ਕੈਪਟਨ ਨੇ 27 ਹਜ਼ਾਰ ਹੋਰ ਕਿਸਾਨਾਂ ਨੂੰ ਕੀਤਾ ‘ਕਰਜ਼ਾ ਮੁਕਤ’

ਗੁਰਦਾਸਪੁਰ: ਕਿਸਾਨਾਂ ਦੀ ਕਰਜ਼ ਮੁਆਫੀ ਲਈ ਤੀਜੇ ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਸਮੇਤ ਛੇ ਜ਼ਿਲ੍ਹਿਆਂ ਦੇ 26998 ਕਿਸਾਨਾਂ ਨੂੰ 156.12 ਕਰੋੜ ਰੁਪਏ ਦੇ ਕਰਜ਼ ਰਾਹਤ ਸਰਟੀਫਿਕੇਟ ਵੰਡੇ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਗੁਰਦਾਸਪੁਰ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਬਟਾਲਾ ਵਿਚ ਨਵੀਂ ਖੰਡ ਮਿੱਲ ਲਾਉਣ ਅਤੇ ਪਨਿਆੜ ਖੰਡ ਮਿੱਲ ਨੂੰ ਅਪਗ੍ਰੇਡ ਕਰਨ ਸਮੇਤ ਸਰਹੱਦੀ ਇਲਾਕੇ ਲਈ ਕਈ ਹੋਰ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ।

ਇਸ ਮੌਕੇ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਇਕ-ਇਕ ਕਿਸਾਨ ਨੂੰ ਕਰਜ਼ਾ ਮੁਆਫੀ ਵਾਲੇ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਖੇਤੀ ਸੰਕਟ ਵਿਚੋਂ ਕੱਢਣ ਲਈ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਿੰਨ ਗੇੜਾਂ ਵਿਚ 16 ਜ਼ਿਲ੍ਹਿਆਂ ਦੇ ਕਰੀਬ 1.02 ਲੱਖ ਕਿਸਾਨਾਂ ਨੂੰ 457 ਕਰੋੜ ਰੁਪਏ ਦੀ ਕਰਜ਼ ਰਾਹਤ ਦਿੱਤੀ ਗਈ ਹੈ। ਸਹਿਕਾਰੀ ਕਰਜ਼ਿਆਂ ਦੇ ਨਿਬੇੜੇ ਪਿੱਛੋਂ ਜਲਦ ਹੀ ਕਮਰਸ਼ੀਅਲ ਬੈਂਕਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਸੂਬੇ ਨੂੰ ਦਰਪੇਸ਼ ਵੱਡੇ ਵਿੱਤੀ ਸੰਕਟ ਦੇ ਬਾਵਜੂਦ ਕਿਸਾਨਾਂ ਨੂੰ ਦੇਸ਼ ਵਿਚੋਂ ਸਭ ਤੋਂ ਵੱਧ ਦੋ ਲੱਖ ਰੁਪਏ ਤੱਕ ਕਰਜ਼ ਰਾਹਤ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਗੁਰਦਾਸਪੁਰ ਵਿਚ ਤਜਵੀਜ਼ਤ ਮੈਡੀਕਲ ਕਾਲਜ ਲਈ ਸਥਾਨਕ ਵਿਧਾਇਕ ਨਾਲ ਸਲਾਹ ਕਰ ਕੇ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਲਈ ਆਖਿਆ ਗਿਆ। ਸ੍ਰੀ ਜਾਖੜ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਲੰਗਰ ਉਤੇ ਲੱਗੇ ਜੀ.ਐਸ਼ਟੀ. ਅਤੇ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਲਈ ਮੁਆਵਜ਼ਾ ਦੇਣ ਦੇ ਮੁੱਦੇ ਉਤੇ ਕੇਂਦਰ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਐਸ਼ਸੀ. ਵਰਗ ਦੇ ਹਿੱਤਾਂ ਦੀ ਰਾਖੀ ਵਿਚ ਨਾਕਾਮ ਰਹੀ ਹੈ ਤੇ ਅਕਾਲੀਆਂ ਨੇ ਹਮੇਸ਼ਾ ਝੂਠੇ ਵਾਅਦਿਆਂ ਨਾਲ ਕਿਸਾਨਾਂ ਦਾ ਸ਼ੋਸ਼ਣ ਕੀਤਾ ਹੈ।
____________________________
ਸਰਕਾਰ ਦੇ ਮਹਿੰਗੇ ਸਮਾਗਮਾਂ ਤੋਂ ‘ਆਪ’ ਖਫਾ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮੁਆਫੀ ਸਮਾਗਮ ਤੋਂ ਆਮ ਆਦਮੀ ਪਾਰਟੀ ਖੁਸ਼ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਵੱਡੇ-ਵੱਡੇ ਸਮਾਗਮ ਕਰ ਕੇ ਰਾਜਨੀਤਕ ਫਾਇਦਾ ਲੈਣ ਦੇ ਮਨਸੂਬੇ ਨਾਲ ਪ੍ਰਮਾਣ ਪੱਤਰ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਕੈਪਟਨ ਅਮਰਿੰਦਰ ਆਪਣੀ ਸ਼ਾਨ ਬਣਾਉਣ ਲਈ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਮਾਣ ਪੱਤਰ ਦੇਣ ਦੇ ਬਹਾਨੇ ਕੈਪਟਨ ਬੇਹੱਦ ਘੱਟ ਤੇ ਹਸੋਹੀਣੇ ਕਰਜ਼ੇ ਮੁਆਫ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਰਗੜ ਰਹੇ ਹਨ। ਚੋਣਾਂ ਤੋਂ ਪਹਿਲਾਂ ਪੂਰੇ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਿਸਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਗੁਰਦਾਸਪੁਰ ਵਿਚ ਕੀਤੇ ਸਮਾਗਮ ਨੂੰ ਮਿਲਾ ਕੇ ਹੁਣ ਤੱਕ 485 ਕਰੋੜ ਦਾ ਕਰਜ਼ਾ ਹੀ ਮੁਆਫ ਕੀਤਾ ਹੈ ਜੋ ਵਾਅਦੇ ਮੁਤਾਬਕ 1 ਲੱਖ ਕਰੋੜ ਦਾ ਅੱਧਾ ਵੀ ਨਹੀਂ। ਇਹ ਸ਼ਰਮ ਦੀ ਗੱਲ ਹੈ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 390 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਹੈ।