ਗਲਤ ਅਨੁਵਾਦ ਦੀ ਨਮੋਸ਼ੀ

‘ਪੰਜਾਬ ਟਾਈਮਜ਼’ ਵਿਚ ਛਪਦੀਆਂ ਹਰਪਾਲ ਸਿੰਘ ਪੰਨੂ ਦੀਆਂ ਲਿਖਤਾਂ ਮੈਂ ਬਾਕਾਇਦਾ ਪੜ੍ਹਦਾ ਹਾਂ ਤੇ ਇਨ੍ਹਾਂ ਦਾ ਕਾਇਲ ਹਾਂ। ਰਵਾਂ ਰਵੀਂ ਚਲਦੇ ਉਨ੍ਹਾਂ ਦੇ ਪਾਠ ਵਿਚ ਕਿਧਰੇ ਝਟਕੇ ਨਹੀਂ ਹੁੰਦੇ ਇਸ ਲਈ ਉਹ ਰੂਹ ਨੂੰ ਸਕੂਨ ਬਖਸ਼ਦੀਆਂ ਹਨ। ਮੈਨੂੰ ਤਸੱਲੀ ਤੇ ਮਾਣ ਹੈ ਕਿ ਉਹ ਮੇਰਾ ਲਿਖਿਆ ਵੀ ਪੜ੍ਹਦੇ ਹਨ। ਛਬੀਲ ਵਾਲੇ ਲੇਖ ਵਿਚ ਮੇਰੇ ਤੋਂ ਨਾਸਮਝੀ ਵਿਚ ਇੱਕ ਗਲਤੀ ਹੋ ਗਈ। ਮੈਂ ਆਪਣੇ ਲੇਖ ਵਿਚ ਕਰਬਲਾ ਦੀ ਜੰਗ ਦੇ ਸ਼ਹੀਦ ਇਮਾਮ ਹੁਸੈਨ ਨੂੰ ਹਜ਼ਰਤ ਮੁਹੰਮਦ ਦਾ ਪੋਤਾ ਤੇ ਹਜ਼ਰਤ ਅਲੀ ਦਾ ਬੇਟਾ ਲਿਖ ਦਿੱਤਾ, ਜੋ ਤੱਥਾਤਮਕ ਗਲਤ ਬਿਆਨੀ ਹੈ।

ਇਹ ਸਹੀ ਹੈ ਕਿ ਹਜ਼ਰਤ ਮੁਹੰਮਦ ਦਾ ਕੋਈ ਪੋਤਾ ਨਹੀਂ ਸੀ। ਇਮਾਮ ਹੁਸੈਨ ਉਨ੍ਹਾਂ ਦੀ ਬੇਟੀ ਫਾਤਿਮਾ ਦਾ ਪੁੱਤਰ ਸੀ, ਇਸ ਲਈ ਉਹ ਮੁਹੰਮਦ ਸਾਹਿਬ ਦਾ ਦੋਹਤਾ ਲੱਗਿਆ। ਸ਼ ਪੰਨੂ ਨੇ ਮੇਰੀ ਗਲਤੀ ਦਾ ਕਾਰਨ ਵੀ ਸਹੀ ਲੱਭਿਆ ਹੈ। ਮੈਂ ਇਹ ਜਾਣਕਾਰੀ ਅੰਗਰੇਜ਼ੀ ਸ੍ਰੋਤਾਂ ਤੋਂ ਲਈ ਸੀ ਤੇ ਇਸ ਭਾਸ਼ਾ ਵਿਚ ਦੋਹਤੇ ਅਤੇ ਪੋਤੇ ਲਈ ਇੱਕੋ ਸ਼ਬਦ ਹੁੰਦਾ ਹੈ, ਗਰੈਂਡਸੰਨ। ਇਸ ਭੁੱਲ ਦੇ ਚਿਤਾਰੇ ਨਾਲ ਭੁੱਲ ਸੋਧੀ ਗਈ ਹੈ ਜਿਸ ਕਰਕੇ ਮੈਨੂੰ ਅਤੇ ਹੋਰ ਪਾਠਕਾਂ ਨੂੰ ਲਾਭ ਹੋਇਆ ਹੈ। ਇਸ ਲਈ ਉਨ੍ਹਾਂ ‘ਤੇ ਵਾਰੇ ਵਾਰੇ ਜਾਂਦਾ ਹਾਂ।
