹ ਦਾ ਰਿਸ਼ਤਾ ਕਾਇਮ ਕੀਤਾ ਹੈ। ਪੜ੍ਹਾਈ ਦਾ ਬੋਝ ਪਿਆ ਤਾਂ ਡਾ. ਜੌਹਨਸਨ ਨੇ ਸਲਾਹ ਦਿੱਤੀ ਕਿ Ḕਜਾਗਿੰਗ’ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ।…ਪੜ੍ਹਾਈ ਦੇ ਫਿਕਰ ਕਰਕੇ ਮੁੰਡੇ-ਕੁੜੀਆਂ ਦਾ ਸਰੀਰਕ ਅਤੇ ਮਾਨਸਿਕ ਤਣਾਓ ਵਧ ਜਾਂਦਾ ਹੈ, ਉਨ੍ਹਾਂ ਲਈ ਜਾਗਿੰਗ ਕਰਨਾ ਇਕ ਵਧੀਆ ਇਲਾਜ ਹੈ।
ਸਿੱਧੂ ਨੂੰ Ḕਜਾਗਿੰਗ’ ਦਾ ਮਤਲਬ ਨਹੀਂ ਸੀ ਪਤਾ। ਉਹ ਹੋਰ ਉਲਝ ਗਿਆ। ਉਸ ਨੇ ਡਾ. ਜੌਹਨਸਨ ਨੂੰ ਕਿਹਾ, “ਜੀ, ਮੇਰਾ ਸਮਾਜ ਜਾਗਿੰਗ ਦੀ ਇਜਾਜ਼ਤ ਨਹੀਂ ਦਿੰਦਾ।”
“ਕੀ ਕਿਹਾ! ਫੇਰ ਦੱਸ! ਤੇਰਾ ਸਮਾਜ ਜਾਗਿੰਗ ਕਰਨ ਤੋਂ ਰੋਕਦਾ ਹੈ!” ਜੌਹਨਸਨ ਨੇ ਹੈਰਾਨ ਹੋ ਕੇ ਪੁੱਛਿਆ।
“ਜੀ ਹਾਂ! ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦਾ ਮਿਲਣਾ ਚੰਗਾ ਨਹੀਂ ਸਮਝਿਆ ਜਾਂਦਾ।” ਮੈਂ ਹੱਥ ਮਲਦਿਆਂ ਕਿਹਾ।
ਸੰਤੋਖ ਸਿੰਘ ਧੀਰ, ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਗੁਰਚਰਨ ਰਾਮਪੁਰੀ, ਬਲਵੰਤ ਗਾਰਗੀ, ਹਰਿਭਜਨ ਸਿੰਘ ਆਦਿ ਵਰਗੇ ਵੱਡੇ-ਵੱਡੇ ਲੇਖਕਾਂ ਦਾ ਸਾਥ ਮਾਣਨ ਦਾ ਉਸ ਨੂੰ ਸੁਭਾਗ ਪ੍ਰਾਪਤ ਹੈ। ਜਿੱਥੇ ਇਹ ਵੱਡੇ ਲੇਖਕ ਸਨ, ਉਥੇ ਇਨ੍ਹਾਂ ‘ਚ ਵੀ ਆਮ ਬੰਦਿਆਂ ਵਾਲੀਆਂ ਖੂਬੀਆਂ ਤੇ ਕਮੀਆਂ ਸਨ। ਗੁਰੂਮੇਲ ਸਿੱਧੂ ਨੇ ਬਹੁਤ ਹੀ ਤਵਾਜ਼ਨ ਰੱਖ ਕੇ ਉਨ੍ਹਾਂ ਦੀ ਸ਼ਖਸੀਅਤ ਦੀ ਤਸਵੀਰ ਸ਼ਬਦਾਂ ਰਾਹੀਂ ਚਿਤਰਨ ਦਾ ਯਤਨ ਕੀਤਾ ਹੈ।
