ਕਵਿਤਾ ਅਤੇ ਸੁਪਨਾ

ਨੀਤੂ ਇਕ ਸ਼ਾਇਰਾ ਹੈ। ਉਹ ਜ਼ਿੰਦਗੀ ਦੀ ਸ਼ਾਇਰੀ ਨੂੰ ਪੜ੍ਹਨਾ ਲੋਚਦੀ ਹੈ, ਸ਼ਾਇਦ ਉਸ ਨੂੰ ਜਾਪਦਾ ਹੈ ਕਿ ਜਿੰæਦਗੀ ਵੀ ਇਕ ਕਵਿਤਾ ਹੈ, ਕਦੇ ਹਾਸ ਰਸੀ, ਕਦੇ ਬੀਰ ਰਸੀ, ਸਿੰæਗਾਰ ਰਸੀ ਅਤੇ ਕਦੇ ਕਰੁਣਾ ਰਸੀ। ਜ਼ਿੰਦਗੀ ਦਾ ਸਫਰ ਕਦੀ ਸਾਂਵਾਂ ਨਹੀਂ ਹੁੰਦਾ, ਕਦੀ ਇਹ ਉਚਾ ਹੁੰਦਾ ਹੈ ਤੇ ਕਦੀ ਨੀਵਾਂ, ਕਦੀ ਸੁਖਾਵਾਂ ਤੇ ਕਦੀ ਕੌੜਾ-ਕਸੈਲਾ। ਸ਼ਾਇਦ ਇਸੇ ਕਰਕੇ ਉਸ ਦੀ ਵਾਰਤਕ ਵੀ ਕਵਿਤਾ ਹੀ ਜਾਪਦੀ ਹੈ, ਕਵਿਤਾ ਵਾਂਗ ਹੀ ਰਵਾਂ।

-ਸੰਪਾਦਕ

ਨੀਤੂ ਅਰੋੜਾ
ਫੋਨ: 91-94630-46219
ਕਵਿਤਾ ਸੁਪਨੇ ਦੀ ਭਾਸ਼ਾ ਹੈ। ਸੁਪਨਾ ਜੋ ਹਕੀਕਤ ਦੇ ਧਰਾਤਲ ‘ਤੇ ਖੜਾ ਤਾਂ ਹੁੰਦਾ ਹੈ ਪਰੰਤੂ ਉਸ ਦਾ ਅਸਮਾਨ ਆਪਣਾ ਹੁੰਦਾ ਹੈ। ਕਵਿਤਾ ਤੇ ਸੁਪਨਾ ਦੋਵੇਂ ਹਕੀਕਤ ਨਾਲ ਗੁੱਥਮ-ਗੁੱਥਾ ਹੁੰਦੇ ਹਨ। ਇਹ ਲੜਦੇ-ਝਗੜਦੇ, ਅਸਲ ਦੀਆਂ ਵਿਆਕਰਣਾਂ ਨਾਲ ਟਕਰਾਉਂਦੇ ਅੱਗੇ ਵਧਦੇ ਹਨ। ਇਸੇ ਲਈ ਕਵਿਤਾ ਵਿਚ ਵੀ ਤਣਾਅ ਅਤੇ ਸੁਪਨੇ ਵਿਚ ਵੀ ਤਣਾਅ। ਇਹ ਤਣਾਅ ਸੁਪਨੇ ਤੇ ਕਵਿਤਾ ਦੀ ਖ਼ੂਬਸੂਰਤੀ ਹੈ। ਇਸੇ ਲਈ ਮਨ ਵਾਰ-ਵਾਰ ਸੁਪਨਾ ਦੇਖਦੈ, ਕਵਿਤਾ ਪੜਨਾ ਲੋਚਦਾ ਹੈ। ਇਹ ਤਣਾਅ ਬੰਦੇ ਨੂੰ ਸਾਹੋ-ਸਾਹ ਕਰਦੈ, ਰੌਂਗਟੇ ਖੜੇ ਕਰਦੈ, ਤਰੇਲੀਆਂ ਲਿਆਉਂਦੈ ਤੇ ਹੌਂਕਦਾ ਬੰਦਾ ਨਿਢਾਲ ਹੋਇਆ ਹਕੀਕਤ ਦੀ ਜ਼ਮੀਨ ਨਾਲ ਆ ਟਕਰਾਉਂਦਾ ਹੈ ਪਰ ਬੰਦਾ ਨਾ ਕਵਿਤਾ ਪੜਨਾ ਛੱਡਦਾ ਹੈ ਤੇ ਨਾ ਸੁਪਨੇ ਦੇਖਣਾ। ਕਵਿਤਾ ਤੇ ਸੁਪਨਾ ਹਰ ਵਰਜਣਾ ਤੋਂ ਪਾਰ ਨੇ। ਵਰਜਣਾ ‘ਚ ਸੁਰੱਖਿਆ ਹੈ, ਸੰਤੁਸ਼ਟੀ ਨਹੀਂ। ਸੰਤੁਸ਼ਟੀ ਬਿਨਾ ਬੰਦਾ ਸੁਰੱਖਿਅਤ ਕਿਵੇਂ ਹੋਵੇ? ਅਜੀਬ ਪਹੇਲੀ ਹੈ। ਸੰਤੁਸ਼ਟੀ ਦੀ ਤਲਾਸ਼ ‘ਚ ਨਿਕਲੇ ਬਿਨਾਂ ਚਾਰਾ ਨਹੀਂ। ਜੋ ਹੈ ਨਹੀਂ ਉਸ ਦੀ ਤਲਾਸ਼ ਕਠਿਨ ਤਾਂ ਹੋਵੇਗੀ। ਕਵਿਤਾ ਤੇ ਸੁਪਨੇ ਨੂੰ ਹੋਰ ਰਾਹ ਮਨਜੂਰ ਨਹੀਂ।
ਕਵਿਤਾ ਤੇ ਸੁਪਨੇ ਨੇ ਬੰਦੇ ਨੂੰ ਪੂਰਨਾ ਵੀ ਤੇ ਖੋਰਨਾ ਵੀ ਹੁੰਦਾ ਹੈ। ਖੁਰਦਿਆਂ ਹੀ ਪੂਰੇ ਹੋਣ ਦੇ ਅਰਥਾਂ ਨੂੰ ਜਾਣਿਆ ਜਾ ਸਕਦੈ। ਇਹ ਵਿਗੋਚਾ ਵੀ ਹੈ, ਪ੍ਰਾਪਤੀ ਵੀ। ਚੂਹੇ ਬਿੱਲੀ ਦੀ ਖੇਡ। ਇਹ ਖੇਡ ਕਵਿਤਾ ਤੇ ਸੁਪਨੇ ਰਾਹੀਂ ਪੇਸ਼ ਹੋਣੀ ਹੁੰਦੀ ਹੈ। ਵਿਗੋਚਾ ਕਵਿਤਾ ਅਤੇ ਸੁਪਨੇ ਦੀ ਜਮੀਨ ਹੁੰਦੈ ਅਤੇ ਇਸ ਦੀ ਪ੍ਰਾਪਤੀ ਕਵਿਤਾ ਦਾ ਅਸਮਾਨ। ਜਮੀਨ ਤੇ ਅਸਮਾਨ ਵਿਚ ਕਵਿਤਾ ਤੇ ਸੁਪਨਾ ਹਮੇਸ਼ਾਂ ਭਟਕਦੇ ਰਹਿੰਦੇ ਨੇ। ਕਵੀ ਇਸ ਭਟਕਣ ਨੂੰ ਆਪਣੇ ਤਨ-ਮਨ ਤੇ ਹੰਢਾਉਂਦਾ ਹੈ।
ਸਮਕਾਲੀ ਕਵਿਤਾ ਇਸ ਭਟਕਣ ਦੇ ਨਾਲ-ਨਾਲ ਕਿਵੇਂ ਭਟਕਦੀ ਹੈ? ਕਿੰਨੀਂ ਭਟਕਦੀ ਹੈ? ਕਿੰਨੀਂ ਭਟਕਣ ਤੋਂ ਅਟਕਦੀ ਹੈ ਤੇ ਕਿੰਨੀਂ ਹੋਰ ਭਟਕਦੀ ਹੈ? ਨਿਰਣਾ ਕਰਨ ਲਈ ਵੀ ਭਟਕਣਾ ਪਵੇਗਾ। ਉਹ ਕਿਹੜੀ ਕਵਿਤਾ ਹੈ ਜੋ ਸਮਕਾਲ ਵਿਚ ਰਚੀ ਜਾਂਦਿਆਂ ਵੀ ਸਮਕਾਲੀ ਨਹੀਂ ਤੇ ਉਹ ਕਿਹੜੀ ਕਵਿਤਾ ਹੈ ਜੋ ਸਮਕਾਲੀ ਹੁੰਦਿਆਂ ਵੀ ਸਰਵਕਾਲੀ ਹੈ? ਜੁਆਬ ਭਟਕਣ ਕੋਲ ਹੈ। ਜਿਹੜੀ ਕਵਿਤਾ ਸਮਕਾਲ ਵਿਚ ਵੀ ਫਤਵੇ ਜਾਰੀ ਕਰਦੀ ਹੈ, ਉਹ ਸਮਕਾਲੀ ਨਹੀਂ, ਆਪਣੇ ਸਮਕਾਲ ਨੂੰ ਪਛਾਣਦੀ ਨਹੀਂ। ਇਸ ਕਵਿਤਾ ਦਾ ਪਾਠਕ ਵੀ ਆਪਣੇ ਸਮਕਾਲ ਨੂੰ ਨਹੀਂ ਸਿਆਣਦਾ। ਸਭ ਕੁਝ ਦੇ ਬੇਪਛਾਣ ਹੋ ਜਾਣ ਵਿਚ ਹੀ ਸੱਤਾ ਦੀ ਭਲਾਈ ਹੈ। ਅਜਿਹੇ ਲੇਖਕ ਤੇ ਪਾਠਕ ਜਾਣੇ-ਅਣਜਾਣੇ ਸੱਤਾ ਦੇ ਆੜੀ ਬਣ ਜਾਂਦੇ ਹਨ। ਇਕ ਉਹ ਕਵਿਤਾ ਹੈ ਜੋ ਹਰ ਭਟਕਣ ਅੱਗੇ ਗੋਡੇ ਟੇਕ ਦਿੰਦੀ ਹੈ। ਸੁੰਨ-ਸਮਾਧੀ ਵਿਚ ਵਿਲੀਨ ਹੋ ਜਾਂਦੀ ਹੈ। ਕਿਸੇ ਕੋਲ ਰਾਮ ਦੀ ਸਮਾਧੀ ਹੈ, ਕਿਸੇ ਕੋਲ ਕਾਮ ਦੀ ਸਮਾਧੀ। ਸਮਾਧੀ ਵੀ ਸੱਤਾ ਨੂੰ ਰਾਸ ਆਉਂਦੀ ਹੈ।
ਸਾਡੇ ਸਮਿਆਂ ਦਾ ਸੱਚ ਨਾ ਰਾਮਦੇਵ ਸਮਝਾ ਸਕਦਾ, ਨਾ ਕਾਮਦੇਵ। ਆਦਰਸ਼ ਵਿਹੂਣੇ ਸਮਿਆਂ ਵਿਚ ਆਦਰਸ਼ ਦੀ ਪਰਿਕਰਮਾ ਘਾਤਕ ਹੈ। ਸਮਕਾਲੀ ਬੰਦੇ ਲਈ ਵੀ, ਕਵਿਤਾ ਲਈ ਵੀ। ਸਮਕਾਲੀ ਕਵਿਤਾ ਉਹੀ ਹੈ ਜੋ ਭਟਕਣ ਅਤੇ ਤਣਾਅ ਨੂੰ ਆਪਣੇ ਪਿੰਡੇ ਤੇ ਹੰਢਾਉਂਦੀ ਹੈ। ਸ਼ਬਦਾਂ, ਸੰਕਲਪਾਂ ਦੀ ਚੀਰ-ਫਾੜ ਕਰਦੀ ਹਰ ਆਦਰਸ਼ ਤੇ ਸ਼ੱਕ ਕਰਦੀ ਹੈ। ਸਮਕਾਲੀ ਕਵਿਤਾ ਸ਼ੰਕੇ ਦੀ ਕਵਿਤਾ ਹੈ, ਸ਼ਿਕਵੇ ਦੀ ਕਵਿਤਾ ਹੈ, ਸ਼ਿਕਾਇਤ ਦੀ ਕਵਿਤਾ ਹੈ, ਭਟਕਣ ਦੀ ਕਵਿਤਾ ਹੈ। ਭਟਕਣ ਵਿਚ ਤਲਾਸ਼ ਹੈ ਸੁਪਨੇ ਦੀ, ਆਸਮਾਨ ਦੀ, ਜ਼ਮੀਨ ਦੀ। ਵਿਗੋਚਾ ਬੰਦੇ ਦੀ ਤਲਾਸ਼ ਦਾ ਆਰੰਭ ਬਿੰਦੂ।
ਮੇਰੇ ਜੀਵਨ ਦੇ ਉਹ ਕਿਹੜੇ ਵਿਗੋਚੇ ਸਨ ਜੋ ਮੈਨੂੰ ਕਵਿਤਾ ਵੱਲ ਲੈ ਗਏ। ਮੈਂ ਕਿਹੜੀ ਜ਼ਮੀਨ ‘ਤੇ ਖੜੀ ਸਾਂ ਜਿਸ ਦਾ ਅਸਮਾਨ ਮੇਰੇ ਕੋਲ ਨਹੀਂ ਸੀ। ਮੇਰੇ ਜਨਮ ‘ਤੇ ਮਾਂ ਦੀਆਂ ਅੱਖਾਂ ਵਿਚੋਂ ਵਹੇ ਹੰਝੂਆਂ ਨੇ ਮੇਰੀ ਜ਼ਮੀਨ ਨੂੰ ਤਰਲ ਕਰ ਦਿੱਤਾ। ਜਦੋਂ ਸੁਰਤ ਸੰਭਲੀ ਤਾਂ ਮਾਂ ਨੇ ਇਨ੍ਹਾਂ ਹੰਝੂਆਂ ਬਾਰੇ ਦੱਸਿਆ, ਇਕ ਵਾਰ ਨਹੀਂ ਵਾਰ ਵਾਰ ਦੱਸਿਆ। ਮੈਂ ਇਨ੍ਹਾਂ ਹੰਝੂਆਂ ਨੂੰ ਅਕਸਰ ਆਪਣੀਆਂ ਅੱਖਾਂ ਵਿਚ ਮਹਿਸੂਸ ਕੀਤਾ ਹੈ। ਮੇਰੀਆਂ ਅੱਖਾਂ ਕਦੇ ਨਹੀਂ ਸੁੱਕੀਆਂ, ਹੱਸਦਿਆਂ ਵੀ ਹੰਝੂ-ਹੰਝੂ ਹੋਈਆਂ ਰਹਿੰਦੀਆਂ ਨੇ ਤੇ ਲੜਦਿਆਂ ਵੀ। ਇਨ੍ਹਾਂ ਹੰਝੂਆਂ ਦੀ ਬਦੌਲਤ ਮੈਂ ਨਾ ਹੱਸਣੋ ਹਟੀ, ਨਾ ਲੜਨੋਂ ਟਲੀ। ਇਹੀ ਹੰਝੂ ਮੇਰੀ ਅਸਮਾਨ ਵੱਲ ਉਡਾਰੀ ਦਾ ਸਬੱਬ ਵੀ ਬਣੇ ਹੋਣਗੇ। ਹੰਝੂਆਂ ਦੀ ਤਰਲ ਜ਼ਮੀਨ ਨੇ ਮੈਨੂੰ ਮੁਸਕੜੀ ਦਾ ਅਸਮਾਨ ਵੀ ਦਿੱਤਾ, ਤਿਉੜੀ ਦਾ ਸਬੱਬ ਵੀ ਅਤੇ ਕਰੋਧ ਦਾ ਕਾਰਨ ਵੀ।
ਨਵ ਵਿਆਹੀ ਮਾਂ ਦਾ ਘੁੰਡ, ਜਿਸ ਕਾਰਨ ਉਹ ਸਹੁਰੇ ਘਰ ਦਾ ਰਾਹ ਨਾ ਜਾਣ ਸਕੀ, ਮੈਨੂੰ ਅਕਸਰ ਪ੍ਰੇਸ਼ਾਨ ਕਰਦਾ ਹੈ। ਉਹ ਘੁੰਡ ਮੈਂ ਵਾਰ-ਵਾਰ ਆਪਣੇ ਸ਼ਬਦਾਂ ਦੇ ਹੱਥਾਂ ਨਾਲ ਉਤਾਰਦੀ ਹਾਂ। ਘੁੰਡ ਮੁੜ-ਮੁੜ ਮੇਰੀਆਂ ਅੱਖਾਂ ਤੇ ਆ ਟਿਕਦਾ ਹੈ। ਮੈਂ ਤੜਪਦੀ ਹਾਂ, ਚੀਖਦੀ ਹਾਂ, ਵਿਲਕਦੀ ਹਾਂ। ਮੈਨੂੰ ਕੁਝ ਦਿਖਾਈ ਨਹੀਂ ਦਿੰਦਾ। ਕਵਿਤਾ ਮਲਕੜੇ ਜਿਹੇ ਆਉਂਦੀ, ਘੁੰਡ ਉਠਾਉਂਦੀ, ਦ੍ਰਿਸ਼ ਬਦਲ ਜਾਂਦਾ, ਮੈਂ ਕੁਝ ਹੋਰ ਹੁੰਦੀ। ਮਾਂ ਦਾ ਪਤੀ ਲੰਬੀਆਂ ਪੁਲਾਂਘਾਂ ਪੁੱਟਦਾ ਘਰ ਪਹੁੰਚ ਗਿਆ ਤੇ ਉਹ ਰਾਹਾਂ ਵਿਚ ਭਟਕਦੀ ਰਹੀ। ਕਈ ਵਾਰ ਲੱਗਦਾ ਮੈਂ ਆਪਣੇ ਪਿਤਾ ਨੂੰ ਮਹਿਜ਼ ਉਸ ਦੀਆਂ ਲੰਬੀਆਂ ਪੁਲਾਂਘਾਂ ਕਰਕੇ ਜਾਣਦੀ ਹਾਂ ਅਤੇ ਇਨ੍ਹਾਂ ਕਾਰਨ ਹੀ ਮੈਂ ਉਸ ਨੂੰ ਨਹੀਂ ਵੀ ਜਾਣਦੀ। ਕਦੇ ਲੱਗਦਾ ਇਨ੍ਹਾਂ ਪੁਲਾਂਘਾਂ ਵਿਚ ਮੈਂ ਆਪਣੇ ਪੈਰ ਰੱਖ ਦਿੱਤੇ ਨੇ ਤੇ ਕੋਈ ਪਿੱਛੇ ਰਹਿ ਗਿਆ, ਗਲੀਆਂ ਵਿਚ ਰੋਂਦਾ, ਵਿਲਕਦਾ, ਘਰ ਲੱਭਦਾ ਫਿਰਦਾ। ਮੇਰਾ ਪਿਤਾ ਲੰਬੀਆਂ ਪੁਲਾਂਘਾਂ ਪੁੱਟਦਾ ਘਰ ਪਹੁੰਚ ਗਿਆ ਸੀ ਤੇ ਮਾਂ ਨੇ ਘਰ ਦੇ ਨਾਲ ਉਸ ਨੂੰ ਵੀ ਲੱਭ ਲਿਆ ਸੀ। ਹਮੇਸ਼ਾਂ ਲਈ ਗੁਆ ਵੀ ਦਿੱਤਾ ਸੀ ਸ਼ਾਇਦ। ਪਰ ਮੈਂ ਪਿਤਾ ਦੀਆਂ ਪੁਲਾਂਘਾਂ ਨਾਲ ਘਰ ਲੰਘ ਆਈ ਹਾਂ ਅਤੇ ਪਿੱਛੇ ਰਹਿ ਗਿਆ ਜਦੋਂ ਘਰ ਪਹੁੰਚੇਗਾ ਉਸ ਦਾ ਘਰ ਗੁਆਚਿਆ ਹੋਵੇਗਾ। ਅਸਲ ਵਿਚ ਮਾਂ ਦੀਆਂ ਭੁੱਲੀਆਂ ਰਾਹਾਂ ਮੈਨੂੰ ਠਿੱਠ ਕਰਦੀਆਂ ਨੇ ਅਜੇ ਵੀ। ਮੈਨੂੰ ਲੱਗਦੈ ਇਹ ਰਾਹ ਮਾਂ ਨਹੀਂ ਮੈਂ ਭੁੱਲੀ ਸਾਂ, ਸਾਂ ਨਹੀਂ ਹਾਂ। ਮੈਂ ਰਾਹਾਂ ਵਿਚ ਭਟਕਦੀ ਹਾਂ, ਘਰ ਬੈਠਿਆਂ ਵੀ ਮੈਨੂੰ ਘਰ ਨਹੀਂ ਮਿਲਦਾ। ਘਰ ਵੱਧਦਾ ਫੈਲਦਾ ਜਾਂਦਾ ਤੇ ਮੇਰੀ ਭਟਕਣ ਵੀ। ਇਕ ਦੋਸਤ ਪੁੱਛਦੈ, “ਘਰ ਇਨੇ ਤੰਗ (ਭੀੜੇ) ਕਿਉਂ ਹੁੰਦੇ ਨੇ?” ਮੈਂ ਠਹਾਕਾ ਮਾਰ ਕੇ ਹੱਸਦੀ ਹਾਂ, “ਘਰ ਤੰਗ ਨਹੀਂ ਲੋੜੋਂ ਵੱਧ ਵੱਡੇ ਹੁੰਦੇ ਨੇ, ਤੰਗ ਤਾਂ ਇਹ ਸਾਨੂੰ ਕਰਦੇ ਨੇ।” ਮੈਂ ਘਰੇ ਨਾ ਹੁੰਦਿਆਂ ਵੀ ਘਰ ਵਿਚ ਹੁੰਦੀ ਹਾਂ ਅਤੇ ਘਰੇ ਹੁੰਦਿਆਂ ਵੀ ਉਥੇ ਹਾਜਰ ਨਹੀਂ ਹੁੰਦੀ। ਮਾਂ ਹਾਜਰ ਹੋਣ ਦੇ ਅਰਥ ਕਿਉਂ ਨਹੀਂ ਜਾਣਦੀ?
ਮਾਂ ਰਾਹ ਭੁੱਲੀ ਤਾਂ ਪਿੰਡ ਦਾ ਕੋਈ ਬਜੁਰਗ ਉਸ ਨੂੰ ਆਪਣੇ ਘਰ ਲੈ ਗਿਆ। ਸ਼ਗੁਨ ਵਜੋਂ ਗੁੜ ਦਿੱਤਾ ਤੇ ਪੰਜ ਰੁਪਈਏ। ਉਸ ਦੇ ਪਤੀ ਦੇ ਘਰ ਛੱਡ ਆਇਆ। ਮੈਨੂੰ ਬਜੁਰਗਾਂ ਤੋਂ ਡਰ ਲੱਗਣ ਲੱਗਦਾ ਹੈ, ਘਰ ਲਿਜਾਣ ਵਾਲਿਆਂ ਤੋਂ ਡਰ ਲੱਗਦਾ ਹੈ। ਇਕ ਬਜੁਰਗ ਕਾਰਨ ਮਾਂ ਨੇ ਗੁਆਚਿਆ ਘਰ ਲੱਭ ਲਿਆ। ਇਨ੍ਹਾਂ ਬਜੁਰਗਾਂ ਕਾਰਨ ਹੀ ਉਸ ਨੇ ਘਰ ਲੱਭ ਕੇ ਹਮੇਸ਼ਾਂ ਲਈ ਗੁਆ ਲਿਆ। ਬਜੁਰਗ ਸਾਡੀਆਂ ਉਗਲੀਆਂ ਛੱਡ ਕਿਉਂ ਨਹੀਂ ਦਿੰਦੇ? ਸਾਡੇ ਘਰ ਗੁਆ ਕੇ ਸਾਨੂੰ ਰੋਣ ਕਿਉਂ ਨਹੀਂ ਦਿੰਦੇ? ਸ਼ਾਇਦ ਅਸੀਂ ਰੋਂਦੇ ਰੋਂਦੇ ਠਹਾਕਾ ਮਾਰ ਕੇ ਹੱਸ ਪਈਏ। ਇਵੇਂ ਰੋਂਦੇ ਹੱਸਦੇ ਪ੍ਰੇਤ ਹੋ ਜਾਈਏ।