ਮੈਂ ਇਸ ਚਿੱਠੀ ਦਾ ਲਾਹਾ ਲੈ ਕੇ ‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਬੇਸਮਝੀ, ਗਲਤ ਅਨੁਵਾਦ ਅਤੇ ਗਲਤ ਲਿਪੀਅੰਤਰ ਕਾਰਨ ਪੈਦਾ ਹੋਈ ਇੱਕ ਹੋਰ ਹਾਸੋਹੀਣੀ ਲਿਖਤ ਵੱਲ ਧਿਆਨ ਦੁਆਉਣਾ ਚਾਹੁੰਦਾ ਹਾਂ। ਅਖਬਾਰ ਵਿਚ ‘ਜੀਨ ਦੀ ਛੋਟੀ ਜੇਬ ਕਿਉਂ ਹੁੰਦੀ ਹੈ?’ ਸਿਰਲੇਖ ਅਧੀਨ ਅਮਰਜੀਤ ਚੰਦਰ ਦਾ ਇੱਕ ਜੇਬੀ ਟੋਟਾ ਛਪਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਛੋਟੀ ਜੇਬ ‘ਪਿਛਲੇ ਸਮੇਂ ਵਿਚ ਕਾਓ ਬਾਊਜ਼ ਲਈ ਤਿਆਰ ਕੀਤਾ ਗਿਆ ਸੀ’ ਤਾਂ ਕਿ ਇਸ ਵਿਚ ਜੇਬ ਘੜੀ ਰੱਖ ਸਕੇ। ਲਿਖਤ ਵਿਚ ਇੱਕ ਹੋਰ ਫਿਕਰਾ ਧਿਆਨਯੋਗ ਹੈ, ‘ਕਿਹਾ ਜਾਂਦਾ ਹੈ ਕਿ ਅਠਾਰਵੀਂ ਸਦੀ ਵਿਚ ਕਾਓ ਬਾਊਜ਼ ਘੜੀ ਰੱਖਣ ਦਾ ਬਹੁਤ ਸ਼ੌਕੀਨ ਸੀ ਜਿਸ ਨੂੰ ਦੇਖਦਿਆਂ ਲੇਬਾਇਸ ਕੰਪਨੀ ਨੇ ਜੀਨ ਨੂੰ ਛੋਟੀ ਜੇਬ ਲਾਉਣੀ ਸ਼ੁਰੂ ਕਰ ਦਿੱਤੀ, ਤਾਂ ਕਿ ਕਾਓ ਬਾਊਜ਼ ਆਪਣੀ ਘੜੀ ਰੱਖ ਸਕੇ।’ ਅਜੀਬ ਗੱਲ ਹੈ ਕਿ ਮਹਾਨ ‘ਕਾਓ ਬਾਊਜ਼’ ਨਾਂ ਦੇ ਜੇਬ ਘੜੀ ਰੱਖਣ ਦੇ ਸ਼ੌਕੀਨ ਸਿਰਫ ਇੱਕ ਵਿਅਕਤੀ ਲਈ ਹੀ ਕੰਪਨੀ ਨੇ ਛੋਟੀ ਜੇਬ ਲਾਉਣੀ ਸ਼ੁਰੂ ਕਰ ਦਿੱਤੀ ਜੋ ਅੱਜ ਕਲ੍ਹ ਵੀ ਬਰਕਰਾਰ ਹੈ!
