ਗਰਮਖਿਆਲੀਆਂ ਨਾਲ ਕੈਪਟਨ ਦੀ ਮਿਲਣੀ ਨੇ ਸਿਆਸੀ ਸਰਗਰਮੀਆਂ ਵਧਾਈਆਂ

ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿਚ ਪਹਿਲੀ ਜੂਨ ਤੋਂ ਬਰਗਾੜੀ ਵਿਚ ਲਾਏ ਗਏ ਧਰਨੇ ਨੇ ਸਿੱਖ ਸਿਆਸਤ ਵਿਚ ਨਵੀਆਂ ਸਫਬੰਦੀਆਂ ਤੇ ਸਰਗਰਮੀਆਂ ਦੇ ਰਾਹ ਖੋਲ੍ਹ ਦਿੱਤੇ ਹਨ। ਧਰਨੇ ਨੂੰ ਸਿੱਖ ਸੰਗਤ ਵੱਲੋਂ ਮਿਲੇ ਹੁੰਗਾਰੇ ਨੇ ਸਿਆਸੀ ਧਿਰਾਂ ਦਾ ਵੀ ਧਿਆਨ ਖਿੱਚਿਆ ਹੈ। ਸਭ ਤੋਂ ਵੱਧ ਚਰਚਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਰਮਖਿਆਲੀ ਕਹੇ ਜਾਂਦੇ ਜਥੇਦਾਰਾਂ ਤੇ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਦੀ ਹੈ।

ਉਧਰ, ਗਰਮਖਿਆਲੀ ਸੰਗਠਨਾਂ ਤੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਸਿੱਖ ਮੰਗਾਂ ਬਾਰੇ ਆਰੰਭ ਕੀਤੇ ਧਰਨੇ ਨੂੰ ਲੈ ਕੇ ਵਧ ਰਹੀ ਸਰਗਰਮੀ ਕਾਰਨ ਅਕਾਲੀ ਆਗੂਆਂ ਦੇ ਵੀ ਕੰਨ ਖੜ੍ਹੇ ਹੋ ਗਏ ਹਨ। ਖਾਸ ਕਰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ ਦੀ ਚਿੰਤਾ ਵਧ ਗਈ ਹੈ ਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਕਿਤੇ ਇਹ ਲੋਕ ਇਹ ਮੰਗਾਂ ਮੰਨਵਾ ਕੇ ਸਿੱਖ ਭਾਈਚਾਰੇ ਅੰਦਰ ਆਪਣਾ ਵੱਕਾਰ ਨਾ ਵਧਾ ਜਾਣ। ਸਮਝਿਆ ਜਾਂਦਾ ਹੈ ਕਿ ਨਵੇਂ ਉਭਰ ਰਹੇ ਹਾਲਾਤ ਵਿਚ ਆਪਣਾ ਦਖਲ ਵਧਾਉਣ ਲਈ ਇਕ ਪਾਸੇ ਅਕਾਲੀ ਆਗੂਆਂ ਨੇ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਅਮਿਤ ਸ਼ਾਹ ਤੇ ਮੋਦੀ ਨਾਲ ਵਿਸ਼ੇਸ਼ ਜ਼ਿਕਰ ਕੀਤਾ ਹੈ ਤੇ ਦੂਜੇ ਪਾਸੇ 3-4 ਸਾਲ ਤੋਂ ਗਰਮਖਿਆਲੀ ਤੇ ਸਰਬੱਤ ਖਾਲਸਾ ਵਾਲੀਆਂ ਧਿਰਾਂ ਤੋਂ ਸਪੱਸ਼ਟ ਦੂਰੀ ਰੱਖ ਕੇ ਅਕਾਲੀ ਦਲ ਦੇ ਪੈਰ ਵਿਚ ਪੈਰ ਰੱਖ ਕੇ ਚਲਦੇ ਆ ਰਹੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਬਰਗਾੜੀ ਧਰਨੇ ਵਿਚ ਪੁੱਜਣਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਟਕਸਾਲ ਮੁਖੀ ਨੇ ਧਰਨੇ ਵਿਚ ਸ਼ਾਮਲ ਹੋ ਕੇ ਇਕ ਤਾਂ ਗਰਮਖਿਆਲੀਆਂ ਵਿਚੋਂ ਆਪਣੇ ਮੁਕੰਮਲ ਨਿਖੇੜੇ ਨੂੰ ਘਟਾਉਣ ਤੇ ਦੂਜਾ ਧਰਨੇ ਵਿਚ ਸ਼ਮੂਲੀਅਤ ਕਰ ਕੇ ਇਸ ਦੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਆਪਣੇ ਸਿਰ ਬੰਨ੍ਹਣ ਦੀ ਦੋਧਾਰੀ ਰਣਨੀਤੀ ਅਖਤਿਆਰ ਕੀਤੀ ਹੈ।
ਦੱਸ ਦਈਏ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਮੁਤਵਾਜ਼ੀ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੱਤੀ ਤੇ ਹਮੇਸ਼ਾ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਆਗੂਆਂ ਨਾਲ ਮੀਟਿੰਗ ਕਰ ਕੇ ਸਿੱਖ ਬੰਦੀਆਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਗਾੜੀ ਕਾਂਡ ਨੂੰ ਹੱਲ ਕਰਨ ਲਈ ਪਹਿਲਕਦਮੀ ਕੀਤੀ। ਮੁੱਖ ਮੰਤਰੀ ਦੇ ਭਰੋਸੇਮੰਦ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਜਾ ਕੇ ਇਸ ਮੀਟਿੰਗ ਲਈ ਰਸਤਾ ਖੋਲ੍ਹਿਆ। ਪਤਾ ਲੱਗਾ ਹੈ ਕਿ ਮੀਟਿੰਗ ਵਿਚ ਗਰਮਖਿਆਲੀ ਆਗੂਆਂ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਬਾਰੇ ਪੁਲਿਸ ਨੂੰ ਸਾਰੀ ਜਾਣਕਾਰੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਉਹ ਚੋਣਾਂ ਸਮੇਂ ਖੁਦ ਬਹਿਬਲ ਕਲਾਂ ਦੇ ਦੋਸ਼ੀਆਂ ਦੇ ਨਾਂ ਵੀ ਲੈਂਦੇ ਰਹੇ ਹਨ। ਮੀਟਿੰਗ ਵਿਚ ਕੁਝ ਮਹੀਨੇ ਪਹਿਲਾਂ ਮੌੜ ਵਿਖੇ ਬੰਬ ਧਮਾਕੇ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਪੈੜ ਸਿਰਸਾ ਡੇਰੇ ਵਿਚ ਜਾਣ ਬਾਰੇ ਪੁਲਿਸ ਟੀਮ ਵੱਲੋਂ ਪੁਖਤਾ ਸਬੂਤ ਜੁਟਾ ਲਏ ਜਾਣ ਤੇ ਫਿਰ ਗ੍ਰਿਫਤਾਰ ਕਰਨ ਦੇ ਨੇੜੇ ਪਹੁੰਚਣ ਸਮੇਂ ਸਰਕਾਰ ਵੱਲੋਂ ਹੱਥ ਪਿੱਛੇ ਖਿੱਚ ਲੈਣ ਦੀ ਚਰਚਾ ਵੀ ਹੋਈ। ਪਤਾ ਲੱਗਾ ਹੈ ਕਿ ਜਦ ਨੇਤਾਵਾਂ ਨੇ ਦੱਸਿਆ ਕਿ ਪੁਲਿਸ ਨੂੰ ਸਾਰੀ ਜਾਣਕਾਰੀ ਹੈ ਤਾਂ ਇਕ ਵਾਰ ਮੁੱਖ ਮੰਤਰੀ ਕਾਫੀ ਪਰੇਸ਼ਾਨ ਨਜ਼ਰ ਆਏ।
ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਉਤੇ ਦੱਸਿਆ ਜਾਂਦਾ ਹੈ ਕਿ ਜਦ ਗੱਲਬਾਤ ਹੋ ਰਹੀ ਸੀ ਤਾਂ ਵਿਚੋਂ ਟੋਕ ਕੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਕੈਦੀ ਪੰਜਾਬ ਵਿਚ ਲਿਆਉਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲ ਕਰਨੀ ਪਵੇਗੀ, ਵਫਦ ਨੇ ਇਸ ਗੱਲ ਦਾ ਬੜੇ ਕਰੜੇ ਰੂਪ ਵਿਚ ਜਵਾਬ ਦਿੱਤਾ ਤੇ ਕਿਹਾ ਕਿ ਜੇਕਰ ਸਜ਼ਾ ਭੁਗਤ ਚੁੱਕੇ ਕੈਦੀ ਦੀ ਸਰਕਾਰ ਜੇਲ੍ਹ ਬਦਲੀ ਵੀ ਨਹੀਂ ਕਰਵਾ ਸਕਦੀ, ਫਿਰ ਸਾਨੂੰ ਗੱਲਬਾਤ ਲਈ ਕਾਹਦੇ ਵਾਸਤੇ ਸੱਦਿਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਉਣਾ ਚਾਹੁੰਦੇ ਸਨ, ਪਰ ਵਫਦ ਨੇ ਠੋਸ ਕਾਰਵਾਈ ਬਗੈਰ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ, ਪਰ ਦੂਜੇ ਪਾਸੇ ਦਬਾਅ ਵਿਚ ਆਈ ਸਰਕਾਰ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਨੁਕਰੇ ਲਗਾਈ ਪੁਲਿਸ ਜਾਂਚ ਟੀਮ ਨੂੰ ਮੁੜ ਸਰਗਰਮ ਕਰ ਦਿੱਤਾ ਹੈ। ਡੀ. ਜੀ. ਪੀ. ਖੁਫੀਆ ਵਿੰਗ ਨੇ ਸੰਪਰਕ ਕਰਨ ਉਤੇ ਚੰਡੀਗੜ੍ਹ ਮੀਟਿੰਗ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਤੇ ਪੰਜਾਬ ਦੀਆਂ ਜੇਲ੍ਹਾਂ ‘ਚ ਬਦਲੀ ਬਾਰੇ ਕਾਰਵਾਈ ਚੱਲ ਰਹੀ ਹੈ। ਰਾਜੀਵ ਗਾਂਧੀ ਦੇ ਹਤਿਆਰਿਆਂ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਰਿਹਾਅ ਕੀਤੇ ਜਾਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੇ ਰਾਜ ਸਰਕਾਰਾਂ ਦੇ ਹੱਥ ਬੰਨ੍ਹ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਬਾਰੇ ਸਰਗਰਮੀ ਜਾਰੀ ਹੈ ਤੇ ਉਮੀਦ ਹੈ ਛੇਤੀ ਨਤੀਜਾ ਨਿਕਲ ਆਵੇਗਾ।