ਕਾਲਾ ਮਹੀਨਾ-ਪੋਹ

ਬਲਜੀਤ ਬਾਸੀ
ਭਰ ਸਰਦੀ ਵਾਲੇ ਮਹੀਨੇ ਪੋਹ ਦਾ ਨਾਂ ਸੁਣਦਿਆਂ ਹੀ ਕਾਂਬਾ ਛਿੜ ਜਾਂਦਾ ਹੈ। ਪੰਜਾਬ ਵਿਚ ਕੋਰਾ, ਧੁੰਦ, ਮੂੰਹਾਂ ‘ਚੋਂ ਭਾਫਾਂ ਆਦਿ ਦਾ ਵਰਤਾਰਾ ਇਸ ਮਹੀਨੇ ਦਾ ਆਮ ਲਛਣ ਹੈ। ਘਰਾਂ, ਖੂਹਾਂ, ਬੀਹੀਆਂ, ਸੱਥਾਂ ਵਿਚ ਖੇਸੀਆਂ ਦੇ ਝੁੰਬ ਹੀ ਝੁੰਬ ਦਿਖਾਈ ਦਿੰਦੇ ਹਨ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇਕ ਦਿਲਚਸਪ ਪੌਰਾਣਿਕ ਕਥਾ ਹੈ। ਕਹਿੰਦੇ ਹਨ ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਨ੍ਹਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ।
ਇਸ ਮਹੀਨੇ ਖੂਹਾਂ ‘ਤੇ ਕੁਲ੍ਹਾੜੀ (ਦੁਆਬੇ ਵਿਚ ਵੇਲਣਾ) ਚਲਦੀ ਹੈ ਤੇ ਤੱਤੇ ਤੱਤੇ ਗੁੜ ਦੀਆਂ ਲਪਟਾਂ ਨਾਲ ਸਾਰਾ ਵਾਤਾਵਰਣ ਨਸ਼ਿਆਇਆ ਜਾਂਦਾ ਹੈ। ਚੌਕੇ ਵਿਚ ਪਟੜੇ ਜਾਂ ਪੀੜੀ ਉਤੇ ਬਹਿ ਕੇ ਲੱਤਾਂ ਚੁਲ੍ਹੇ ਵਿਚ ਡਾਹੀਆਂ ਜਾਂਦੀਆ ਹਨ। ਜੇ ਨਾਲ ਮੱਖਣ ਦੇ ਪੇੜੇ ਵਾਲਾ ਗਰਮਾ ਗਰਮ ਸਾਗ ਵੀ ਹੋਵੇ ਤਾਂ ਸੋਨੇ ‘ਤੇ ਸੁਹਾਗਾ ਹੋ ਜਾਂਦਾ ਹੈ। ਸਾਗ ਤੇ ਮੱਕੀ ਦੀ ਰੋਟੀ ਕਹਿੰਦੇ ਨੇ ਪੰਜਾਬੀ ਸਭਿਆਚਾਰ ਦੀ ਮੁਖ ਨਿਸ਼ਾਨੀ ਹੈ, ਫਿਰ ਤਾਂ ਸਾਡਾ ਸਭਿਆਚਾਰ ਇਸ ਮਹੀਨੇ ਹੀ ਆਪਣੇ ਪੂਰੇ ਜਾਹੋ-ਜਲਾਲ ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ। ਪਰ ਅਫਸੋਸ, ਚੌਲਾਂ ਦੀ ਖੇਤੀ ਨੇ ਪੰਜਾਬ ਦੇ ਇਸ ਸਭਿਆਚਾਰ ਵਿਚ ਚਿੱਬ ਪਾਇਆ ਹੈ। ਜੀਰੀ ਨੇ ਧਰਤੀ ਦਾ ਪਾਣੀ ਸੂਤ ਲਿਆ ਹੈ ਤੇ ਹੁਣ ਮੁੜ ਮੱਕੀ ਬੀਜਣ ਦੀਆਂ ਗੱਲਾਂ ਚੱਲਣ ਲੱਗੀਆਂ ਹਨ। ਪੋਹ ਦੇ ਮਹੀਨੇ ਕਿਸਾਨ ਮੀਂਹ ਦੀ ਤਵੱਕੋ ਕਰਦੇ ਹਨ। ਜੇ ਕਣੀਆਂ ਪੈ ਜਾਣ ਤਾਂ ਕਿਸਾਨ ਦੇ ਵਾਰੇ ਨਿਆਰੇ ਹੋ ਜਾਂਦੇ ਹਨ ਕਿਉਂਕਿ ਸੁੱਕੀ ਠੰਡ ਫਸਲਾਂ ਨੂੰ ਰੁੰਡ-ਮਰੁੰਡ ਕਰ ਦਿੰਦੀ ਹੈ,
ਜੇ ਵੱਸੇ ਪੋਹ ਮਾਹੀ,
ਕੌਣ ਆਖੇ ਜੰਮੀ ਨਾਹੀ।
ਵਸੇ ਪੋਹ ਅਗੇਤੀ ਪਿਛੇਤੀ
ਇਕੋ ਜਿਹੀ,
ਪੋਹ ਵਰ੍ਹੇ ਖਾਤੇ ਬਰੇ,
ਮਾਘ ਵਰ੍ਹੇ ਕੋਠੀ ਭਰੇ।
ਅਗਲਾ ਮਹੀਨਾ ਮਾਘ ਦਾ ਵੀ ਪਾਲੇ ਦਾ ਹੀ ਹੁੰਦਾ ਹੈ। ਕਿਹੜੇ ਮਹੀਨੇ ਵਧੇਰੇ ਪਾਲਾ ਹੁੰਦਾ ਹੈ, ਇਸ ਬਾਰੇ ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ‘ਮੇਰਾ ਪਿੰਡ’ ਵਿਚ ਇਕ ਜਨੌਰ ਕਹਾਣੀ ਦਾ ਜ਼ਿਕਰ ਕੀਤਾ ਹੈ। ਇਕ ਵਾਰੀ ਸ਼ੇਰ ਤੇ ਬਘਿਆੜ ਆਪੋ ਵਿਚ ਬਹਿਸ ਪਏ। ਸ਼ੇਰ ਕਹੇ ਪਾਲਾ ਮਾਘ ਵਿਚ ਜ਼ਿਆਦਾ ਹੁੰਦਾ ਹੈ ਤੇ ਬਘਿਆੜ ਕਹੇ ਪੋਹ ਵਿਚ। ਆਖਰ ਚਲਾਕ ਲੂੰਬੜੀ ਦੇ ਅੱਗੇ ਕੇਸ ਰੱਖਿਆ ਗਿਆ, “ਭਾਗਵਾਨੇ! ਸਾਰੇ ਜੰਗਲ ਦੇ ਜਾਨਵਰਾਂ ਨਾਲੋਂ ਤੈਨੂੰ ਚਤੁਰ ਕਹਿੰਦੇ ਹਨ, ਜ਼ਰਾ ਸਾਡੀ ਗੱਲ ਦਾ ਫੈਸਲਾ ਕਰਾ।” ਲੂੰਬੜੀ ਵਿਚਾਰੀ ਦੁਬਿਧਾ ਵਿਚ ਪੈ ਗਈ। ਜੇ ਸ਼ੇਰ ਗੁੱਸੇ ਹੋਇਆ ਤਾਂ ਇਕ ਅੱਧੇ ਦਿਨ ਵਿਚ ਦਾਅ ਲਾ ਕੇ ਮਾਰੂ ਤੇ ਜੇ ਬਘਿਆੜ ਦੇ ਉਲਟ ਗੱਲ ਆਖੀ ਤਾਂ ਜਾਨ ਫਿਰ ਵੀ ਖਤਰੇ ਵਿਚ ਹੈ। ਕਹਿੰਦੇ ਹਨ ਸੋਚ-ਸਾਚ ਕੇ ਅਜਿਹਾ ਜਵਾਬ ਦਿੱਤਾ ਕਿ ਦੋਨਾਂ ਦੀ ਨਿਸ਼ਾ ਕਰਾ ਦਿੱਤੀ,
ਸੁਣੋ ਸਿੰਘ ਸਰਦਾਰ ਸੁਣੋ ਬਘਿਆੜ ਰਾਇ ਜੀ।
ਪਾਲਾ ਪੋਹ ਨਾ ਪਾਲਾ ਮਾਘ ਪਾਲਾ ਮੀਂਹ ਤੇ ਵਾਇ ਜੀ।
ਜੇ ਕਿਸੇ ਕਾਰਨ ਕਰਕੇ ਹਾੜੀ ਦੀ ਬਿਜਾਈ ਵੱਤ ਸਿਰ ਨਾ ਹੋ ਸਕੇ ਤਾਂ ਪੋਹ ਮਾਘ ਵਿਚ ਵੀ ਕਣਕ ਬੀਜ ਦਿੰਦੇ ਹਨ ਜਿਸ ਨੂੰ ਮਾਘਲਾ ਕਿਹਾ ਜਾਂਦਾ ਹੈ,
ਪੋਹ ਮਾਘ ਵਿਚ ਬੀਜੇ,
ਜੋ ਲਹਿਣੇ ਇਕ ਨਾ ਦੇਣੇ ਦੋ।
ਪੋਹ ਦੀ ਬਿਆਈ,
ਜਿਹੀ ਘਰ ਆਈ ਜਿਹੀ ਨਾ ਆਈ।
ਪੋਹ ਦੇ ਮਹੀਨੇ ਤਾਂ ਪੱਛੋਂ ਵੀ ਮਾੜੀ ਹੁੰਦੀ ਹੈ, ‘ਪੱਛੋਂ ਚੱਲੇ ਵਿਚ ਕੋਰਾ ਪਵੇ ਜ਼ਰੂਰ, ਸਾਰੀ ਫਸਲ ਕਮਾਦ ਦੀ ਹੋਵੇ ਚਿਕਨਾ ਚੂਰ।’
ਜੇਠ ਹਾੜ ਦੀ ਗਰਮੀ ਤੇ ਪੋਹ ਮਾਘ ਦਾ ਪਾਲਾ ਸਾਡੀਆਂ ਰੁੱਤਾਂ ਦੇ ਕਹਿਰ ਦੇ ਮਹੀਨੇ ਹਨ। ਮੇਰੇ ਪਿੰਡ ਦੇ ਕਵੀ ਗੁਰਦਾਸ ਰਾਮ ਆਲਮ ਨੇ ਕਿਸਾਨ ਦੀ ਬਦਕਿਸਮਤੀ ਦਾ ਹਾਲ ਬਿਆਨਿਆ ਹੈ,
ਜੇਠ ਹਾੜ ਦੀ ਗਰਮੀ ਝੱਲਾਂ,
ਪੋਹ ਮਾਘ ਦਾ ਪਾਲਾ।
ਬੋਹਲ ਬਣੇ ਤਾਂ ਛੇਈਂ ਮਹੀਨੀ,
ਚੁੱਕ ਲਿਜਾਵੇ ਲਾਲਾ।
ਪੰਜਾਬ ਦਾ ਤਿਉਹਾਰ ਲੋਹੜੀ ਪੋਹ ਦੇ ਆਖਰੀ ਦਿਨ ਹੀ ਆਉਂਦਾ ਹੈ। ਸ਼ਾਮ ਪਈ, ਗਲੀਆਂ ਮਹੱਲਿਆ ਵਿਚ ਬੱਚਿਆਂ ਦੀਆਂ ਟੋਲੀਆਂ ਘਰੋ-ਘਰੀ ਲੋਹੜੀ ਮੰਗਦੀਆਂ ਆਮ ਹੀ ਦਿਸਦੀਆਂ ਹਨ। ਮਾਲਵੇ ਵਿਚ ਬਾਜਰੇ ਤੇ ਮੋਠਾਂ ਦੀ ਖਿਚੜੀ ਤੇ ਦੁਆਬੇ ਵਿਚ ਰਸ ਵਾਲੇ ਚੌਲ ਰਿੰਨ੍ਹ ਕੇ ਅਗਲੇ ਦਿਨ ਮਾਘੀ ਨੂੰ ਖਾਧੇ ਜਾਂਦੇ ਹਨ, ‘ਪੋਹ ਰਿਧੀ ਤੇ ਮਾਘ ਖਾਧੀ।’ ਇਸ ਅਖਾਣ ਦਾ ਇਕ ਹੋਰ ਰੁਪਾਂਤਰ ਹੈ, ‘ਪਿਉ ਰਿਧੀ ਤੇ ਮਾਘ ਖਾਧੀ।’ ਇਸ ਵਿਚ ਪੋਹ ਨੂੰ ਪਿਉ ਤੇ ਮਾਘ ਨੂੰ ਮਾਂ ਕਲਪਿਆ ਗਿਆ ਹੈ। ਰਿਓੜੀਆਂ, ਮੂੰਗਫਲੀ, ਕੁੱਲਰ ਇਸ ਮਹੀਨੇ ਦੀ ਨਿਆਮਤ ਹਨ। ਇਸ ਮਹੀਨੇ ਨੂੰ ਕਾਲਾ ਮਹੀਨਾ ਕਿਹਾ ਜਾਂਦਾ ਹੈ। ਮੇਰੇ ਖਿਆਲ ਵਿਚ ਇਸ ਦਾ ਕਾਰਨ ਮੌਸਮ ਵਿਚ ਝੜ ਅਤੇ ਧੁੰਦ ਦਾ ਬੋਲਬਾਲਾ ਹੋਣਾ ਹੈ। ਮਹੀਨਾ ਕਾਲਾ ਹੋਣ ਕਾਰਨ ਅਸ਼ੁਭ ਮੰਨਿਆ ਜਾਂਦਾ ਹੈ। ਸੋ ਰਵਾਇਤੀ ਤੌਰ ‘ਤੇ ਇਸ ਮਹੀਨੇ ਵਿਆਹ ਆਦਿ ਜਿਹੇ ਲੌਕਿਕ ਉਤਸਵ ਵਰਜਿਤ ਹਨ। ਇਸ ਮਹੀਨੇ ਨਵਵਿਆਹੁਤਾ ਕੰਨਿਆ ਨੂੰ ਆਪਣੇ ਪਤੀ ਦਾ ਸਾਥ ਕਰਨ ਤੋਂ ਪ੍ਰਹੇਜ਼ ਕਰਨ ਦਾ ਵਿਚਾਰ ਕੀਤਾ ਜਾਂਦਾ ਹੈ। ਬਿਹਤਰ ਸਮਝਿਆ ਜਾਂਦਾ ਹੈ ਕਿ ਉਹ ਮਹੀਨਾ ਭਰ ਪਿਉਕੇ ਹੀ ਰਹੇ। ਭਰ ਠੰਡ ਵਿਚ ਸੰਭੋਗ ਦੀ ਮਨਾਹੀ? ਕਿੱਡਾ ਕਹਿਰ ਹੈ ਪਰੰਪਰਾਗਤ ਸੋਚ ਵਿਚ! ਇਸ ਮਹੀਨੇ ਪੂਜਾ ਅਰਚਨਾ ਦਾ ਵੀ ਮਹਾਤਮ ਹੈ। ਵਿਸ਼ੇਸ਼ ਤੌਰ ‘ਤੇ ਸੌਣੀ ਦੀ ਫਸਲ ਅਤੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ, ਪਿਤਰ ਨਮਿਤ ਦਾਨ ਕੀਤੇ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਪੋਹ ਲਈ ਪੋਖ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ। ਗੁਰੂ ਨਾਨਕ ਦੇਵ ਨੇ ਇਸ ਮਹੀਨੇ ਬਾਰੇ ਆਪਣੇ ਬਾਰਾਮਾਹ ਵਿਚ ਕਿਹਾ ਹੈ,