ਦਰਅਸਲ ਕੰਪਨੀ ਨੇ ‘ਕਾਓ ਬਾਊਜ਼’ ਨਾਂ ਦੇ ਕਿਸੇ ਇੱਕ ਬੰਦੇ ਲਈ ਇਹ ਪੁੰਨ ਕਾਰਜ ਨਹੀਂ ਕੀਤਾ ਸਗੋਂ ‘ਕਾਉ ਬੁਆਇਜ਼’ ਲਈ ਕੀਤਾ ਹੈ। ਇਹ ਪਦ ਉਤਰੀ ਅਮਰੀਕਾ ਦੇ ਰੈਂਚਾਂ (ਫਾਰਮਾਂ) ਦੇ ਪਸੂਆਂ ਦੀ ਰਾਖੀ ਕਰਨ ਵਾਲਿਆਂ ਲਈ ਵਰਤਿਆ ਜਾਂਦਾ ਹੈ ਜੋ ਰਵਾਇਤੀ ਤੌਰ ‘ਤੇ ਘੋੜਿਆਂ ‘ਤੇ ਸਵਾਰ ਹੋ ਕੇ ਆਪਣੇ ਕੰਮ ਕਰਦੇ ਸਨ। ਇਹ ਸ਼ਬਦ ਆਇਰਲੈਂਡ ਦੇ ਅੰਗਰੇਜ਼ੀ ਲੇਖਕ ਜੋਨਾਥਨ ਸਵਿਫਟ ਨੇ 1725 ਵਿਚ ਵਰਤਿਆ ਸੀ ਜਿਸ ਵਿਚ ਇਹ ਸ਼ਬਦ ਗਾਂਵਾਂ ਦੀ ਸੰਭਾਲ ਕਰਨ ਵਾਲੇ ਮੁੰਡੂ ਲਈ ਵਰਤਿਆ ਗਿਆ ਸੀ। ਅਮਰੀਕਾ ਵਿਚ ਇਹ ਸ਼ਬਦ ਸਪੈਨਿਸ਼ ਭਾਸ਼ਾ ਦੇ ਸ਼ਬਦ ੜਅਤੁeਰੋ (ਵਾਕਰੋ ਜਾਂ ਬਾਕਰੋ) ਦਾ ਸਿੱਧਾ ਅਨੁਵਾਦ ਹੈ। ਇਸ ਭਾਸ਼ਾ ਵਿਚ ਇਸ ਦਾ ਅਰਥ ਹੁੰਦਾ ਹੈ-ਗਊ ਪਾਲਕ ਸਮਝੋ ਗੋਪਾਲ। ਲਾਤੀਨੀ ਤੋਂ ਸਪੈਨਿਸ਼ ਵਿਚ ਆਏ ‘ਵਾਚ’ ਸ਼ਬਦ ਦਾ ਅਰਥ ਗਾਂ ਹੈ। ਘੋੜਿਆਂ ‘ਤੇ ਚੜ੍ਹ ਕੇ ਪਸੂਆਂ ਦੀ ਰਾਖੀ ਆਦਿ ਕਰਨ ਦੀ ਇਹ ਪਰੰਪਰਾ ਸਪੇਨ ਤੋਂ ਇਸ ਦੇਸ਼ ਦੀ ਬਸਤੀ ਮੈਕਸੀਕੋ ਪੁੱਜੀ ਜਿਥੋਂ ਫਿਰ ਅਮਰੀਕਾ ਵਿਚ ਆਈ।
ਅਮਰਜੀਤ ਚੰਦਰ ਨੇ ਆਪਣੀ ਲਿਖਤ ਵਿਚ ਤਿੰਨ ਗਲਤੀਆਂ ਕੀਤੀਆਂ ਹਨ: 1. ਕਾਓ ਬੁਆਇਜ਼ ਨੂੰ ਕਾਓ ਬਊਜ਼ ਬਣਾ ਦਿੱਤਾ; 2. ਇਸ ਨੂੰ ਇੱਕ-ਵਚਨ ਵਜੋਂ ਵਰਤਿਆ; 3. ਤੇ ਫਿਰ ਇੱਕ ਬੰਦੇ ਦੇ ਖਾਸ ਨਾਂ ਵਜੋਂ ਪੇਸ਼ ਕੀਤਾ। ਪਤਾ ਨਹੀਂ ਖੁਦ ਚੰਦਰ ਸਮੇਤ ਕਿਸੇ ਦੇ ਕੁਝ ਪਿੜ ਪੱਲੇ ਪਿਆ। ਸਾਰੀ ਵਾਰਤਾ ਹਾਸੋਹੀਣੀ ਹੋ ਨਿਬੜੀ।
-ਬਲਜੀਤ ਬਾਸੀ