ਕਾਹਲਿਆਂ ਨੂੰ ਬਿਨ ਮੰਗੀ ਸਲਾਹ

ਬਾਦਲਕਿਆਂ ਦੀ ਚੜ੍ਹਤ ਨੂੰ ਜਿਥੋਂ ਤੱਕ ਬਾਦਲ ਸਾਹਿਬ ਲੈ ਗਏ ਹਨ, ਉਸ ਨੂੰ ਸਾਰਾ ਟੱਬਰ, ਰਿਸ਼ਤੇਦਾਰ ਅਤੇ ਸਮਰਥਕ ਰਲ ਕੇ ਵੀ ਨਹੀਂ ਸੰਭਾਲ ਪਾ ਰਹੇ। ਕਾਰਨ ਕੁਝ ਵੀ ਹੋਣ, ਇਸ ਵੇਲੇ ਇਹ ਸਿੱਖ ਮੁੱਦਾ ਬਣ ਚੁਕਾ ਹੈ। ਸਿਆਸੀ ਵਿਰੋਧੀਆਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਬਾਦਲਕਿਆਂ ਨੂੰ ਸਰਕਾਰੀ ਤੰਤਰ ਆਪਣੀ ਜਕੜ ਵਿਚ ਕੱਸ ਲਵੇ। ਪਰ ਮੌਜੂਦਾ ਮੁੱਖ ਮੰਤਰੀ ਨੂੰ ਅਹਿਸਾਸ ਹੈ ਕਿ ਅਜਿਹਾ ਉਹ ਪਿਛਲੇ ਰਾਜ ਕਾਲ ਵੇਲੇ ਤਿੰਨ ਸਾਲ ਬਰਬਾਦ ਕਰਕੇ ਨਹੀਂ ਸਨ ਕਰ ਸਕੇ ਕਿਉਂਕਿ ਕਾਨੂੰਨ ਨੂੰ ਵੇਖਣ ਦੀ ਉਸ ਤਰ੍ਹਾਂ ਖੁੱਲ੍ਹ ਨਹੀਂ ਹੈ, ਜਿਸ ਤਰ੍ਹਾਂ ਰਿਕਾਰਡ ਦਾ ਹਿੱਸਾ ਹੋ ਚੁਕੇ ਵੇਰਵਿਆਂ ਨੂੰ ਪੜ੍ਹ ਕੇ ਕਾਨੂੰਨੀ ਘੇਰੇ ਵਿਚ ਰਹਿ ਕੇ ਫੈਸਲਾ ਲੈਣ ਦਾ ਬੰਧਨ ਹੈ।

ਇਸੇ ਕਰਕੇ ਸਿਆਸਤ ਅਤੇ ਬੇਈਮਾਨੀ ਇਕੱਠੇ ਤੁਰਨ ਦੇ ਹੱਕਦਾਰ ਹੋ ਗਏ ਹਨ। ਇਹੋ ਜਿਹੀ ਸਥਿਤੀ ਵਿਚ ਬੇਅਦਬੀ ਕਾਂਡ ਨਾਲ ਜੁੜਿਆ ਸਿੱਖ ਮਸਲਾ ਬਾਦਲਕਿਆਂ ਦੇ ਗਲ ਪੈ ਗਿਆ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਭਾਵੁਕਤਾ ਸਿਆਸਤ ਤੋਂ ਲਗਾਤਾਰ ਹਾਰਦੀ ਆ ਰਹੀ ਹੈ। ਇਸ ਦੀ ਸ਼ੁਰੂਆਤ ਸਿਰਸੇ ਵਾਲੇ ਸਾਧ ਨੂੰ ਬਾਦਲਕਿਆਂ ਦੇ ਕਹਿਣ ‘ਤੇ ਮਾਫੀ ਦੇਣ ਨਾਲ ਹੋਈ ਸੀ। ਇਸ ਦੇ ਵਿਰੋਧ ਵਿਚ ਪਹਿਲਾਂ ਸਰਬੱਤ ਖਾਲਸਾ, ਫਿਰ ਮੁਤਵਾਜ਼ੀ ਜਥੇਦਾਰ, ਆਪੇ ਬਣੇ ਪੰਜ ਪਿਆਰੇ ਅਤੇ ਅਕਾਲੀ ਪਰਤਾਂ ਵਾਲੀ ਸਿਆਸਤ ਬਾਦਲਕਿਆਂ ਦਾ ਇਸ ਕਰਕੇ ਬਹੁਤਾ ਨਹੀਂ ਵਿਗਾੜ ਸਕੀ ਕਿਉਂਕਿ ਲੜਾਈ ਬਾਦਲਕਿਆਂ ਨੇ ਸਿਧਿਆਂ ਲੜਨ ਦੀ ਥਾਂ ਜਥੇਦਾਰ ਅਕਾਲ ਤਖਤ ਰਾਹੀਂ ਲੜਨੀ ਸ਼ੁਰੂ ਕਰ ਦਿੱਤੀ ਸੀ ਤੇ ਹੈ।
ਕਹਿਣਾ ਇਹ ਚਾਹ ਰਿਹਾ ਹਾਂ ਕਿ ਬਾਦਲਕਿਆਂ ਦੀ ਤਾਕਤ ਬਾਦਲਕਿਆਂ ਦੇ ਵਿਰੋਧੀ ਹਨ। ਇਸ ਕੂਟਨੀਤੀ ਨੂੰ ਕੈਪਟਨ ਅਮਰਿੰਦਰ ਸਿੰਘ ਖੂਬ ਸਮਝਦਾ ਹੈ ਅਤੇ ਇਸੇ ਕਰਕੇ ਉਸ ਨੂੰ ਲਗਾਤਾਰ ਬਾਦਲਕਿਆਂ ਨਾਲ ਰਲਿਆ ਹੋਇਆ ਕਿਹਾ ਜਾ ਰਿਹਾ ਹੈ। ਇਹ ਨਹੀਂ ਭੁਲਣਾ ਚਾਹੀਦਾ ਕਿ ਬਾਦਲਕਿਆਂ ਨੂੰ ਸਿਆਸੀ ਸੁਰ ਵਿਚ ਏਨਾ ਕੁ ਹੀ ਮਾਰਿਆ ਜਾ ਸਕਦਾ ਸੀ ਤੇ ਹੈ, ਜਿੰਨਾ ਕੁ ਕੈਪਟਨ ਸਰਕਾਰ ਬਣ ਜਾਣ ਨਾਲ ਮਾਰਿਆ ਜਾ ਚੁਕਾ ਸਮਝ ਆਉਂਦਾ ਹੈ।
ਬਾਦਲਕਿਆਂ ਦੇ ਬਦਲ ਵਾਸਤੇ ਪੈਦਾ ਹੋਈ ਸਿਆਸੀ ਸਪੇਸ ਤਾਂ ਕੈਪਟਨ ਸਰਕਾਰ ਕੋਲ ਹੈ, ਪਰ ਬਾਦਲਕਿਆਂ ਦੇ ਵਿਰੋਧ ਵਿਚ ਪੈਦਾ ਹੋ ਗਈ ਪੰਥਕ ਸਪੇਸ ਅਜੇ ਵੀ ਖਾਲੀ ਪਈ ਹੈ। ਇਸ ਨੂੰ ਬਾਦਲ ਮੁਕਤ ਪੰਥਕਤਾ ਨਾਲ ਭਰਿਆ ਜਾ ਸਕਦਾ ਹੈ। ਪਰ ਪੰਥਕ ਸਿਆਸਤ ਦੇ ਦਾਅਵੇਦਾਰ ਇਸ ਵਿਚ ਵੱਡੀ ਰੁਕਾਵਟ ਬਣੇ ਹੋਏ ਹਨ। ਬਰਗਾੜੀ ਧਰਨਾ ਇਸ ਮਹੀਨੇ ਦੇ ਪਹਿਲੇ ਹਫਤੇ ਸੌ ਦਿਨ ਪੂਰੇ ਕਰ ਚੁਕਾ ਹੈ। ਇਸ ਨਾਲ ਅਕਾਲੀ ਵਰਕਰ, ਅਕਾਲੀ ਵਾਲੰਟੀਅਰ ਤੇ ਪੰਥਕ ਵਰਕਰ ਅਤੇ ਪੰਥਕ ਵਾਲੰਟੀਅਰ ਆਪੋ ਆਪਣੇ ਰੰਗ ਵਿਚ ਪੈਦਾ ਹੋ ਗਏ ਹਨ। ਜਿਵੇਂ ਅਕਾਲੀ ਵਾਲੰਟੀਅਰ, ਅਕਾਲੀਆਂ ਨਾਲ ਨਹੀਂ ਹਨ; ਉਵੇਂ ਹੀ ਪੰਥਕ ਵਾਲੰਟੀਅਰ ਪੰਥਕ ਸਿਆਸਤ ਦੇ ਦਾਅਵੇਦਾਰਾਂ ਨਾਲ ਨਹੀਂ ਹਨ। ਜੋ ਕਿਸੇ ਦੇ ਨਾਲ ਨਹੀਂ ਹਨ, ਤਬਦੀਲੀ ਉਨ੍ਹਾਂ ਨੇ ਲਿਆਉਣੀ ਹੈ। ਪਰ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਸਿੱਖ ਸੁਰ ਵਿਚ ਲੋੜੀਂਦੀ ਵਿਉਂਤਬੰਦੀ ਵਾਲੇ ਰਾਹ ਤੁਰਨ ਨੂੰ ਕੋਈ ਵੀ ਤਿਆਰ ਨਹੀਂ ਹੈ ਕਿਉਂਕਿ ਹਰ ਕੋਈ ਉਤਰ ਕਾਟੋ ਮੈਂ ਚੜ੍ਹਾਂ ਦੀ ਸਿਆਸਤ ਕਰੀ ਜਾ ਰਿਹਾ ਹੈ। ਜਿਸ ਨੇ ਬਲਵਿੰਦਰ ਸਿੰਘ ਭੂੰਦੜ ਦੇ ਖਿਲਾਫ ਐਫ਼ ਆਈ. ਆਰ. ਲਿਖਵਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਕੌਣ ਦੱਸੇ ਕਿ ਇਹ ਭੂੰਦੜ ਦੇ ਵਿਰੋਧ ਵਿਚ ਨਹੀਂ, ਹੱਕ ਵਿਚ ਭੁਗਤੇਗੀ।
ਇਹ ਕੌਣ ਸੋਚੇਗਾ ਕਿ 1925 ਦੇ ਐਕਟ ਨੇ ਜੇ ਪੰਥਕ ਉਸਾਰ ਵਾਸਤੇ ਕੋਈ ਭੂਮਿਕਾ ਨਹੀਂ ਨਿਭਾਈ ਤਾਂ ਮੁਕੱਦਮੇਬਾਜ਼ੀਆਂ ਪੰਥਕ ਉਸਾਰ ਦੇ ਹੱਕ ਵਿਚ ਕਿਵੇਂ ਭੁਗਤ ਸਕਦੀਆਂ ਹਨ। ਭਾਵੁਕਤਾ ਤਾਂ ਆਸਥਾ ਨੂੰ ਵੀ ਉਲਝਾ ਦਿੰਦੀ ਹੈ ਕਿਉਂਕਿ ਭਾਵੁਕਤਾ, ਵਕਤੀ ਉਬਾਲ ਹੈ ਅਤੇ ਇਸ ਨੂੰ ਸੁਲਝਿਆ ਹੋਇਆ ਸਿਰੜ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਭਾਵੁਕਤਾ ਦੀ ਅੰਨ੍ਹੀ ਵਰਤੋਂ ਨੂੰ ਪੰਥਕ ਜਜ਼ਬਾ ਸਮਝ ਲੈਣ ਦੀਆਂ ਤਿਫਲ ਤਸੱਲੀਆਂ ਦੀ ਸਿਆਸਤ ਨੂੰ ਵਰਤ ਕੇ ਹੀ ਬਾਦਲਕੇ ਇਥੋਂ ਤੱਕ ਪਹੁੰਚੇ ਹਨ।