ਪੋਖਿ ਤੁਖਾਰੁ ਪੜੇ ਵਣ ਤ੍ਰਿਣੁ ਰਸ ਸੋਖੈ॥
ਅਰਥਾਤ ਪੋਹ ਦੇ ਮਹੀਨੇ ਪੈਂਦੇ ਕੱਕਰ ਕਾਰਨ ਵਣ ਦੇ ਘਾਹ ਦਾ ਰਸ ਸੁੱਕ ਜਾਂਦਾ ਹੈ। ਸਾਹਿਬ ਸਿੰਘ ਅਨੁਸਾਰ ਇਸ ਦਾ ਭਾਵ ਅਰਥ ਹੈ, ਪ੍ਰਭੂ ਨੂੰ ਭੁਲਾਇਆਂ ਮਨ ਅੰਦਰ ਕੋਰਾ ਪੈ ਜਾਂਦਾ ਹੈ ਜਿਸ ਕਾਰਨ ਜੀਵਨ ਵਿਚੋਂ ਪ੍ਰੇਮ-ਰਸ ਸੁੱਕ ਜਾਂਦਾ ਹੈ। ਗੁਰੂ ਅਰਜਨ ਦੇਵ ਫਰਮਾਉਂਦੇ ਹਨ, ‘ਪੋਖੁ ਸੋਹੰਦਾ ਸਰਬ ਸੁਖ ਜਿਸੁ ਬਰਸੇ ਵੇਪਰਵਾਹੁ॥’ ਗੁਰੂ ਅਰਜਨ ਦੇਵ ਨੇ ਪੋਹ ਸ਼ਬਦ ਵੀ ਵਰਤਿਆ ਹੈ, “ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ॥” ਪੋਹ ਸ਼ਬਦ ਬਣਿਆ ਹੈ ਸੰਸਕ੍ਰਿਤ ‘ਪੋਸ਼’ ਤੋਂ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦ ‘ਪੁਸ਼ਿਅ’ ਨਛੱਤਰ ਕੋਲ ਹੁੰਦਾ ਹੈ। ਇਸ ਲਈ ਇਸ ਦਾ ਨਾਮ ਪੋਸ਼ ਪਿਆ। ਇਹ ਸ਼ਬਦ ‘ਪੁਸ਼’ ਧਾਤੂ ਤੋਂ ਵਿਉਤਪਤ ਹੋਏ ਹਨ। ਪੁਸ਼ ਦਾ ਮੁਖ ਅਰਥ ਹੈ ਪਾਲਣਾ। ਪੁਸ਼ ਨਛੱਤਰ ਪਾਲਣਹਾਰ ਤੇ ਊਰਜਾ ਪ੍ਰਦਾਨ ਕਰਨ ਵਾਲਾ ਹੈ। ਇਸ ਨਛੱਤਰ ਨੂੰ ਤਿਸ਼ਅ ਵੀ ਕਿਹਾ ਗਿਆ ਹੈ ਜਿਸ ਦਾ ਅਰਥ ਸ਼ੁਭ ਜਾਂ ਮੰਗਲਕਾਰੀ ਹੁੰਦਾ ਹੈ। ਇਸ ਨੂੰ ਕਲਿਆਣਕਾਰੀ ਮੰਨਿਆ ਗਿਆ ਹੈ। ਇਸੇ ਲਈ ਇਸ ਦਾ ਚਿੰਨ੍ਹ ਗਊ ਦੇ ਥਣ ਹੈ। ਗਾਂ ਦਾ ਦੁਧ ਧਰਤੀ ‘ਤੇ ਵਸਣ ਵਾਲਿਆਂ ਲਈ ਅੰਮ੍ਰਿਤ ਸਮਾਨ ਹੈ। ਇਹ ਪੌਸ਼ਟਿਕ ਵੀ ਹੁੰਦਾ ਹੈ। ਪੁਸ਼ਅ ਨਛੱਤਰ ਉਤਪਾਦਕਤਾ, ਸਮ੍ਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਇਸ ਨਛੱਤਰ ਦੇ ਤਿੰਨ ਤਾਰਿਆਂ ਵਿਚ ਗੋਲਾਈ ਦੇਖਦੇ ਹਨ ਜੋ ਰੱਥ ਦਾ ਸੂਚਕ ਹੁੰਦੇ ਹੋਏ ਪ੍ਰਗਤੀ ਦੇ ਪ੍ਰਤੀਕ ਹਨ। ਇਸ ਨਛੱਤਰ ਦਾ ਸਵਾਮੀ ਗ੍ਰਹਿ ਸ਼ਨੀ ਹੈ।
ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁਕਾ ਹੈ, ਪੋਸ਼ ਸ਼ਬਦ ਦਾ ਧਾਤੂ ‘ਪੁਸ਼’ ਹੈ ਜਿਸ ਦਾ ਅਰਥ ਪਾਲਣਾ ਹੈ। ਪਾਲਣ-ਪੋਸ਼ਣ ਸ਼ਬਦ-ਜੁੱਟ ਵਿਚ ‘ਪੋਸ਼ਣ’ ਸ਼ਬਦ ਇਸੇ ਪੁਸ਼ ਦਾ ਹੀ ਵਿਕਸਿਤ ਰੂਪ ਹੈ। ਪੰਜਾਬੀ ਵਿਚ ਪੋਸ਼ਣ ਸ਼ਬਦ ਘਟ ਹੀ ਕਦੇ ਇਕੱਲੇ ਤੌਰ ‘ਤੇ ਵਰਤਿਆ ਮਿਲਦਾ ਹੈ। ਕਈ ਹਾਲਤਾਂ ਵਿਚ ਸੰਸਕ੍ਰਿਤ ਦਾ ਢਿਡ-ਪਾੜਵਾਂ ‘ਸ਼’ ਪੰਜਾਬੀ ਵਿਚ ਆ ਕੇ ‘ਖ’ ਵਿਚ ਬਦਲ ਜਾਂਦਾ ਹੈ ਜਿਵੇਂ ‘ਸ਼ੜਅੰਤਰ’ ਛੜਅੰਤਰ’ ਬਣ ਜਾਦਾ ਹੈ। ਇਸ ਤਰ੍ਹਾਂ ਗੁਰਬਾਣੀ ਵਿਚ ਪੋਸ਼ ਤੋਂ ਬਣਿਆ ‘ਪੋਖ’ ਸ਼ਬਦ ਪਾਲਣ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ,
ਭਰਣ ਪੋਖਣ ਸੰਗਿ ਅਉਧ ਵਿਹਾਣੀ॥ -ਗੁਰੂ ਅਰਜਨ ਦੇਵ
ਅਰਥਾਤ ਆਪਣਾ ਸਰੀਰ ਪਾਲਣ-ਪੋਸ਼ਣ ਵਿਚ ਹੀ ਤੇਰੀ ਉਮਰ ਲੰਘ ਰਹੀ ਹੈ। ਇਸੇ ਤੋਂ ਪੌਸ਼ਟਿਕ ਸ਼ਬਦ ਬਣਿਆ ਹੈ। ‘ਰਿਸ਼ਟ-ਪੁਸ਼ਟ’ ਜੁੱਟ ਵਿਚ ਪੁਸ਼ਟ ਇਸੇ ‘ਪੁਸ਼’ ਦਾ ਵਿਕਾਸ ਹੈ। ਪੁਸ਼ਟ ਅੱਗੋਂ ਸੰਕੁਚਿਤ ਹੋ ਕੇ ‘ਪੱਠਾ’ ਬਣ ਗਿਆ ਜਿਸ ਦੇ ਕਈ ਅਰਥ ਹਨ। ਕੁਝ ਜਾਨਵਰਾਂ ਦੇ ਪਲੇ ਹੋਏ ਬੱਚੇ ਨੂੰ ਪੱਠਾ ਕਿਹਾ ਜਾਂਦਾ ਹੈ। ‘ਉਲੂ ਦਾ ਪੱਠਾ’ ਉਕਤੀ ਦਾ ਸ਼ਾਬਦਿਕ ਤੌਰ ‘ਤੇ ਅਰਥ ਉਲੂ ਦਾ ਬੱਚਾ ਹੈ ਪਰ ਲਾਖਣਿਕ ਅਰਥਾਂ ਵਿਚ ਬੰਦੇ ਦਾ ਮੂਰਖ ਬੱਚਾ ਹੈ। ਭਲਵਾਨਾਂ ਦੇ ਪਲੇ ਹੋਏ ਚੇਲੇ ਵੀ ਪੱਠੇ ਕਹਾਉਂਦੇ ਹਨ। ਮਨੁਖੀ ਸਰੀਰ ਦੇ ਪੱਠੇ (ਮਸਲ) ਸਰੀਰ ਦੇ ਕਮਾਏ ਤੇ ਪਾਲੇ ਹੋਏ ਹੋਣ ਵੱਲ ਸੰਕੇਤ ਕਰਦੇ ਹਨ। ਬੱਕਰੀ ਦੇ ਪਲੇ ਬੱਚੇ ਨੂੰ ‘ਪਠ’ ਕਿਹਾ ਜਾਂਦਾ ਹੈ। ਜਵਾਨ ਔਰਤ ਨੂੰ ਕਾਮੁਕ ਨਜ਼ਰਾਂ ਨਾਲ ਪੱਠੀ ਕਿਹਾ ਜਾਂਦਾ ਹੈ। ਪਸ਼ੂਆਂ ਦੇ ਚਾਰੇ ਨੂੰ ਪੱਠੇ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਖਾਸੇ ਪਲੇ ਹੋਏ ਤੇ ਮੋਟੇ ਹੁੰਦੇ ਹਨ, ਅਰਥਾਤ ਪਸ਼ੂਆਂ ਲਈ ਪੌਸ਼ਟਿਕ ਹਨ। ਮਹਾਨ ਕੋਸ਼ ਵਿਚ ਪੱਠਾ ਦਾ ਮੁਖ ਅਰਥ ਘਾਹ ਦੇ ਪੱਤੇ ਦਿੱਤਾ ਹੋਇਆ ਹੈ। ਘਾਹ ਪੱਠਾ ਸ਼ਬਦ ਜੁੱਟ ਵਰਤਿਆ ਜਾਂਦਾ ਹੈ,
ਤੂੜੀ ਸੂੜੀ ਵੰਡ ਵੜੇਵਾਂ,
ਘਾਹ ਪੱਠਾ ਮੈਂ ਖਾਂਦੀ ਹਾਂ।
‘ਘਾਹ ਫੂਸ’ ਦੇ ਫੂਸ ਵਿਚ ਵੀ ਇਹੀ ਭਾਵ ਕੰਮ ਕਰ ਰਿਹਾ ਹੈ। ਨਿਰੁਕਤਕਾਰ ਟਰਨਰ ਅਨੁਸਾਰ ‘ਫੂਸ’ ਸ਼ਬਦ ‘ਪੁਸ਼’ ਧਾਤੂ ਤੋਂ ਬਣਿਆ ਹੈ।

Be the first to comment

Leave a Reply

Your email address will not be published.