ਕੈਪਟਨ ਨੂੰ ਹੁਣ ਪੁਲਿਸ ਦਾ ਪੇਚਾ

ਉਚ ਅਫਸਰਾਂ ਦੀ ਲੜਾਈ ਨੇ ਸਿਰਦਰਦੀ ਵਧਾਈ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਦਰਮਿਆਨ ਛਿੜੀ ਖਾਨਾਜੰਗੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਕਸੂਤੀ ਫਸਾ ਦਿੱਤਾ ਹੈ। ਸਰਕਾਰ ਲਈ ਸਭ ਤੋਂ ਵੱਧ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਹੁਣ ਹਾਈ ਕੋਰਟ ਤੱਕ ਪੁੱਜ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਧੜੇਬੰਦੀ ਦਾ ਇਲਮ ਪਹਿਲਾਂ ਹੀ ਸੀ ਪਰ ਮੁੱਖ ਮੰਤਰੀ ਨੇ ਇਸ ਅਹਿਮ ਮਸਲੇ ਤੋਂ ਅੱਖਾਂ ਮੀਟੀ ਰੱਖੀਆਂ। ਅਸਲ ਵਿਚ ਸਾਰਾ ਕਲੇਸ਼ ਕੁਰਸੀ ਦਾ ਹੈ। ਕਾਂਗਰਸ ਸਰਕਾਰ ਬਣਨ ਪਿੱਛੋਂ ਕਈ ਸੀਨੀਅਰ ਅਧਿਕਾਰੀਆਂ ਨੂੰ ਉਮੀਦ ਸੀ ਕਿ ਕੈਪਟਨ ਸਭ ਤੋਂ ਪਹਿਲਾ ਕੰਮ, ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਕੁਰਸੀ ਤੋਂ ਲਾਂਭੇ ਕਰਨ ਦਾ ਕਰਨਗੇ; ਕਿਉਂਕਿ ਸੁਰੇਸ਼ ਅਰੋੜਾ ਨੂੰ ਬਾਦਲਾਂ ਦਾ ਖਾਸ ਸਮਝਿਆ ਜਾਂਦਾ ਹੈ ਪਰ ਕੈਪਟਨ ਨੇ ਪੰਜਾਬ ਪੁਲਿਸ ਦੇ ਇਸ ਟੀਸੀ ਵਾਲੇ ਅਹੁਦੇ ਵੱਲ ਨਜ਼ਰ ਗੱਡੀ ਬੈਠੇ ਸੀਨੀਅਰ ਅਫਸਰਾਂ ਦੇ ਸੁਪਨੇ ਚੂਰ ਕਰ ਦਿੱਤੇ। ਸੁਰੇਸ਼ ਅਰੋੜਾ ਤੋਂ ਇਲਾਵਾ ਬਾਦਲਾਂ ਦੇ ਕਰੀਬੀ ਹੋਰ ਸੀਨੀਅਰ ਅਫਸਰਾਂ ਦੀ ਅਦਲਾ-ਬਦਲੀ ਤੋਂ ਵੀ ਕਾਂਗਰਸ ਸਰਕਾਰ ਨੇ ਟਾਲਾ ਵੱਟ ਲਿਆ। ਕਾਂਗਰਸ ਦੇ ਆਪਣੇ ਮੰਤਰੀ ਅਤੇ ਵਿਧਾਇਕ ਕੈਪਟਨ ਕੋਲ ਪੁਲਿਸ ਅਧਿਕਾਰੀਆਂ ਦੇ ਅਕਾਲੀਆਂ ਦੇ ਹੱਕ ਵਿਚ ਭੁਗਤਣ ਬਾਰੇ ਸ਼ਿਕਾਇਤਾਂ ਲੈ ਕੇ ਗਏ ਪਰ ਮੁੱਖ ਮੰਤਰੀ ਨੇ ਸਿਰਫ ਹਦਾਇਤਾਂ ਦੇ ਕੇ ਹੀ ਬੁੱਤਾ ਸਾਰ ਦਿੱਤਾ। ਇਸ ਪਿੱਛੋਂ ਪੁਲਿਸ ਮੁਖੀ ਬਣਨ ਦਾ ਸੁਪਨਾ ਲਈ ਬੈਠੀ ਸੀਨੀਅਰ ਅਫਸਰਸ਼ਾਹੀ ਵੀ ਖਾਨਾਜੰਗੀ ਵਾਲੇ ਰਾਹ ਪੈ ਗਈ।