ਲਾਹੌਰ ਬੁਕ ਸ਼ਾਪ ਵਾਲੇ ਜੀਵਨ ਸਿੰਘ ਨਾਲ ਉਸ ਦੀ ਵਾਕਫੀ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ‘ਚ ਪੜ੍ਹਦੇ ਦੀ ਹੀ ਹੋ ਗਈ ਸੀ। ਪ੍ਰਕਾਸ਼ਕ ਤੇ ਲੇਖਕ ਦੇ ਰਿਸ਼ਤੇ ਨੂੰ ਉਸ ਨੇ ਬਹੁਤ ਨੇੜਿਓਂ ਦੇਖਿਆ ਹੈ। ਜੀਵਨ ਸਿੰਘ ਰਾਹੀਂ ਉਸ ਨੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦੀਆਂ ਉਹ ਝਲਕੀਆਂ ਵੀ ਪੇਸ਼ ਕੀਤੀਆਂ ਹਨ ਜਿਨ੍ਹਾਂ ਨੂੰ ਅੰਮ੍ਰਿਤਾ Ḕਰਸੀਦੀ ਟਿਕਟ’ ਵਿਚ ਸੁਚੇਤ ਪੱਧਰ ‘ਤੇ ਨਜ਼ਰ-ਅੰਦਾਜ਼ ਕਰ ਗਈ ਸੀ।
ਗੁਰੂਮੇਲ ਸਿੱਧੂ ਕਾਵਿਕ ਸੁਭਾਅ ਦਾ ਮਾਲਿਕ ਹੈ। ਟੇਬਲ ਟਾਕ ਵੇਲੇ ਉਸ ਦੇ ਦਿਲਚਸਪ ਜੁਮਲੇ ਸਰੋਤਿਆਂ ਨੂੰ ਬੰਨ੍ਹੀ ਰੱਖਦੇ ਹਨ। ਇਹੀ ਗੁਣ ਉਸ ਦੀ ਕਿਤਾਬ Ḕਸਿਮ੍ਰਤੀ ਦੇ ਹਾਸ਼ੀਏ’ ‘ਚ ਭਰਪੂਰ ਰੂਪ ਵਿਚ ਪਾਇਆ ਜਾਂਦਾ ਹੈ।
ਬਚਪਨ ‘ਚ ਤੋਲ ਤੇ ਲੈਅ ਦੀ ਗੁੜਤੀ ਮਾਂ ਤੋਂ ਲੈ ਕੇ ਸਾਇੰਸ ਦੇ ਖੇਤਰ ‘ਚ ਜੀਨਜ਼ ਦਾ ਤੋਲ ਤੇ ਲੈਅ ਤਲਾਸ਼ਦਾ ਡਾ. ਗੁਰੂਮੇਲ ਸਿੱਧੂ ਆਪਣੇ ਸਿਰੜ ਸਦਕਾ ਜੀਵਨ ਦੇ ਉਸ ਮੁਕਾਮ ‘ਤੇ ਆਣ ਪਹੁੰਚਾ ਹੈ, ਜਿੱਥੇ ਇਹ ਫੈਸਲਾ ਕਰਨਾ ਮੁਸ਼ਕਿਲ ਹੈ ਕਿ ਉਸ ਦਾ ਕੱਦ ਸਾਹਿਤ ‘ਚ ਵੱਡਾ ਹੈ ਕਿ ਸਾਇੰਸ ‘ਚ।
ਉਸ ਨੇ ਸ਼ੁਰੂ ‘ਚ ਹੀ ਜੋਸ਼ ਮਲਸਿਆਨੀ ਦੀ ਗੱਲ ਪੱਲੇ ਬੰਨ੍ਹ ਲਈ ਸੀ, “ਛੰਦਾ-ਬੰਦੀ ਦੀ ਸੂਝ ਤੋਂ ਬਿਨਾਂ ਸ਼ਿਅਰੋ-ਸ਼ਾਇਰੀ ਕਰਨਾ ਆਪਣੇ ਨਾਲ ਤੇ ਜ਼ਬਾਨ ਨਾਲ ਅਨਿਆਂ ਕਰਨਾ ਹੈ।” (ਪੰਨਾ 29)
ਇਹ ਧਰਮ ਉਸ ਨੇ ਸਾਰੀ ਉਮਰ ਨਿਭਾਇਆ।
ਅੰਮ੍ਰਿਤਾ-ਮੋਹਨ ਸਿੰਘ ਤੋਂ ਮਗਰੋਂ ਪੰਜਾਬੀ ਕਵਿਤਾ ਵਿਚ ਆਈਆਂ ਪ੍ਰਵਿਰਤੀਆਂ ਦਾ ਉਹ ਸਾਖਸ਼ਾਤ ਗਵਾਹ ਹੈ। ਪੰਜਾਬੀ ਕਵਿਤਾ ‘ਚ ਪ੍ਰਯੋਗਵਾਦ ਤੇ ਆਧੁਨਿਕਤਾਵਾਦ ਲਈ ਤਿਆਰ ਹੁੰਦੀ ਜਮੀਨ ਉਸ ਨੇ ਅੱਖੀਂ ਦੇਖੀ ਹੈ। ਇਸ ਸੁਭਾਅ ਦੀ ਕਵਿਤਾ ਦੇ ਪੁੰਗਰਦੇ ਤੇ ਮੌਲਦੇ ਬੂਟਿਆਂ ਦੇ ਅੰਗ-ਸੰਗ ਉਸ ਦਾ ਸਾਹਿਤਕ ਸਫਰ ਜਾਰੀ ਰਿਹਾ ਹੈ। ਉਹ ਇਨ੍ਹਾਂ ਦੇ ਅੰਗ-ਸੰਗ ਰਹਿ ਕੇ ਵੀ ਵੱਖਰੀ ਨੁਹਾਰ ਕਾਇਮ ਰੱਖਣ ‘ਚ ਕਾਮਯਾਬ ਰਿਹਾ।
ਗੁਰੂਮੇਲ ਸਿੱਧੂ ਇਹ ਗੱਲ ਸਵੀਕਾਰ ਕਰਨ ‘ਚ ਭੋਰਾ ਝਿਜਕ ਨਹੀਂ ਮਹਿਸੂਸ ਕਰਦਾ ਕਿ ਸ਼ੁਰੂ ‘ਚ ਉਹ ਹਰਿਭਜਨ ਸਿੰਘ ਦੀ ਕਵਿਤਾ ਤੋਂ ਪ੍ਰਭਾਵਿਤ ਰਿਹਾ। ਉਸ ਨੂੰ ਇਹ ਦੱਸਣ ‘ਚ ਵੀ ਕੋਈ ਉਜਰ ਨਹੀਂ ਕਿ ਪ੍ਰੋ. ਮੋਹਨ ਸਿੰਘ ਦੇ ਪਰਚੇ Ḕਪੰਜ ਦਰਿਆ’ ‘ਚ ਉਸ ਦੀਆਂ ਮੁਢਲੀਆਂ ਕਵਿਤਾਵਾਂ ਨਹੀਂ ਸੀ ਛਪੀਆਂ। ਜਦੋਂ ਉਹ ਮੋਹਨ ਸਿੰਘ ਨੂੰ ਮਿਲਣ ਗਿਆ ਤਾਂ ਮੋਹਨ ਸਿੰਘ ਨੇ ਉਸ ਨੂੰ ਵਾਰਤਕ ਲਿਖਣ ਦੀ ਸਲਾਹ ਦਿੱਤੀ ਸੀ। ਫਿਰ ਉਸੇ ਮੋਹਨ ਸਿੰਘ ਨੇ Ḕਨਵੇਂ ਕਵੀ’ ਵਜੋਂ ਉਸ ਨੂੰ Ḕਪੰਜ ਦਰਿਆ’ ਵਿਚ ਉਚੇਚ ਨਾਲ ਛਾਪਿਆ ਸੀ।
