ਕਾਲਕਾ-ਸ਼ਿਮਲਾ ਰੇਲ ਦੇ ਅਲੋਕਾਰ ਡੱਬੇ

ਗੁਲਜ਼ਾਰ ਸਿੰਘ ਸੰਧੂ
ਗੋਰੀ ਸਰਕਾਰ ਨੇ ਸ਼ਿਮਲਾ ਨੂੰ ਗਰਮੀ ਰੁੱਤ ਦੀ ਰਾਜਧਾਨੀ ਬਣਾਉਣ ਤੋਂ ਪਿਛੋਂ ਕਾਲਕਾ ਤੋਂ ਸ਼ਿਮਲਾ ਦੀਆਂ ਪਹਾੜੀਆਂ ਵਿਚੋਂ ਛੋਟੇ ਡੱਬਿਆਂ ਵਾਲੀ ਰੇਲ ਗੱਡੀ ਚਾਲੂ ਕੀਤੀ ਸੀ। ਸਮੇਂ ਨਾਲ ਇਸ ਦਾ ਨਾਂ ਖਿਡੌਣਾ ਗੱਡੀ ਪੈ ਗਿਆ। ਇਸ ਅਲੋਕਾਰ ਗੱਡੀ ਨੂੰ ਸੰਸਾਰਕ ਅਜੂਬੇ ਦੀ ਪਦਵੀ ਮਿਲ ਚੁਕੀ ਹੈ। ਪਿਛਲੇ ਕੁਝ ਸਮੇਂ ਤੋਂ ਇਹਦੇ ਨਾਲ ਸ਼ੀਸ਼ਿਆਂ ਵਾਲੇ ਡੱਬੇ ਜੋੜਨ ਦਾ ਕੰਮ ਚਲ ਰਿਹਾ ਸੀ। ਇਸ ਦਾ ਅਜ਼ਮਾਇਸ਼ੀ ਦੌਰਾ ਸਫਲ ਹੋ ਚੁਕਾ ਹੈ। ਹੁਣ ਦੇਸ਼ ਵਿਦੇਸ਼ ਦੇ ਯਾਤਰੀ ਸ਼ੀਸ਼ਿਆਂ ਵਾਲੇ ਡੱਬੇ ਵਿਚ ਬਹਿ ਕੇ ਹਿਮਾਚਲ ਦੇ ਭਾਂਤ ਸੁਭਾਂਤੇ ਰੁੱਖਾਂ ਤੇ ਪਰਬਤਾਂ ਤੋਂ ਬਿਨਾ ਇਥੋਂ ਦੀ ਸਮੁੱਚੀ ਬਨਸਪਤੀ ਦਾ ਮਜ਼ਾ ਲੈ ਸਕਣਗੇ।

ਸੰਨ ਸੰਤਾਲੀ ਤੋਂ ਪਿਛੋਂ ਦਾ ਵੱਢਿਆ ਟੁੱਕਿਆ ਭਾਰਤ ਵੀ ਉਤਰ, ਦੱਖਣ, ਪੂਰਬ, ਪੱਛਮ ਦੇ ਇਲਾਕਿਆਂ ਵਿਚ ਏਨਾ ਕੁਝ ਨਵਾਂ ਤੇ ਨਿਵੇਕਲਾ ਸਮੋਈ ਬੈਠਾ ਹੈ ਕਿ ਇਨ੍ਹਾਂ ਥਾਂਵਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਵੀ ਸ਼ੀਸ਼ਿਆਂ ਵਾਲੇ ਡੱਬੇ ਜੋੜ ਲਏ ਜਾਣ ਤਾਂ ਭਾਰਤ ਵਾਸੀ ਖੁਦ ਵੀ ਆਪਣੇ ਦੇਸ਼ ਦੀ ਅਨੇਕਤਾ ਵਿਚ ਏਕਤਾ ਦਾ ਮਜ਼ਾ ਲੈ ਸਕਦੇ ਹਨ। ਖਾਸ ਕਰ ਉਤਰ ਪੂਰਬੀ ਤੇ ਸਾਗਰੀ ਸੀਮਾ ਦੇ ਨੇੜਲੇ ਰਾਜਾਂ ਦਾ। ਅੱਜ ਦੇ ਗਲੋਬਲੀ ਯੁਗ ਵਿਚ ਇੰਡੀਆ ਦਾ ਸਥਾਨ ਬਾਕਮਾਲ ਹੈ।
ਸ਼ੀਸ਼ਿਆਂ ਵਾਲੇ ਡੱਬੇ ਜ਼ਿੰਦਾਬਾਦ!
ਪੰਜਾਬੀ ਭਾਸ਼ੀ ਲੋਕਾਂ ਦੀ ਬੱਲੇ ਬੱਲੇ: ਅੱਜ ਦੇ ਦਿਨ ਪੰਜਾਬੀ, ਉਰਦੂ ਜਾਣਨ ਵਾਲਿਆਂ ਦੇ ਹੋਰ ਨੇੜੇ ਹੋ ਸਕਦੇ ਹਨ। 2001 ਦੀ ਮਰਦਮਸ਼ੁਮਾਰੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਆਪਣੇ ਹੀ ਦੇਸ਼ ਵਿਚ ਖੁੱਡੇ ਲਾਏ ਪੰਜਾਬੀ ਬੋਲਣ ਵਾਲੇ ਵਸਨੀਕ ਹੋਰ ਭਾਸ਼ਾਵਾਂ ਬੋਲਣ ਦੇ ਪੱਖੋਂ ਬੰਗਲਾ, ਮਲਿਆਲਮ ਤੇ ਮਰਾਠੀ ਬੋਲਣ ਵਾਲਿਆਂ ਤੋਂ ਬਹੁਤ ਅੱਗੇ ਹਨ। ਵੱਡੀਆਂ ਫੜ੍ਹਾਂ ਮਾਰਨ ਵਾਲੇ ਹਿੰਦੀ ਤੇ ਬੰਗਲਾ ਭਾਸ਼ੀ ਵੀ ਪੰਜਾਬੀਆਂ ਨਾਲੋਂ ਪਿੱਛੇ ਹਨ। ਉਂਜ ਉਰਦੂ ਤੇ ਹਿੰਦੀ ਜਾਣਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਉਤੇ, ਭਾਵ 62 ਪ੍ਰਤੀਸ਼ਤ ਹੈ। ਦੋ ਭਾਸ਼ਾਵਾਂ ਜਾਣਨ ਵਾਲਿਆਂ ਵਿਚੋਂ ਦੂਜੇ ਨੰਬਰ ‘ਤੇ ਪੰਜਾਬੀ ਹਨ, ਜਿਨ੍ਹਾਂ ਦੀ ਗਿਣਤੀ 53% ਹੈ। ਉਹ ਹਿੰਦੀ ਤੋਂ ਬਿਨਾ ਅੰਗਰੇਜ਼ੀ ਵੀ ਜਾਣਦੇ ਹਨ। ਤਿੰਨ ਭਾਸ਼ਾਵਾਂ ਜਾਣਨ ਵਾਲਿਆਂ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। ਏਸ ਪੱਖੋਂ ਮਰਾਠੀ ਭਾਸ਼ੀ ਪੰਜਾਬੀਆਂ ਨਾਲੋਂ ਦੂਜੇ ਨੰਬਰ ‘ਤੇ ਹਨ।
ਹਿੰਦੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ ਭਾਵੇਂ 52 ਕਰੋੜ ਹੈ ਪਰ ਉਨ੍ਹਾਂ ਵਿਚੋਂ ਕੇਵਲ 12% ਹਨ, ਜੋ ਕੋਈ ਦੂਜੀ ਭਾਸ਼ਾ ਜਾਣਦੇ ਹਨ। ਉਨ੍ਹਾਂ ਵਿਚੋਂ ਸਭ ਤੋਂ ਵਧ ਗਿਣਤੀ ਅੰਗਰੇਜ਼ੀ ਭਾਸ਼ਾ ਵਾਲਿਆਂ ਦੀ ਹੈ ਤੇ ਦੂਜੇ ਨੰਬਰ ‘ਤੇ ਮਰਾਠੀ ਜਾਣਨ ਵਾਲੇ ਹਨ। ਦੱਖਣ ਦੇ ਵਸਨੀਕਾਂ ਦਾ ਹਾਲ ਵੀ ਬਹੁਤ ਚੰਗਾ ਨਹੀਂ। ਬੰਗਲਾ ਭਾਸ਼ਾ ਵਾਲੇ ਵੀ ਪਿੱਛੇ ਹੀ ਹਨ। ਇਨ੍ਹਾਂ ਦੇ ਟਾਕਰੇ ਕੋਕਨੀ ਭਾਸ਼ਾ ਜਾਣਨ ਵਾਲਿਆਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਪਰ ਉਹ ਆਪਣੀ ਭਾਸ਼ਾ ਤੋਂ ਬਿਨਾ ਇਕ ਅੱਧ ਭਾਸ਼ਾ ਹੋਰ ਜਰੂਰ ਜਾਣਦੇ ਹਨ। ਇਹ ਤੱਥ ਇਹਦੇ ਵਰਗੀਆਂ ਹੋਰ ਭਾਸ਼ਾਵਾਂ ‘ਤੇ ਵੀ ਲਾਗੂ ਹੁੰਦਾ ਹੈ। ਚੇਤੇ ਰਹੇ, ਇਹ ਵਿਸ਼ਲੇਸ਼ਣ 2001 ਦੀ ਮਰਦਮਸ਼ੁਮਾਰੀ ਦਾ ਹੈ, ਅਠਾਰਾਂ ਵਰ੍ਹੇ ਪਹਿਲਾਂ ਦਾ। ਅੱਜ ਦੇ ਦਿਨ ਪੰਜਾਬੀ ਭਾਸ਼ੀ ਉਰਦੂ ਜਾਣਨ ਵਾਲਿਆਂ ਦੇ ਹੋਰ ਨੇੜੇ ਹੋ ਸਕਦੇ ਹਨ।
ਸਰਵ ਸੌੜਾ ਰਾਸ਼ਟਰਵਾਦ: ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ, ਉਨ੍ਹਾਂ ਦੀ ਜੀਵਨ ਭਰ ਦੀ ਸੇਵਾ ਸਦਕਾ ਮਿਲੇ ਇੰਦਰਾ ਗਾਂਧੀ ਸ਼ਾਂਤੀ ਸਨਮਾਨ ਦਾ ਅਹਿਮ ਪੱਖ ਉਨ੍ਹਾਂ ਦਾ ਪ੍ਰਵਾਨਗੀ ਭਾਸ਼ਣ ਹੈ। ਉਨ੍ਹਾਂ ਅਜੋਕੇ ਸਿਆਸਤਦਾਨਾਂ ਨੂੰ ਸੌੜੇ ਰਾਸ਼ਟਰਵਾਦ ਤੋਂ ਖਬਰਦਾਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਨਿਸਚੇ ਹੀ ਉਨ੍ਹਾਂ ਦਾ ਇਸ਼ਾਰਾ ਸੌੜੀ ਸੋਚ ਵਲ ਹੈ। ਭਾਰਤ ਦੇ ਅਹਿਮ ਰਾਜ ਦਾ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਵਰਗਾ ਵਿਅਕਤੀ ਥਾਪਿਆ ਜਾਣਾ ਸੌੜੀ ਸੋਚ ਦੀ ਉਪਜ ਨਹੀਂ ਤਾਂ ਹੋਰ ਕੀ ਹੈ? ਮੁਗਲ ਸਰਾਏ ਦਾ ਨਾਂ ਦੀਨ ਦਿਆਲ ਉਪਾਧਿਆਏ ਨਗਰ, ਅਲਾਹਾਬਾਦ ਦਾ ਪ੍ਰਯਾਗਨਗਰ ਤੇ ਫੈਜ਼ਾਬਾਦ ਦਾ ਨਾਂ ਅਯੋਧਿਆ ਰੱਖਣਾ ਏਸ ਸੋਚ ਦੀ ਦੇਣ ਹੈ। ਹਿੰਦੂਤਵਾ ਦ੍ਰਿਸ਼ਟੀ ਦੀ ਉਪਜ। ਬਰਤਾਨੀਆ ਸਰਕਾਰ ਨੇ ਕਲਕੱਤਾ, ਪਾਂਡੀਚੇਰੀ, ਬੰਬੇ ਤੇ ਤ੍ਰਿਵੇਂਦਰਮ ਆਦਿ ਨਾਂ ਉਚਾਰਨ ਦੀ ਸਹੂਲਤ ਕਾਰਨ ਰੱਖੇ ਸਨ। ਇਨ੍ਹਾਂ ਦੇ ਮੂਲ ਨਾਂਵਾਂ ਮੁੰਬਈ, ਕੋਲਕਾਤਾ ਵਲ ਪਰਤਣਾ ਸਮਝ ਆਉਂਦਾ ਹੈ ਪਰ ਯੋਗੀ ਸਰਕਾਰ ਵਲੋਂ ਕੀਤਾ ਜਾ ਰਿਹਾ ਸ਼ਹਿਰਾਂ ਦੇ ਨਾਂਵਾਂ ਦਾ ਭਗਵਾਂਕਰਨ ਸੌੜਾ ਰਾਸ਼ਟਰਵਾਦ ਹੈ।