ਅੰਦਰੋ-ਅੰਦਰੀ ਚੱਲ ਰਹੀ ਖਿੱਚੋਤਾਣ ਉਦੋਂ ਬਾਹਰ ਆ ਗਈ ਜਦੋਂ ਅੰਮ੍ਰਿਤਸਰ ਦੇ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਵਿਚ ਆਈæਜੀæ ਐਲ਼ਕੇæ ਯਾਦਵ ਨੇ ਐਸ਼ ਚਟੋਪਾਧਿਆਏ ਨੂੰ ਤਫਤੀਸ਼ ਵਿਚ ਸ਼ਾਮਲ ਹੋਣ ਲਈ ਕਿਹਾ। ਉਸ ਤੋਂ ਬਾਅਦ ਚਟੋਪਾਧਿਆਏ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸਿੱਧਾ ਮੋਰਚਾ ਖੋਲ੍ਹ ਦਿੱਤਾ। ਇਸ ਅਧਿਕਾਰੀ (ਚਟੋਪਾਧਿਆਏ) ਨੇ ਹਾਈ ਕੋਰਟ ਵਿਚ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਬਾਰੇ ਅਜਿਹੇ ਖੁਲਾਸੇ ਕਰ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਦਾ ਮੂੰਹ ਬੰਦ ਕਰਵਾਉਣ ਲਈ ਸਿੱਧਾ ਦਖਲ ਦੇਣਾ ਪਿਆ। ਚਟੋਪਾਧਿਆਏ ਨੇ ਡੀæਜੀæਪੀæ ਸੁਰੇਸ਼ ਅਰੋੜਾ ਤੇ ਡੀæਜੀæਪੀæ (ਇੰਟੈਲੀਜੈਂਸ) ਦਿਨਕਰ ਗੁਪਤਾ ਨੂੰ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ‘ਚ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਇਸ ਅਧਿਕਾਰੀ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਿੱਟ (ਵਿਸ਼ੇਸ਼ ਜਾਂਚ ਟੀਮ) ਵੱਲੋਂ ਨਸ਼ਿਆਂ ਸਬੰਧੀ ਕੀਤੀ ਜਾ ਰਹੀ ਜਾਂਚ ਪੰਜਾਬ ਦੇ ਇਨ੍ਹਾਂ ਦੋ ਚੋਟੀ ਦੇ ਪੁਲਿਸ ਅਫਸਰਾਂ ਵੱਲ ਵਧ ਰਹੀ ਹੈ।
ਕੈਪਟਨ ਵੱਲੋਂ ਜਦੋਂ ਨਸ਼ਾ ਤਸਕਰੀ ਰੋਕਣ ਲਈ ਏæਡੀæਜੀæਪੀæ ਰੈਂਕ ਦੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਕਾਇਮ ਕਰ ਕੇ ਸ੍ਰੀ ਸਿੱਧੂ ਨੂੰ ਡੀæਜੀæਪੀæ ਦੀ ਥਾਂ ਸਿੱਧੀ ਮੁੱਖ ਮੰਤਰੀ ਦਫਤਰ ਨੂੰ ਰਿਪੋਰਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਤਾਂ ਪੁਲਿਸ ਅਧਿਕਾਰੀਆਂ ਵਿਚਾਲੇ ਟਕਰਾਅ ਦਾ ਮੁੱਢ ਬੱਝ ਗਿਆ ਸੀ। ਸ਼ੁਰੂਆਤੀ ਦੌਰ ‘ਚ ਮੁੱਖ ਮੰਤਰੀ ਨੇ ਡੀæਜੀæਪੀæ ਸੁਰੇਸ਼ ਅਰੋੜਾ ਨੂੰ ਅੱਖੋਂ-ਪਰੋਖੇ ਕਰ ਕੇ ਐਸ਼ਟੀæਐਫ਼ ਦੇ ਮੁਖੀ ਦੇ ਸੁਝਾਅ ਮੁਤਾਬਕ ਫੈਸਲੇ ਵੀ ਲਏ। ਕੁਝ ਪੁਲਿਸ ਅਧਿਕਾਰੀ ਇਸ ਗੱਲੋਂ ਵੀ ਔਖੇ ਸਨ ਕਿ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਵੱਲੋਂ ਲਾਏ ਡੀæਜੀæਪੀæ (ਅਰੋੜਾ) ਨੂੰ ਹੀ ਕੁਰਸੀ ਉਤੇ ਕਾਇਮ ਰੱਖਿਆ ਹੈ। ਇਸ ਤੋਂ ਬਾਅਦ ਐਸ਼ਟੀæਐਫ਼ ਨੇ ਜਦੋਂ 12 ਜੂਨ 2017 ਨੂੰ ਇੰਸਪੈਕਟਰ ਇੰਦਰਜੀਤ ਸਿੰਘ (ਹੁਣ ਬਰਖਾਸਤ) ਨੂੰ ਅਸਾਲਟ ਰਾਈਫਲ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਮੋਗਾ ਦੇ ਐਸ਼ਐਸ਼ਪੀæ ਰਾਜਜੀਤ ਸਿੰਘ ਨੂੰ ਤਫਤੀਸ਼ ‘ਚ ਸ਼ਾਮਲ ਕਰ ਕੇ ਪੁੱਛ-ਪੜਤਾਲ ਲਈ ਤਲਬ ਕੀਤਾ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਖਾਨਾਜੰਗੀ ਦਾ ਦੌਰ ਸ਼ੁਰੂ ਹੋ ਗਿਆ।
ਦੱਸਣਯੋਗ ਹੈ ਕਿ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਡੀæਜੀæਪੀæ ਸੁਰੇਸ਼ ਅਰੋੜਾ ਅਤੇ ਡੀæਜੀæਪੀæ ਦਿਨਕਰ ਗੁਪਤਾ ਉਪਰ ਰਾਜਜੀਤ ਸਿੰਘ ਦੀ ਮਦਦ ਦੇ ਦੋਸ਼ ਲੱਗ ਰਹੇ ਹਨ। ਐਸ਼ਐਸ਼ਪੀæ ਨੇ ਏæਡੀæਜੀæਪੀæ ਹਰਪ੍ਰੀਤ ਸਿੰਘ ਸਿੱਧੂ ਉਤੇ ਖੁੰਦਕ ਕੱਢਣ ਦੇ ਦੋਸ਼ ਲਾਉਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਮਾਮਲੇ ਦੀ ਨਿਰਪੱਖ ਜਾਂਚ ਲਈ ਪਹੁੰਚ ਕੀਤੀ। ਇਹ ਅਜਿਹਾ ਮੌਕਾ ਸੀ ਜਦੋਂ ਪੰਜਾਬ ਸਰਕਾਰ ਉਤੇ ਰਾਜਜੀਤ ਸਿੰਘ ਦਾ ਅਦਾਲਤ ਵਿਚ ਪੱਖ ਪੂਰਨ ਦੇ ਦੋਸ਼ ਵੀ ਲੱਗੇ ਸਨ। ਹੁਣ ਇਨ੍ਹਾਂ ਅਧਿਕਾਰੀਆਂ ਵੱਲੋਂ ਇਕ ਦੂਜੇ ਵੱਲ ਉਂਗਲਾਂ ਚੁੱਕਣ ਕਾਰਨ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ।
__________________
ਸਰਕਾਰ ਦੀ ਚੁੱਪ ‘ਤੇ ਸਵਾਲ
ਡੀæਜੀæਪੀæ ਸਿਧਾਰਥ ਚਟੋਪਾਧਿਆਏ ਵੱਲੋਂ ਕੀਤੇ ਖੁਲਾਸਿਆਂ ਪਿੱਛੋਂ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ‘ਤੇ ਦਬਾਅ ਬਣਾਇਆ ਹੈ ਕਿ ਸਰਕਾਰ ਸੱਚ ਸਾਹਮਣੇ ਆਉਣ ਪਿੱਛੋਂ ਵੀ ਸਾਬਕਾ ਮੰਤਰੀ ਬਿਕਰਮ ਮਜੀਠੀਆ, ਪੁਲਿਸ ਮੁਖੀ ਸੁਰੇਸ਼ ਅਰੋੜਾ ਤੇ ਡੀæਜੀæਪੀæ (ਇੰਟੈਲੀਜੈਂਸ) ਦਿਨਕਰ ਗੁਪਤਾ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਹਨ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਕਈ ਭੇਤ ਖੁੱਲ੍ਹਣ ਦੇ ਬਾਵਜੂਦ ਮੁੱਖ ਮੰਤਰੀ ਅਨੁਸ਼ਾਸਨ ਭੰਗ ਕਰਨ ਦੀ ਆੜ ਹੇਠ ਚਟੋਪਾਧਿਆਏ ਵਰਗੇ ਅਧਿਕਾਰੀ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।