Ḕਸਿਮ੍ਰਤੀ ਦੇ ਹਾਸ਼ੀਏ’ ‘ਚ ਗੁਰੂਮੇਲ ਹੋਰਾਂ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਪੇਸ਼ ਕੀਤੀਆਂ ਨੇ, ਜੋ ਦੇਖਣ ਨੂੰ ਭਾਵੇਂ ਮਾਮੂਲੀ ਜਾਪਣ, ਅਚੇਤ ਹੀ ਸੂਝ ਦੇ ਬੀਜ ਮਨ ਅੰਦਰ ਬੀਜ ਜਾਂਦੀਆਂ ਨੇ। ਸਹੀ ਸੰਦਰਭ ‘ਚ ਸਹੀ ਸ਼ਬਦ ਵਰਤਣ ਬਾਰੇ ਉਨ੍ਹਾਂ ਦੋ ਮਿਸਾਲਾਂ ਦਿੱਤੀਆਂ। ਇਕ ਵਾਰ ਗੁਰੂਮੇਲ ਹੋਰਾਂ Ḕਕਵਿਤਾ ਵਿਚ ਅਨੁਭਵ’ ਵਿਸ਼ੇ ‘ਤੇ ਲੇਖ ਲਿਖਿਆ। ਉਨ੍ਹਾਂ Ḕਅਨੁਭਵ’ ਦੀ ਥਾਂ ਸ਼ਬਦ Ḕਤਜਰਬਾ’ ਵਰਤਿਆ। ਪ੍ਰਸਿੱਧ ਵਿਦਵਾਨ ਗੁਲਵੰਤ ਸਿੰਘ ਨੇ ਗੁਰੂਮੇਲ ਹੋਰਾਂ ਦੀ ਕਲਾਸ ਲਾਉਂਦਿਆਂ ਸਮਝਾਇਆ ਕਿ ਤਜਰਬਾ ਉਸ ਨੂੰ ਕਹਿੰਦੇ ਹਨ, ਜੋ ਰਸਮੀ ਵਿਦਿਆ ਦੇ ਆਧਾਰ ‘ਤੇ ਕਮਾਇਆ ਜਾਂਦਾ ਹੈ ਅਤੇ Ḕਅਨੁਭਵ’ ਗਿਆਨ ਇੰਦਰੀਆਂ ਰਾਹੀਂ ਸਹਿਜ-ਭਾਵੀ ਗ੍ਰਹਿਣ ਹੁੰਦਾ ਹੈ।
ਦੂਜਾ ਵਾਕਿਆ ਵੀ ਗੁਲਵੰਤ ਸਿੰਘ ਹੋਰਾਂ ਨਾਲ ਹੀ ਸਬੰਧਤ ਹੈ। ਇਕ ਵਾਰ ਗੁਰੂ ਗ੍ਰੰਥ ਸਾਹਿਬ ਦੀ ਟੀਕਾਕਾਰੀ ਬਾਰੇ ਹੋ ਰਹੀ ਗੋਸ਼ਟੀ ‘ਚ ਪ੍ਰੋ. ਪਿਆਰ ਸਿੰਘ ਨੇ ਕਿਹਾ ਕਿ ਸਾਹਿਬ ਸਿੰਘ ਨੇ ਟੀਕਾਕਾਰੀ ਵਿਚ ਕਈ ਥਾਂ ‘ਤੇ ਹਠ-ਧਰਮੀ ਦਿਖਾਈ ਹੈ। ਗੁਲਵੰਤ ਸਿੰਘ ਹੋਰਾਂ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਇਕ ਵਿਦਵਾਨ ਨੇ ਸਾਹਿਬ ਸਿੰਘ ਦੀ ਟੀਕਾਕਾਰੀ ‘ਤੇ ਹਠ-ਧਰਮੀ ਦਾ ਆਰੋਪ ਲਾ ਕੇ ਉਨ੍ਹਾਂ ਦੀ ਵਿਦਵਤਾ ਨਾਲ ਨਿਆਂ ਨਹੀਂ ਕੀਤਾ। ਸਾਹਿਬ ਸਿੰਘ ਹੋਰਾਂ ਬੜੀ ਸਿਆਣਪ ਅਤੇ ਵਿਦਵਤਾ ਨਾਲ ਟੀਕਾਕਾਰੀ ਕੀਤੀ ਹੈ। ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੇ ਅਰਥ ਤੁਹਾਡੀ ਸੋਚ ਨਾਲ ਮੇਚ ਹੋਵਣ। ਸ਼ਬਦ Ḕਹਠ-ਧਰਮੀ’ ਦਾ ਅਦਬ ਅਤੇ ਦਰਸ਼ਨ ਦੇ ਖੇਤਰਾਂ ਨਾਲ ਕੋਈ ਵਾਹ ਵਾਸਤਾ ਨਹੀਂ। ਇਹ ਤਾਂ ਬੇਸਮਝ ਅਤੇ ਬੇਅਦਬ ਲੋਕਾਂ ਦੀ ਕਾਢ ਹੈ।
ਕਿਤਾਬ ਕਿਤੇ ਵੀ ਬੋਝਲ ਨਹੀਂ ਹੁੰਦੀ, ਸਗੋਂ ਵਾਰਤਕ ਦਾ ਰਿਦਮ ਕਿਤੇ ਨਹੀਂ ਟੁੱਟਦਾ। ਪਾਠਕ ਹੱਸਦਾ, ਗੰਭੀਰ ਹੁੰਦਾ, ਸੋਚੀਂ ਪੈਂਦਾ, ਬੜਾ ਕੁਝ ਗ੍ਰਹਿਣ ਕਰਦਾ ਆਪਣੀ ਝੋਲੀ ਭਰਦਾ ਲੇਖਕ ਦੇ ਨਾਲ-ਨਾਲ ਤੁਰਿਆ ਜਾਂਦਾ ਹੈ।
ਆਪਣੇ ਜੀਵਨ ‘ਚ ਆਈਆਂ ਕੁੜੀਆਂ ਦਾ ਜ਼ਿਕਰ ਉਹ ਬੜੇ ਮਾਣ, ਸਤਿਕਾਰ ਅਤੇ ਮਰਿਆਦਾ ਨਾਲ ਕਰਦਾ ਹੈ। ਕੋਈ ਗੱਲ ਪਰਦੇ ਤੋਂ ਬਾਹਰ ਵੀ ਨਹੀਂ ਆਉਣ ਦਿੰਦਾ ਤੇ ਛੁਪਾਉਂਦਾ ਵੀ ਕੁਝ ਨਹੀਂ।
ਪੋਸਟ-ਸਕ੍ਰਿਪਟ
ਮਨਮੋਹਨ ਪੂਨੀ ਨੇ Ḕਸੈਨ ਫਰਾਂਸਿਸਕੋ ਸਾਜ਼ਿਸ਼ ਕੇਸ’ ਬਾਰੇ ਇਕ ਕਿਤਾਬਚਾ ਪੜ੍ਹਨ ਨੂੰ ਦਿੱਤਾ। ਆਦਤ ਮੂਜਬ ਮੈਂ ਲਾਲ ਪੈੱਨ ਨਾਲ ਸ਼ਬਦ-ਜੋੜਾਂ ਦੀਆਂ ਗਲਤੀਆਂ ‘ਤੇ ਗੋਲ ਚੱਕਰ ਵਹਾ ਦਿੱਤੇ। ਪੂਨੀ ਨੂੰ ਇਹ ਗੱਲ ਚੰਗੀ ਲੱਗੀ। ਉਹ ਗੁਰੂਮੇਲ ਸਿੱਧੂ ਦੀ Ḕਸਿਮ੍ਰਤੀ ਦੇ ਹਾਸ਼ੀਏ’ ਪੜ੍ਹ ਰਿਹਾ ਸੀ। ਮੈਨੂੰ ਕਹਿਣ ਲੱਗਾ, “ਭਾਜੀ ਗੁਰੂਮੇਲ ਹੋਰਾਂ ਦੀ ਕਿਤਾਬ ‘ਚ ਵੀ ਗਲਤ ਛਪੇ ਸ਼ਬਦਾਂ ‘ਤੇ ਗੋਲ ਚੱਕਰ ਵਹਾ ਦੇਣੇ ਸੀ?” ਮੈਂ ਕਿਹਾ, “ਫਿਰ ਤਾਂ ਸਾਰੀ ਕਿਤਾਬ ਹੀ ਲਾਲ ਹੋ ਜਾਣੀ ਸੀ।”