ਅੱਜ ਦਾ ਯੁਗ ਸੰਸਾਰੀਕਰਨ ਵਲ ਵਧ ਰਿਹਾ ਹੈ। ਸੌੜੀ ਸੋਚ ਦੇ ਨਤੀਜੇ ਬੜੇ ਭਿਆਨਕ ਹੋ ਸਕਦੇ ਹਨ। ਏਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਮੀਡੀਏ ਅਨੁਸਾਰ ਮੁੱਖ ਮੰਤਰੀ ਦਾ ਦਫਤਰ ਆਗਰਾ, ਲਖਨਊ ਤੇ ਬਸਤੀ ਆਦਿ ਸ਼ਹਿਰਾਂ ਦੇ ਨਾਂ ਬਦਲਣ ਦੀਆਂ ਸਿਫਾਰਸ਼ਾਂ ਨਾਲ ਭਰ ਰਿਹਾ ਹੈ।
34 ਵਰ੍ਹੇ ਬਾਅਦ: 1984 ਦੇ ਸਿੱਖ ਕਤਲੇਆਮ ਦਾ ਵਰ੍ਹਾ ਮੇਰੇ ਦਿੱਲੀ ਵਾਸ ਦਾ ਅੰਤਲਾ ਵਰ੍ਹਾ ਸੀ। ਮੈਂ 1953 ਤੋਂ ਉਦੋਂ ਤੱਕ ਦਿੱਲੀ ਰਿਹਾ ਹਾਂ। ਆਪਣੀ ਉਚੇਰੀ ਵਿਦਿਆ ਤੇ ਸਰਕਾਰੀ ਨੌਕਰੀ ਦੇ ਕਾਲ ਸਮੇਤ। ਮੇਰੇ ਘਰ ਦੋ ਸਰਕਾਰੀ ਟੈਲੀਫੋਨ ਸਨ, ਇੱਕ ਮੇਰਾ ਤੇ ਇੱਕ ਮੇਰੀ ਬੀਵੀ ਦਾ। ਪੂਰੇ ਤਿੰਨ ਦਿਨ ਇੱਕ ਬੰਦ ਹੁੰਦਾ ਸੀ ਤਾਂ ਦੂਜਾ ਬੋਲ ਪੈਂਦਾ ਸੀ। ਦੇਸ਼ ਵਿਦੇਸ਼ ਦੇ ਅੰਗੀ-ਸੰਗੀ ਜਾਣਨਾ ਚਾਹੁੰਦੇ ਸਨ ਕਿ ਅਸੀਂ ਕਿਵੇਂ ਸਾਂ। ਮੇਰੇ ਇੱਕ ਮਾਮੇ ਨੂੰ ਉਸ ਦੇ ਦਰਵਾਜੇ ਉਤੇ ਕਤਲ ਕਰ ਦਿੱਤਾ ਗਿਆ ਸੀ। ਮੈਂ ਘਰੋਂ ਬਾਹਰ ਪੈਰ ਪੁੱਟਦਾ ਸਾਂ ਤਾਂ ਮੇਰਾ ਗੜ੍ਹਵਾਲੀ ਨੌਕਰ ਮੈਨੂੰ ਧੱਕਾ ਮਾਰ ਕੇ ਅੰਦਰ ਲੈ ਜਾਂਦਾ। ਮੈਥੋਂ ਦੋ ਘਰ ਦੂਰ ਮੇਰਾ ਮਿੱਤਰ ਜੀæ ਐਸ਼ ਮੰਡੇਰ ਰਹਿੰਦਾ ਸੀ। ਉਹ ਦਿੱਲੀ ਦਾ ਪੁਲਿਸ ਕਮਿਸ਼ਨਰ ਸੀ। ਮੈਂ ਉਸ ਨੂੰ ਆਪਣੇ ਨਾਨਕਾ ਪਰਿਵਾਰ ਦੀ ਰਾਖੀ ਲਈ ਕਿਹਾ ਤਾਂ ਉਸ ਦੇ ਹੱਥ ਖੜੇ ਸਨ। ਉਹ ਕੇਵਲ ਮੇਰੀ ਜ਼ਿਮੇਵਾਰੀ ਲੈਣ ਲਈ ਤਿਆਰ ਸੀ। ਬਿਪਤਾ ਵੇਲੇ ਮੈਂ ਆਪਣਾ ਗੜ੍ਹਵਾਲੀ ਨੌਕਰ ਉਹਦੇ ਘਰ ਭੇਜ ਕੇ ਮਦਦ ਕਰ ਸਕਦਾ ਸਾਂ। ਇੱਕ ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਨੇ ਉਨ੍ਹਾਂ ਸਮਿਆਂ ਦਾ ਸੱਚ ਨਿਤਾਰਿਆ ਹੈ।
ਇਸ ਦਾ ਬਣਦਾ ਸਰਦਾ ਸਵਾਗਤ ਹੋਣਾ ਚਾਹੀਦਾ ਹੈ। ਆਮੀਨ!
ਅੰਤਿਕਾ: ਰਮਨ ਸੰਧੂ
ਸਜਾ ਲੈਂਦੇ ਹੋ ਘਰ ਵਿਚ
ਜੇ ਬਿਖਰ ਜਾਵਣ ਕਦੇ ਵਸਤਾਂ,
ਅਗਰ ਘਰ ਹੀ ਬਿਖਰ ਜਾਵੇ
ਉਹ ਕਿੱਦਾਂ ਸਜਾਉਗੇ।