20 ਸਤੰਬਰ ਨੂੰ ਸਿੱਖ ਨੌਜਵਾਨਾਂ ਦੇ ਇਕੱਠ ਨੂੰ ਇਸ ਰੋੜ੍ਹ ਵਿਚ ਰੁੜ੍ਹ ਜਾਣ ਤੋਂ ਬਚਾਉਣ ਲਈ ਮੈਨੂੰ ਇਹੀ ਸੁੱਝਿਆ ਹੈ ਕਿ ਵੱਡੇ ਇਕੱਠਾਂ ਵਿਚ ਫੈਸਲੇ ਨਹੀਂ ਲਏ ਜਾ ਸਕਦੇ। ਪਰ ਸਾਂਝੀ ਸਮਝ ਨਾਲ ਜੁੜੇ ਹੋਏ ਫੇਸਲਿਆਂ ਨੂੰ ਸੰਗਤੀ ਇਕੱਠਾਂ ਰਾਹੀਂ ਲਾਗੂ ਕਰਨ ਵਾਲੇ ਰਾਹ ਪਾਇਆ ਜਾ ਸਕਦਾ ਹੈ। ਮੇਰੀ ਜਾਚੇ ਬਾਦਲਕੇ ਜਿਸ ਪੌੜੀ ਰਾਹੀਂ ਟੀਸੀ ‘ਤੇ ਚੜ੍ਹੇ ਹਨ, ਉਸੇ ਪੌੜੀ ਰਾਹੀਂ ਥੱਲੇ ਉਤਰਨ ਦਾ ਰਾਹ ਕੱਢਣਾ ਹੀ ਪੰਥਕ ਰਾਹ ਹੋਵੇਗਾ। ਇਸ ਨੂੰ ਮੈਂ ਬਾਦਲ ਮੁਕਤ ਅਕਾਲੀ ਦਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਸ ਰਾਹ ਪੈ ਕੇ ਅਕਾਲੀ ਵਰਕਰਾਂ ਨਾਲ ਟਕਰਾ ਤੋਂ ਬਚਿਆ ਜਾ ਸਕਦਾ ਹੈ। ਇਹ ਰਾਹ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸੰਗਤੀ ਸੰਸਥਾਵਾਂ ਰਾਹੀਂ ਹੀ ਨਿਕਲਣਾ ਹੈ। ਇਸ ਬਾਰੇ ਲੋੜੀਂਦੀ ਪ੍ਰੋਗਰਾਮਿੰਗ ਅਤੇ ਪਲੈਨਿੰਗ ਕਰਕੇ ਹੀ ਸਹੀ ਸੇਧ ਵਿਚ ਤੁਰਿਆ ਜਾ ਸਕਦਾ ਹੈ। ਇਕਹਿਰੇ ਯਤਨ ਹੋ ਰਹੇ ਹਨ। ਲੋੜ ਸਾਂਝੇ ਯਤਨਾਂ ਨਾਲ ਸਾਂਝੀ ਸਮਝ ‘ਤੇ ਪਹੁੰਚਣ ਦੀ ਹੈ। ਅਜਿਹਾ ਸੁਜੱਗਤਾ ਨਾਲ ਤਾਂ ਹੋ ਸਕਦਾ ਹੈ, ਸਿਆਸੀ ਇਕੱਠਾਂ ਰਾਹੀਂ ਕਰ ਸਕਣਾ ਮੈਨੂੰ ਸੰਭਵ ਨਹੀਂ ਲੱਗਦਾ।
-ਬਲਕਾਰ ਸਿੰਘ (ਪ੍ਰੋ.)
ਪਟਿਆਲਾ।