ਖੋਜੀ ਉਪਜੈ ਬਾਦੀ ਬਿਨਸੈ

ਡਾ. ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਵਿਚ ‘ਵਿਚਾਰ’ ਜਾਂ ਤਰਕ ਨੂੰ ਬਹੁਤ ਅਹਿਮ ਸਥਾਨ ਪ੍ਰਾਪਤ ਹੈ| ਸਿੱਖ ਗੁਰੂ ਸਾਹਿਬਾਨ ਨੇ ਇਸ ਤੱਥ ਤੇ ਜੋ.ਰ ਦਿੱਤਾ ਹੈ ਕਿ ਮਨੁੱਖ ਦੇ ਦੁਨਿਆਵੀ ਅਤੇ ਅਧਿਆਤਮਕ ਜੀਵਨ ਵਿਚ ‘ਵਿਚਾਰ’ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ| ਵਿਚਾਰ ਵਿਹੂਣਾ ਮਨੁੱਖ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਸਕਦਾ ਹੈ| ਇਸ ਲਈ ਅਧਿਆਤਮਕ ਅਨੁਭਵ ਦੇ ਸਫਰ ਦਾ ਆਗਾਜ਼ ਕਰਨ ਲਈ ਮਨੁੱਖ ਵਾਸਤੇ ਵਿਚਾਰ-ਯੁਕਤ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਸੱਚ ਦੇ ਸਹੀ ਸੰਦਰਭ ਨੂੰ ਸਮਝ ਸਕਣ ਦੇ ਯੋਗ ਹੋ ਸਕੇ| ਗੁਰੂ ਸਾਹਿਬਾਨ ਦਾ ਮੁੱਖ ਟੀਚਾ ਮਨੁੱਖ ਦੀ ਮਾਨਸਿਕਤਾ ਵਿਚ ਅਧਿਆਤਮਕ ਤਬਦੀਲੀ ਲਿਆਉਣ ਦਾ ਰਿਹਾ ਹੈ ਤਾਂ ਕਿ ਮਨੁੱਖ ਉਸ ਪਰਮਸਤਿ ਨਾਲ ਇੱਕਸੁਰ ਹੋ ਕੇ ਇਸ ਬ੍ਰਹਿਮੰਡੀ ਸੁਸੰਗਤੀ ਨੂੰ ਸਮਝ ਸਕੇ ਅਤੇ ਇਸ ਨਾਲ ਇੱਕਸੁਰ ਹੋ ਸਕੇ|

ਵਿਚਾਰਹੀਣ ਮਨੁੱਖ ਇਸ ਬ੍ਰਹਿਮੰਡੀ ਸੁਸੰਗਤੀ ਨੂੰ ਸਮਝਣ ਵਿਚ ਅਸਫਲ ਹੋ ਜਾਂਦਾ ਹੈ ਅਤੇ ਇਸ ਲਈ ਸੱਚ ਦੇ ਸੰਦੇਸ਼ ਨੂੰ ਵੀ ਸਹੀ ਸੰਦਰਭ ਵਿਚ ਨਹੀਂ ਸਮਝ ਸਕਦਾ| ਵਿਚਾਰ ਦਾ ਸਬੰਧ ਤਰਕ ਨਾਲ ਹੈ, ਜਿਸ ਨੂੰ ਦੋ ਤਰ੍ਹਾਂ ਨਾਲ ਅਮਲ ਵਿਚ ਲਿਆਇਆ ਜਾਂਦਾ ਹੈ|
ਸਿੱਖ ਧਰਮ ਦੇ ਬਾਨੀਆਂ ਨੇ ਸਾਡਾ ਧਿਆਨ ਤਰਕ ਦੇ ਬੇਸਿੱਟਾ ਅਮਲ ਵੱਲ ਦੁਆਉਂਦਿਆਂ ਇਸ ਕਿਸਮ ਦੇ ਤਰਕ ਨੂੰ ‘ਵਾਦ’ ਜਾਂ ‘ਬਾਦ’ ਕਿਹਾ ਹੈ ਅਤੇ ਇਸ ਦੇ ਹਾਂ-ਪੱਖੀ ਅਮਲ ਨੂੰ ਖੋਜ ਕਿਹਾ ਹੈ| ਇਸ ਲਈ ਉਨ੍ਹਾਂ ਨੇ ਦੁਨਿਆਵੀ ਮਾਮਲਿਆਂ ਨੂੰ ਸਮਝਣ ਲਈ ਅਤੇ ਅਧਿਆਤਮਕ ਵਿਕਾਸ ਲਈ ਤਰਕ ਦੇ ਹਾਂ-ਪੱਖੀ ਅਮਲ ‘ਤੇ ਜ਼ੋਰ ਦਿੱਤਾ ਹੈ| ਇਸ ਕਿਸਮ ਦੇ ਤਰਕ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੋਚ, ਵਿਚਾਰ, ਅਕਲ, ਸਿਆਣਪ ਅਤੇ ਸੋਝੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਤਰਕ ਦੇ ਵੱਖ ਵੱਖ ਪੱਧਰਾਂ/ਦਰਜ਼ਿਆਂ ਦੇ ਸੂਚਕ ਹਨ| ਇੱਕ ਵਿਚਾਰਵਾਨ ਵਿਅਕਤੀ ਨੂੰ ਸੱਚ ਦੇ ਗਿਆਨ ਦੀ ਜਿਗਿਆਸਾ ਕਰਦਿਆਂ ਇੱਕ ਖੋਜੀ ਦੀ ਭਾਵਨਾ ਨਾਲ ਆਪਣੇ ਸਫਰ ‘ਤੇ ਅੱਗੇ ਵਧਣਾ ਪੈਂਦਾ ਹੈ| ਗੁਰੂ ਨੇ ਸਾਨੂੰ ਇਸ ਤੱਥ ਤੋਂ ਚੇਤੰਨ ਕੀਤਾ ਹੈ ਕਿ ਖੋਜੀ ਸਹੀ ਨਤੀਜੇ ਜਾਂ ਗਿਆਨ ਤੱਕ ਪਹੁੰਚ ਸਕਦਾ ਹੈ ਜਦ ਕਿ ਵਾਦੀ ਜਾਂ ਬਾਦੀ ਮਹਿਜ ਆਪਣਾ ਸਮਾਂ ਜ਼ਾਇਆ ਕਰਦਾ ਹੈ| ਆਉ, ਅਸੀਂ ਖੋਜੀ ਦੇ ਸੁਭਾਅ ਦਾ ਵਿਸ਼ਲੇਸ਼ਣ ਕਰੀਏ ਜੋ ਕਿ ਬਾਦੀ ਦੇ ਬਿਲਕੁਲ ਉਲਟ ਸੁਭਾਅ ਹੈ|
ਵਿਚਾਰ (ਰੀਜ਼ਨ) ਦੇ ਬਹੁਤ ਅਹਿਮ ਕਾਰਜਾਂ ਵਿਚੋਂ ਇੱਕ ਕਾਰਜ ਹੈ, ਸੱਚ ਦੇ ਗਿਆਨ ਤੱਕ ਪਹੁੰਚਣਾ ਅਤੇ ਇਸ ਦੀ ਛਾਣਬੀਣ ਕਰਨਾ ਜਿਸ ਨੂੰ ਗੁਰੂ ਸਾਹਿਬਾਨ ਨੇ ਖੋਜ ਕਿਹਾ ਹੈ ਅਤੇ ਇਸ ਰਸਤੇ ‘ਤੇ ਚੱਲਣ ਵਾਲੇ ਨੂੰ ਖੋਜੀ ਕਿਹਾ ਹੈ| ਇਸ ਦੇ ਬਿਲਕੁਲ ਉਲਟ ਇੱਕ ਅਜਿਹੇ ਵਿਅਕਤੀ, ਜੋ ਮਹਿਜ ਆਪਣੇ ਨਜ਼ਰੀਏ ਨੂੰ ਸਥਾਪਤ ਕਰਨ ਲਈ ਸੱਚ ਤੋਂ ਪਰ੍ਹੇ ਜਾਣ ਦੀਆਂ ਸਾਰੀਆਂ ਦਲੀਲਾਂ ਘੜ ਲੈਂਦਾ ਹੈ, ਜਿਨ੍ਹਾਂ ਵਿਚੋਂ ਕਈ ਝੂਠੀਆਂ ਵੀ ਹੋ ਸਕਦੀਆਂ ਹਨ, ਨੂੰ ਗੁਰੂ ਸਾਹਿਬ ਨੇ ਵਾਦੀ ਜਾਂ ਬਾਦੀ ਕਿਹਾ ਹੈ| ਇਸ ਤਰ੍ਹਾਂ ਵਾਦ ਜਾਂ ਬਾਦ ਤਾਰਕਿਕ ਯੁਕਤੀਆਂ ਦਾ ਇੱਕ ਸੁਤੰਤਰ ਇਸਤੇਮਾਲ ਹੈ ਜਿਸ ਦੀ ਮਾਨਤਾ ਆਧਾਰ ਵਾਕਾਂ ਵਿਚੋਂ ਕਿਸੇ ਇੱਕ ਦੇ ਝੂਠਾ ਹੋਣ ਨਾਲ ਝੂਠੀ ਵੀ ਹੋ ਸਕਦੀ ਹੈ| ਗਲਤ ਬਿਆਨ ਜਾਂ ਗਲਤ ਵਿਆਖਿਆ ਇੱਕ ਖਾਸ ਨਤੀਜੇ ‘ਤੇ ਪਹੁੰਚਣ ਦੀ ਇੱਛਾ ਕਾਰਨ ਹੋ ਸਕਦੀ ਹੈ|
ਬਾਦ ਜਾਂ ਵਾਦ ਦਾ ਹਾਂ-ਵਾਚਕ ਅਮਲ ਵੀ ਹੈ ਅਤੇ ਨਾਂਹ-ਵਾਚਕ ਅਮਲ ਵੀ| ਗੁਰੂ ਸਾਹਿਬਾਨ ਨੇ ਵਾਦ (ਵਿਚਾਰ ਦਾ ਵਿਅਰਥ ਅਮਲ) ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਨਕਾਰਿਆ ਹੈ| ਇਸ ਸਬੰਧ ਵਿਚ ਵਾਦ ਪੂਰਬ-ਨਿਰਧਾਰਤ ਯੋਜਨਾ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਨੂੰ ਪ੍ਰਗਟ ਕਰਦਾ ਜਾਪਦਾ ਹੈ| ਵਾਦ, ਜਿਸ ਦਾ ਅਰਥ ਵਿਚਾਰ-ਵਿਮਰਸ਼ ਵੀ ਹੈ, ਸੁਤੰਤਰ ਦਲੀਲਾਂ ਰਾਹੀਂ ਅੱਗੇ ਵਧਦਾ ਹੈ ਅਤੇ ਇਸ ਦਾ ਨਿਸ਼ਾਨਾ ਸੱਚ ਤੱਕ ਪਹੁੰਚਣਾ ਹੁੰਦਾ ਹੈ| ਪ੍ਰੰਤੂ ਅਕਸਰ ਇਹ ਮਹਿਜ ਤਕਰਾਰ ਵਿਚ ਨੀਵਾਂ ਚਲਿਆ ਜਾਂਦਾ ਹੈ, ਜਿਸ ਦਾ ਨਿਸ਼ਾਨਾ ਪ੍ਰਭਾਵ ਪਾਉਣਾ ਅਤੇ ਜਿੱਤ ਪ੍ਰਾਪਤ ਕਰਨਾ ਬਣ ਜਾਂਦਾ ਹੈ, ਅਤੇ ਜਿਸ ਨੂੰ ਦਰਅਸਲ ਨੁਕਤਾਚੀਨੀ ਖਾਤਰ ਹੀ ਨੁਕਤਾਚੀਨੀ ਕਰਨ ਵਿਚ ਖੁਸ਼ੀ ਪ੍ਰਾਪਤ ਹੁੰਦੀ ਹੈ| ਇਸ ਕਿਸਮ ਦੇ ਵਿਅਰਥ ਵਿਚਾਰ-ਵਿਮਰਸ਼ ਦਾ ਅੰਤ ਸਿਰਫ ਆਪਣੇ ਵਿਰੋਧੀ ਨੂੰ ਉਸ ਦੀ ਗਲਤੀ ਮੰਨਵਾ ਕੇ ਅਤੇ ਹਾਰ ਮੰਨਣ ਲਈ ਮਜ਼ਬੂਰ ਕਰਕੇ ਹੁੰਦਾ ਹੈ| ਵਾਦ ਅਤੇ ਖੋਜ ਪਰਮਸਤਿ ਦੇ ਗਿਆਨ ਤੱਕ ਪਹੁੰਚਣ ਦੇ ਅਮਲ ਦੇ ਦੋ ਪੱਖ ਹਨ ਅਤੇ ਗਿਆਨ ਦੀ ਜਿਗਿਆਸਾ ਦੇ ਇਹ ਹਾਂ-ਵਾਚਕ ਅਤੇ ਨਾਂਹ-ਵਾਚਕ ਨਿਹਿਤਾਰਥ ਹਨ|
ਪੰਜਾਬੀ ਦਾ ਵਾਦ ਜਿਸ ਨੂੰ ਬਾਦ ਵੀ ਲਿਖਦੇ ਹਨ, ਸੰਸਕ੍ਰਿਤ ਦੇ ਸ਼ਬਦ ਵਾਦ ਤੋਂ ਆਇਆ ਹੈ, ਜਿਸ ਦਾ ਮੂਲ ਵਦ+ਘਨ ਹੈ| ਇਸ ਦਾ ਅਰਥ ਹੈ, ਵਿਚਾਰ-ਵਿਮਰਸ਼ ਜਾਂ ਚਰਚਾ ਕਰਨਾ ਅਰਥਾਤ ਤਾਰਕਿਕ ਵਿਚਾਰ ਅਤੇ ਇਸ ਤਾਰਕਿਕ ਵਿਚਾਰ-ਵਿਮਰਸ਼ ਨੂੰ ਨਿਗਮਾਨਾਤਮਕ ਤਰਕ ਅਤੇ ਅਗਮਾਨਾਤਮਕ ਤਰਕ ਵਿਚ ਵੰਡਿਆ ਜਾਂਦਾ ਹੈ| ਗੁਰੂ ਨਾਨਕ ਅਨੁਸਾਰ ਇਸ ਤਰਕ ਦਾ ਇਹ ਅਮਲ ਵਾਦ ਦਾ ਰੂਪ ਵੀ ਲੈ ਸਕਦਾ ਹੈ ਜੋ ਕਿ ਸਮੇਂ ਦੀ ਬਰਬਾਦੀ ਹੈ| ਗੁਰੂ ਨਾਨਕ ਮਿਸਾਲ ਦਿੰਦੇ ਹਨ ਕਿ ਪੰਡਿਤ ਸਿਮ੍ਰਤੀਆਂ, ਸ਼ਾਸਤਰਾਂ ਤੇ ਪੁਰਾਣਾਂ ਦਾ ਅਧਿਐਨ ਕਰਦਾ ਹੈ ਪਰ ਸਦਾ ਵਾਦ-ਵਿਵਾਦ ਵਿਚ ਹੀ ਪਿਆ ਰਹਿੰਦਾ ਹੈ ਅਤੇ ਅਸਲੀਅਤ ਨੂੰ ਨਹੀਂ ਸਮਝਦਾ, ਸਾਰ ਤੱਤ ਤੱਕ ਨਹੀਂ ਪਹੁੰਚਦਾ| ਕਹਿਣ ਤੋਂ ਭਾਵ ਪੰਡਿਤ ਧਰਮ ਗ੍ਰੰਥਾਂ ਸ਼ਾਸਤਰਾਂ, ਸਿਮ੍ਰਤੀਆਂ ਅਤੇ ਪੁਰਾਣਾਂ ਆਦਿ ਦਾ ਪਠਨ-ਪਾਠਨ ਕਰਦਾ ਹੈ (ਉਸ ਨੂੰ ਵੇਦ ਸ਼ਾਸਤਰ ਜ਼ੁਬਾਨੀ ਵੀ ਯਾਦ ਹੁੰਦੇ ਹਨ, ਬਲਕਿ ਪੁਰਾਣੀ ਪਰੰਪਰਾ ਅਨੁਸਾਰ ਤਾਂ ਵੇਦ ਆਦਿ ਧਰਮ ਗ੍ਰੰਥ ਮੌਖਿਕ ਪਰੰਪਰਾ ਵਿਚ ਹੀ ਇੱਕ ਪੀੜ੍ਹੀ ਤੋਂ ਦੂਜੀ ਤੱਕ ਪਹੁੰਚਦੇ ਸਨ, ਲਿਖਤ ਵਿਚ ਤਾਂ ਬਹੁਤ ਪਿੱਛੋਂ ਆਏ ਹਨ| ਇਸ ਦੇ ਬਾਵਜੂਦ ਪੰਡਿਤ ਉਸ ਗਿਆਨ ਨੂੰ ਸਿਰਫ ਸ਼ਾਸਤਰਾਰਥ ਵਿਚ ਉਲਝੇ ਰਹਿਣ ਤੱਕ ਹੀ ਮਹਿਦੂਦ ਰੱਖਦਾ ਹੈ| ਇਹ ਤੱਥ ਕਿਸੇ ਵੀ ਧਾਰਮਿਕ ਕਹੇ ਜਾਣ ਵਾਲੇ ਆਗੂ ‘ਤੇ ਲਾਗੂ ਹੋ ਸਕਦਾ ਹੈ), ਪਰ ਉਸ ਗਿਆਨ ਦੀ ਉਹ ਹਾਂ-ਵਾਚਕ ਵਰਤੋਂ ਨਹੀਂ ਕਰਦਾ ਜਾਂ ਸੱਚ ਨੂੰ ਸਮਝਣ ਤੇ ਉਸ ਤੱਕ ਪਹੁੰਚਣ ਦੇ ਗਿਆਨ ਦੇ ਸਹੀ ਮਕਸਦ ਨੂੰ ਨਹੀਂ ਸਮਝਦਾ (ਧਾਰਮਿਕ ਗਿਆਨ ਦਾ ਸਹੀ ਮਕਸਦ ਉਸ ਪਰਮਸਤਿ ਤੱਕ ਪਹੁੰਚਣਾ ਹੈ) ਅਤੇ ਹੋਰਨਾਂ ਨਾਲ ਵਾਦ-ਵਿਵਾਦ ਜਾਂ ਸ਼ਾਸਤਰਾਰਥ ਕਰਨ ਵਿਚ ਹੀ ਲੱਗਾ ਰਹਿੰਦਾ ਹੈ, ਨਤੀਜੇ ਵੀ ਫਿਰ ਉਸਾਰੂ ਨਹੀਂ ਨਿਕਲਦੇ:
ਸਿਮ੍ਰਿਤਿ ਸਾਸਤ੍ਰ ਪੜਿਹਿ ਪੁਰਾਣਾ॥
ਵਾਦੁ ਵਖਾਣਹਿ ਤਤੁ ਨ ਜਾਣਾ॥ (ਪੰਨਾ 1032)
ਗੁਰੂ ਨਾਨਕ ਅਨੁਸਾਰ ਵਾਦ-ਵਿਵਾਦ ਵਿਚ ਰੁੱਝੇ ਰਹਿਣਾ ਸਿਆਣਪ ਦਾ ਰਾਸਤਾ ਨਹੀਂ ਹੈ| ਇਹ ਸਮਝ ਨੂੰ ਗੁਆਉਣ ਤੇ ਸਮੇਂ ਦੀ ਬਰਬਾਦੀ ਦੇ ਤੁਲ ਹੈ| ਗੁਰੂ ਅਮਰਦਾਸ ਮਨੁੱਖ ਨੂੰ ਚੇਤੰਨ ਕਰਦੇ ਹਨ ਕਿ ਇਸ ਕਿਸਮ ਦਾ ਤਰਕ ਮਨੁੱਖ ਨੂੰ ਕਿਸੇ ਵੀ ਕਿਸਮ ਦੇ ਗਿਆਨ ਤੱਕ ਪਹੁੰਚਾਉਣ ਤੋਂ ਅਸਮਰੱਥ ਹੁੰਦਾ ਹੈ, ਭਾਵੇਂ ਅਜਿਹੇ ਤਰਕ ਵਿਚ ਉਲਝਿਆ ਮਨੁੱਖ ਆਪਣੇ ਆਪ ਨੂੰ ਕਿੱਡਾ ਵੀ ਵੱਡਾ ਗਿਆਨੀ ਅਤੇ ਚਿੰਤਕ ਹੋਣ ਦਾ ਦਾਅਵਾ ਕਰਦਾ ਹੋਵੇ ਅਤੇ ਧਰਮ-ਗ੍ਰੰਥਾਂ ਦਾ ਵਿਸ਼ਲੇਸ਼ਕ ਅਤੇ ਗਿਆਤਾ ਸਮਝਦਾ ਹੋਵੇ| ਉਹ ਪੰਡਿਤ ਅਤੇ ਜੋਤਸ਼ੀ ਆਦਿ ਦੀ ਮਿਸਾਲ ਦਿੰਦੇ ਹਨ ਜੋ ਸ਼ਾਸਤਰਾਂ ਦਾ ਪਠਨ-ਪਾਠਨ ਕਰਕੇ ਸਿਰਫ ਵਾਦ-ਵਿਵਾਦ ਵਿਚ ਹੀ ਉਲਝੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਬੁੱਧੀ ਅਸਲ ਰਾਸਤੇ ਤੋਂ ਥਿੜਕੀ ਹੁੰਦੀ ਹੈ| ਉਨ੍ਹਾਂ ਦਾ ਮਨ ਅੰਦਰੋਂ ਲੋਭ ਅਤੇ ਅਹੰਕਾਰ ਆਦਿ ਵਿਕਾਰਾਂ ਨਾਲ ਭਰਿਆ ਹੁੰਦਾ ਹੈ| ਗੁਰੂ ਅਮਰਦਾਸ ਅਨੁਸਾਰ ਤਰਕ ਦੀ ਅਜਿਹੀ ਵਰਤੋਂ ਮਨੁੱਖ ਨੂੰ ਕਿਸੇ ਗਿਆਨ ਤੱਕ ਪਹੁੰਚਾਉਣ ਦੀ ਥਾਂ ਉਲਝਣ ਵਿਚ ਹੀ ਪਾਉਂਦੀ ਹੈ:
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ॥ (ਪੰਨਾ 27)

ਵੇਦੁ ਪੜੈ ਅਨਦਿਨੁ ਵਾਦ ਸਮਾਲੇ॥
ਨਾਮੁ ਨ ਚੇਤੈ ਬਧਾ ਜਮਕਾਲੇ॥ (ਪੰਨਾ 1066)
ਇਸ ਤਰ੍ਹਾਂ ਵਾਦੀ ਵਿਚਾਰ ਨੂੰ ਲਾਭਦਾਇਕ ਸਿੱਟੇ ਤੱਕ ਲੈ ਜਾਣ ਦੀ ਥਾਂ ਮੁੱਦੇ ਨੂੰ ਮਹਿਜ ਉਲਝਾਉਂਦਾ ਹੈ| ਇਸ ਦੇ ਬਿਲਕੁਲ ਉਲਟ ਗਿਆਨ ਦੀ ਜਿਗਿਆਸਾ ਕਰਨ ਵਾਲਾ ਖੋਜੀ ਮਨੁੱਖ ਵਿਚਾਰ ਦੇ ਰਾਸਤੇ ‘ਤੇ ਚੱਲਦਾ ਹੈ ਅਤੇ ਗਿਆਨ ਦੀ ਅਸਲੀਅਤ ਤੱਕ ਪਹੁੰਚਦਾ ਹੈ, ਜਿਸ ਨੂੰ ਗੁਰੂ ਨਾਨਕ ਨੇ ‘ਗੁਰਮੁਖਿ ਗਿਆਨੁ ਬੀਚਾਰਾ’ ਕਿਹਾ ਹੈ; ਕਿਉਂਕਿ ਗਿਆਨ ਦਾ ਅਸਲੀ ਖੋਜੀ ਜਾਂ ਜਿਗਿਆਸੂ ਵਿਚਾਰ ਰਾਹੀਂ ਅੱਗੇ ਵਧਦਾ ਹੈ ਅਤੇ ਸਹੀ ਗਿਆਨ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ| ਵਾਦੀ ਜਾਂ ਬਾਦੀ ਦਾ ਗਿਆਨ ਝੂਠਾ ਹੁੰਦਾ ਹੈ, ਅਕੱਟ ਜਾਂ ਸੁਸੰਗਤ ਨਹੀਂ ਹੁੰਦਾ| ਅਜਿਹੇ ਗਿਆਨ ਨੂੰ ‘ਅਗਿਆਨ’ ਜਾਂ ‘ਮਨ ਦੀ ਮਤਿ’ ਕਿਹਾ ਗਿਆ ਹੈ| ਵਾਦ ਗਿਆਨ ਦੇ ਖੇਤਰ ਨੂੰ ਸੀਮਤ ਕਰ ਦਿੰਦਾ ਹੈ ਜਿਸ ਦੇ ਨਤੀਜੇ ਨਾਂਹਵਾਚੀ ਨਿਕਲਦੇ ਹਨ| ਇਸੇ ਲਈ ਗਿਆਨ ਦੇ ਖੋਜੀ ਲਈ ਵਾਦ ਆਦਰਸ਼ਕ ਕਿਸਮ ਨਹੀਂ ਹੈ| ਵਾਦ ਤਰਕ ਦਾ ਅਹੰਕਾਰ-ਆਧਾਰਤ ਅਤੇ ਤੰਗ ਪਹਿਲੂ ਹੈ| ਇਹ ਬੁੱਧੀ ਦੀ ਮਾੜੀ ਵਰਤੋਂ ਹੈ| ਇਸੇ ਲਈ ਗੁਰੂ ਸਾਹਿਬਾਨ ਨੇ ਵਾਦੀ ਦੇ ਬਿਲਕੁਲ ਉਲਟ ਮਨੁੱਖ ਨੂੰ ਖੋਜੀ ਹੋਣ ਦੀ ਨਸੀਹਤ ਕੀਤੀ ਹੈ ਤਾਂ ਕਿ ਗਿਆਨ ਦੇ ਮਰਮ ਨੂੰ ਜਾਣਿਆ ਜਾ ਸਕੇ| ਵਾਦ ਤੋੜਦਾ ਹੈ, ਜੋੜਦਾ ਨਹੀਂ| ਇਹ ਮਨੁੱਖ ਨੂੰ ਅਧਿਆਤਮਕਤਾ ਤੋਂ ਦੂਰ ਲੈ ਜਾਂਦਾ ਹੈ| ਖੋਜ ਲਾਭਦਾਇਕ ਅਤੇ ਉਸਾਰੂ ਭੂਮਿਕਾ ਨਿਭਾਉਂਦੀ ਹੈ|
ਪੰਜਾਬੀ ਦਾ ਸ਼ਬਦ ‘ਖੋਜੀ’ ਸੰਸਕ੍ਰਿਤ ਦੇ ਸ਼ਬਦ ‘ਸ਼ੋਧ’ ਤੋਂ ਆਇਆ ਹੈ ਜਿਸ ਦਾ ਮੂਲ ਸ਼ੁਧ+ਘਨ ਹੈ ਅਤੇ ਇਸ ਦਾ ਅਰਥ ਹੈ-ਸ਼ੁਧ ਕਰਨਾ, ਸਾਫ ਕਰਨਾ, ਠੀਕ ਕਰਨਾ, ਸਹੀ ਕਰਨਾ| ਸ਼ੋਧਕ ਦਾ ਅਰਥ ਹੈ-ਸ਼ੁਧ ਕਰਨ ਵਾਲਾ, ਸਹੀ ਕਰਨ ਵਾਲਾ ਅਤੇ ਇਸ ਤੋਂ ਅੱਗੇ ਸ਼ੋਧਨਾ ਦਾ ਪੰਜਾਬੀ ਰੂਪ ਹੈ, ਖੋਜਣਾ ਜਿਸ ਦਾ ਅਰਥ ਹੈ-ਜਾਂਚ ਪੜਤਾਲ ਕਰਨਾ, ਛਾਣਬੀਣ ਕਰਨਾ, ਅਨੁਸੰਧਾਨ ਕਰਨਾ, ਨਿਰੀਖਣ ਕਰਨਾ ਆਦਿ| ਜਿਸ ਤਰ੍ਹਾਂ ਉਪਰ ਦਿੱਤੀ ਵਿਆਖਿਆ ਤੋਂ ਜਾਹਰ ਹੈ, ਸ਼ਬਦ ‘ਖੋਜ’ ਗਿਆਨ ਦੀ ਜਿਗਿਆਸਾ ਦਾ ਸਾਕਾਰਾਤਮਕ ਪੱਖ ਹੈ| ਇਹ ਸੱਚ ਦੀ ਛਾਣਬੀਣ ਹੈ| ਇਸ ਤਰ੍ਹਾਂ ‘ਖੋਜੀ’ ਗਿਆਨ ਦਾ ਜਿਗਿਆਸੂ ਹੈ| ਗੁਰੂ ਨਾਨਕ ਨੇ ਰਾਗ ਮਲਹਾਰ ਵਿਚ ਖੋਜੀ ਦੀ ਵਿਆਖਿਆ ਕਰਦਿਆਂ ਖੋਜ ਨੂੰ ਆਤਮ-ਚੀਨਣ ਕਿਹਾ ਹੈ, ਅਰਥਾਤ ਆਤਮ-ਅਨੁਭਵ ਕਰਨਾ ਜਾਂ ਸਵੈ-ਅਨੁਭਵ ਕਰਨਾ| ਗੁਰੂ ਨਾਨਕ ਕਰਤਾਰ ਗੁਰੂ ਦੀ ਅਗਵਾਈ ਵਿਚ ਆਪਣੀ ਸੁਰਤਿ ਨੂੰ ਉਸ ਅਕਾਲ ਪੁਰਖ ਨਾਲ ਇਕਸੁਰ ਕਰਕੇ ਉਸ ਦੇ ਗੁਣਾਂ ਤੇ ਧਿਆਨ ਧਰਨ ਲਈ ਅਰਦਾਸ ਕਰਦੇ ਹਨ ਅਤੇ ਸਪੱਸ਼ਟ ਕਰਦੇ ਹਨ ਕਿ ਜੋ ਮਨੁੱਖ ਅਸਲ ਵਿਚ ਸੱਚ ਦੀ ਖੋਜ ਕਰਦਾ ਹੈ, ਉਸ ਦੇ ਗੁਣਾਂ ਦੀ ਖੋਜ ਕਰਦਾ ਹੈ, ਉਹ ਸੱਚ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਪਰ ਵਾਦ-ਵਿਵਾਦ ਵਿਚ ਪੈਣ ਵਾਲਾ ਬਿਨਸ ਜਾਂਦਾ ਹੈ:
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ॥
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (ਪੰਨਾ 1255)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ‘ਖੋਜ’ ਦਾ ਸੰਦਰਭ ਨਿੱਜੀ ਨਾ ਹੋ ਕੇ ਪੂਰਨਤਾ ਲਈ ਬ੍ਰਹਿਮੰਡੀ ਪ੍ਰੇਰਨਾ ਹੈ| ਗੁਰੂ ਸਾਹਿਬਾਨ ਨੇ ਖੋਜੀ ਨੂੰ ਗੁਰਮੁਖਿ ਕਿਹਾ ਹੈ| ਗੁਰਮੁਖਿ ਵਾਸਤੇ ਆਦਰਸ਼ ਗਿਆਨ ਦੀ ਖੋਜ, ਜਿਗਿਆਸਾ ਅਤੇ ਉਸ ‘ਤੇ ਵਿਚਾਰ ਕਰਨਾ ਰੱਖਿਆ ਹੈ| ਖੋਜੀ ਨੇ ਆਪਣੇ ਗਿਆਨ ਨੂੰ ਹੋਰਨਾਂ ਨਾਲ ਵੰਡਣਾ ਹੈ ਅਤੇ ਇਸ ਲਈ ਸਮਾਜ ਸੇਵਾ ਦੇ ਕਾਰਜ ਕਰਨੇ ਹਨ| ਸੇਵਾ ਇੱਥੇ ਬਾਹਰੋਂ ਥੋਪਿਆ ਫਰਜ਼ ਨਹੀਂ ਹੈ ਬਲਕਿ ਅੰਦਰੂਨੀ ਅਨੁਭਵ ਅਤੇ ਅਧਿਆਤਮਕ ਵਿਕਾਸ ਦਾ ਸਿੱਟਾ ਹੈ| ਖੋਜੀ ਸ਼ਬਦ ਰਾਹੀਂ ਆਪਣੀ ਅੰਤਰਦ੍ਰਿਸ਼ਟੀ ਅਤੇ ਸੁਰਤਿ ਨੂੰ ਵੀ ਸੁਆਰਦਾ, ਘੜਦਾ ਹੈ| ਇਸ ਕਿਸਮ ਦੀ ਖੋਜ ਹੀ ਫਲਦਾਇਕ ਹੁੰਦੀ ਹੈ| ਇਹੀ ਤਰਕਸੰਗਤਿ ਅਤੇ ਸਹੀ ਖੋਜ ਹੈ|
ਗੁਰੂ ਅਮਰਦਾਸ ਨੇ ਖੋਜੀ ਅਤੇ ਬਾਦੀ ਸ਼ਬਦ ਦੀ ਵਰਤੋਂ ਇਕੱਠਿਆਂ ਕੀਤੀ ਹੈ| ਉਨ੍ਹਾਂ ਅਨੁਸਾਰ ਵਿਅਕਤੀ ਸ਼ਬਦ ‘ਤੇ ਵਿਚਾਰ ਰਾਹੀਂ ਉਚਤਮ ਗਿਆਨ ਦੀ ਖੋਜ ਕਰਦਾ ਹੈ| ਇਹ ਇਸ ਲਈ ਸੰਭਵ ਹੈ ਕਿਉਂਕਿ ਮਨੁੱਖ ਦੇ ਅੰਦਰ ਪਰਮਾਤਮ-ਨਾਮ ਦਾ ਅੰਮ੍ਰਿਤ ਹੋਣ ਕਰਕੇ ਬੇਹੱਦ ਸੰਭਾਵਨਾ ਹੈ, ਅੰਦਰ ਨਾਮ-ਰੂਪੀ ਅੰਮ੍ਰਿਤ ਭਰਿਆ ਹੋਇਆ ਹੈ ਪਰ ਇਸ ਨਾਮ ਅੰਮ੍ਰਿਤ ਨੂੰ ਗੁਰੂ ਦੇ ਸ਼ਬਦ ਦੀ ਅਗਵਾਈ ਵਿਚ ਪਰਮਾਤਮਾ ਦੇ ਗੁਣਾਂ ‘ਤੇ ਵਿਚਾਰ ਕਰਕੇ ਪ੍ਰਾਪਤ ਕਰ ਸਕੀਦਾ ਹੈ| ਸ਼ਬਦ ਦੀ ਵਿਚਾਰ ਰਾਹੀਂ ਜੋ ਉਸ ਪਰਮਾਤਮਾ ਨੂੰ ਖੋਜਦੇ ਹਨ, ਉਹ ਉਸ ਨੂੰ ਪਾ ਲੈਂਦੇ ਹਨ ਅਤੇ ਦੂਸਰੇ ਆਪਣੇ ਅਹੰਕਾਰ ਦੇ ਕਾਰਨ ਆਤਮਕ ਮੌਤ ਮਰ ਜਾਂਦੇ ਹਨ| ਵਾਦ-ਵਿਵਾਦ ਵਿਚ ਪੈਣ ਵਾਲੇ ਮਨੁੱਖ ਬਿਨਸ ਜਾਂਦੇ ਹਨ ਅਤੇ ਗੁਰੂ ਦੇ ਸੇਵਕ ਗੁਰੂ ਰਾਹੀਂ ਮਿਲੇ ਪ੍ਰੇਮ ਸਦਕਾ ਪਰਮਾਤਮਾ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ:
ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ॥19॥
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ॥20॥
ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ॥21॥ (ਪੰਨਾ 911)
ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਨੇ ਸਪਸ਼ਟ ਕੀਤਾ ਹੈ ਕਿ ਉਚਤਮ ਗਿਆਨ ਦੀ ਖੋਜ ਦਾ ਸਬੰਧ ਮਨੁੱਖ ਦੇ ਮਨ ਅਤੇ ਸਰੀਰ-ਦੋਵਾਂ ਨਾਲ ਹੈ, ਅਰਥਾਤ ਇਹ ਇੰਦਿਰਿਆਵੀ ਗਿਆਨ ਵੀ ਹੈ ਅਤੇ ਅੰਤਰੀਵੀ ਗਿਆਨ ਵੀ| ‘ਭਾਲਿ ਭਲਾਈḔ ਵਿਚ ਭਾਲ ਕਰਨੀ ਅਤੇ ਭਾਲ ਕਰਵਾਉਣੀ-ਦੋਵੇਂ ਸ਼ਾਮਲ ਹਨ| ਇਹ ਸਿੱਖ ਧਰਮ-ਚਿੰਤਨ ਵਿਚ ਪ੍ਰਾਪਤ ਸੰਗਤੀ ਮਾਡਲ ਵੱਲ ਇਸ਼ਾਰਾ ਹੈ ਕਿ ਉਸ ਉਚਤਮ ਸੱਚ ਦਾ ਗਿਆਨ ਪ੍ਰਾਪਤ ਕਰਨ ਲਈ ਦੂਸਰਿਆਂ ਪਾਸੋਂ ਮਦਦ ਲਈ ਜਾ ਸਕਦੀ ਹੈ| ਅੱਗੇ ਇਹ ਵੀ ਦੱਸ ਦਿੱਤਾ ਹੈ ਕਿ ਇਹ ਰਾਸਤਾ ਸਤਿਸੰਗਤਿ ਵਿਚ ਲੱਭਣਾ ਹੈ ਕਿਉਂਕਿ ਸਤਿਸੰਗਤਿ ਵਿਚ ਪਰਮਾਤਮਾ ਆਪ ਵੱਸਦਾ ਹੈ| ‘ਭਾਲ ਭਲਾਈ’ ਦਾ ਇਸ਼ਾਰਾ ਦੱਸਦਾ ਹੈ ਕਿ ਇਹ ਵਿਅਕਤੀਗਤ ਅਮਲ ਨਹੀਂ ਹੈ ਬਲਕਿ ਇਸ ਵਿਚ ਸੰਗਤੀ ਉਦਮ ਸ਼ਾਮਲ ਹੈ, ਇਸ ਵਿਚ ਦੂਸਰਿਆਂ ਦੀ ਮਦਦ ਲੈਣੀ ਹੈ| ਸਿੱਖ ਧਰਮ-ਚਿੰਤਨ ਦਾ ਸੰਗਤੀ ਮਾਡਲ ਇਸ ਗੱਲ ਦਾ ਵੀ ਸੰਕੇਤਕ ਹੈ ਕਿ ਉਚਤਮ ਗਿਆਨ ਦੀ ਖੋਜ ਜਾਂ ਪ੍ਰਾਪਤੀ ਕਿਸੇ ਇਕੱਲੇ-ਕਹਿਰੇ ਵਿਅਕਤੀ ਜਾਂ ਵਰਗ ਦੀ ਇਜ਼ਾਰੇਦਾਰੀ ਨਹੀਂ ਹੈ ਜਿਵੇਂ ਕਿ ਇਹ ਹਿੰਦੂ ਧਰਮ ਪਰੰਪਰਾ ਵਿਚ ਰਹੀ ਹੈ, ਇਸ ਦਾ ਰਾਸਤਾ ਹਰ ਇੱਕ ਲਈ ਖੁੱਲ੍ਹਾ ਹੈ ਜੋ ਵੀ ਇਸ ਨੂੰ ਖੋਜਣਾ ਚਾਹੇ:
ਹਉ ਮਨੁ ਤਨੁ ਖੋਜੀ ਭਾਲਿ ਭਲਾਈ॥
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥
ਮਿਲਿ ਸਤਸੰਗਤਿ ਖੋਜੁ ਦਸਾਈ
ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥ (ਪੰਨਾ 94)
ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਨੇ ਖੋਜੀ ਦੇ ਸੰਕਲਪ ‘ਤੇ ਭਰਪੂਰ ਚਰਚਾ ਕੀਤੀ ਹੈ| ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਦੋ ਦ੍ਰਿਸ਼ਟੀਕੋਣਾਂ ਤੋਂ ਕੀਤੀ ਹੈ, ਪਹਿਲਾ, ‘ਲਧਮ’ ਅਤੇ ਦੂਜਾ, ‘ਉਜੜ’| ਬੇਸ਼ੱਕ ਇੱਥੇ ‘ਬਾਦੀ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਪ੍ਰੰਤੂ ਜਿਵੇਂ ਪਹਿਲਾਂ ਦੇਖਿਆ ਹੈ, ਖੋਜ ਦਾ ਇੱਕ ਪੱਖ ਬਾਦ ਵੀ ਹੈ| ਮਨੁੱਖ ਵਿਚ ਆਪਣੀਆਂ ਅਸਲੀ ਸੰਭਾਵਨਾਵਾਂ ਤੋਂ ਵਾਂਝੇ ਹੋ ਜਾਣ ਦੀ ਪ੍ਰਵਿਰਤੀ ਹੈ, ਖਾਸ ਕਰ ਜਦੋਂ ਉਸ ਦੀ ਅਗਵਾਈ ਮਹਿਜ ਇੰਦ੍ਰਿਆਵੀ ਗਿਆਨ ਕਰਦਾ ਹੈ| ਪ੍ਰੰਤੂ ਜਦੋਂ ਉਹ ਇਸ ਤੱਤ ਬਾਰੇ ਸਪੱਸ਼ਟ ਹੋ ਜਾਂਦਾ ਹੈ ਤਾਂ ਉਚਾ ਗਿਆਨ ਪ੍ਰਾਪਤ ਕਰ ਸਕਦਾ ਹੈ| ਇਹ ਸਪੱਸ਼ਟਤਾ ਗੁਰੂ ਅਰਜਨ ਦੇਵ ਅਨੁਸਾਰ ਖੋਜ ਰਾਹੀਂ ਆਉਂਦੀ ਹੈ| ਇੱਥੇ ਖੋਜੀ ਗੁਰੂ ਹੈ ਜੋ ਉਚੇ ਗਿਆਨ ਦਾ ਰਸਤਾ ਦੱਸਦਾ ਹੈ| ਇਸ ਤਰ੍ਹਾਂ ਗੁਰੂ ਖੋਜੀ ਵੀ ਹੈ ਅਤੇ ਅਗਵਾਈ ਕਰਨ ਵਾਲਾ ਵੀ ਹੈ:
ਖੋਜੀ ਲਧਮੁ ਖੋਜੁ ਛਡੀਆ ਉਜਾੜਿ॥
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ॥ (ਪੰਨਾ 521)
ਗੁਰੂ ਅਰਜਨ ਦੇਵ ਅਨੁਸਾਰ ਗਿਆਨ ਦੀ ਖੋਜ ਕਰਨ ਦਾ ਦੂਸਰਾ ਸਾਧਨ ‘ਸੰਤ’ ਹਨ (ਅੱਜ ਕੱਲ ਦੇ ਡੇਰਿਆਂ ਦੇ ਸੰਤ ਬਿਲਕੁਲ ਨਹੀਂ; ਇੱਥੇ ਸੰਤ ਤੋਂ ਭਾਵ ਰੱਬ ਦੇ ਉਨ੍ਹਾਂ ਭਗਤਾਂ ਤੋਂ ਹੈ ਜਿਨ੍ਹਾਂ ਨੇ ਅਧਿਆਤਮਕ ਗਿਆਨ ਪ੍ਰਾਪਤ ਕਰ ਲਿਆ ਹੈ)| ਇੱਥੇ ਸੱਚੇ ਗਿਆਨ ਨੂੰ ਉਨ੍ਹਾਂ ਨੇ ‘ਰਤਨ’ ਕਿਹਾ ਹੈ (ਰਤਨ ਬਹੁਤ ਕੀਮਤੀ ਹੁੰਦਾ ਹੈ)| ਇਸੇ ਤਰ੍ਹਾਂ ਗਿਆਨ ਦੀ ਖੋਜ ਜਾਂ ਪ੍ਰਾਪਤੀ ਦੇ ਤਰੀਕੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਤਰੀਕਾ ਉਹ ਹੀ ਸਹੀ ਹੈ ਜੋ ਸੱਚੇ ਗਿਆਨ ਵੱਲ ਲੈ ਜਾਂਦਾ ਹੈ ਅਤੇ ਇਹ ਤਰੀਕਾ ਸੰਗਤੀ ਹੈ:
ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ॥
ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ॥ (ਪੰਨਾ 845)
ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਸਿੱਖ ਧਰਮ ਚਿੰਤਨ ਵਿਚ ਸੱਚੇ ਗਿਆਨ ਦੀ ਪ੍ਰਾਪਤੀ ਕੋਈ ਵਿਅਕਤੀਗਤ ਕਾਰਜ ਨਹੀਂ ਹੈ ਕਿਉਂਕਿ ਵਿਅਕਤੀ ਵਿਚ ਗਲਤੀ ਕਰ ਲੈਣ ਦੀ ਪ੍ਰਵਿਰਤੀ ਦੀ ਸੰਭਾਵਨਾ ਬਣੀ ਰਹਿੰਦੀ ਹੈ| ਵਿਅਕਤੀ ਨਾ ਹੀ ਸੰਪੂਰਨ ਹੈ ਅਤੇ ਨਾ ਹੀ ਅੰਤਿਮ| ਇਸ ਲਈ ਸਾਂਝਾ ਉਦਮ ਜਾਂ ਸੰਗਤੀ ਉਦਮ ਹੀ ਸਮਰੱਥ ਸਾਧਨ ਹੈ|