ਮੈਨੂੰ ਹੋਸਟਲ ਦਾ ਕਮਰਾ ਯਾਦ ਆਉਂਦੈ। ਮੈਂ ਬਹੁਤ ਰੋਂਦੀ, ਰੋਂਦਿਆਂ-ਰੋਂਦਿਆਂ ਉਚੀ-ਉਚੀ ਹੱਸਣ ਲੱਗਦੀ। ਕੁੜੀਆਂ ਮੈਥੋਂ ਡਰਨ ਲੱਗੀਆਂ ਜਿਵੇਂ ਮੈਂ ਪ੍ਰੇਤ ਹੋਵਾਂ। ਉਨ੍ਹਾਂ ਦੇ ਡਰੇ ਚਿਹਰੇ ਦੇਖ ਕੇ ਮੈਂ ਹੋਰ ਹੱਸਦੀ, ਉਹ ਹੋਰ ਡਰਦੀਆਂ। ਮਾਂ ਨੂੰ ਡਰਾਉਣਾ ਕਿਉਂ ਨਾ ਆਇਆ? ਇਹ ਬਜੁਰਗ ਵੀ ਡਰਦੇ ਨੇ ਸਾਡੇ ਹਾਸੇ ਤੋਂ, ਸਾਡੇ ਰੋਣੇ ਤੋਂ, ਆਪਣੇ ਹੀ ਹੱਸਣ-ਰੋਣ ਤੋਂ ਵੀ। ਫਿਰ ਇਹ ਗੁੜ ਤੇ ਰੁਪਈਆਂ ਦੀ ਸਾਜਿਸ਼ ਰਚਦੇ ਨੇ। ਮਾਂਵਾਂ ਦੇ ਖਾਰੇ ਹੰਝੂ ਗੁੜ ਦੀ ਮਿਠਾਸ ਵਿਚ ਗੁੰਮ-ਗੁਆਚ ਜਾਂਦੇ ਨੇ ਤੇ ਭੋਲੀਆਂ ਮਾਂਵਾਂ ਗੁੜ ਦੇ ਲਾਲਚ ਵਿਚ ਹੰਝੂ ਅੱਧਵਾਟੇ ਵਿਸਾਰ ਦਿੰਦੀਆਂ ਨੇ। ਹੰਝੂਆਂ ਤੋਂ ਅੱਗੇ ਹਾਸਿਆਂ ਦੀ ਪਟਾਰੀ ਤੱਕ ਕਦੇ ਨਹੀਂ ਪਹੁੰਚਦੀਆਂ।
ਕਦੇ ਸੋਚਦੀ ਹਾਂ ਮਾਂ ਨੂੰ ਘਰ ਨਾ ਹੀ ਥਿਆਉਂਦਾ ਤਾਂ ਚੰਗਾ ਸੀ। ਸਾਰੀਆਂ ਮਾਂਵਾਂ ਦੇ ਘਰ ਗੁਆਚ ਕਿਉਂ ਨਹੀਂ ਜਾਂਦੇ? ਮਾਂਵਾਂ ਘਰਾਂ ਦੇ ਰਾਹ ਭੁਲ ਰੋਂਦੀਆਂ ਕਿਉਂ ਨੇ ਤੇ ਫਿਰ ਉਦੋਂ ਤੱਕ ਕਿਉਂ ਨਹੀਂ ਰੋਂਦੀਆਂ ਕਿ ਹੱਸ ਸਕਣ? ਮੇਰੇ ਇਹੀ ਡਰ, ਸੰਸੇ, ਪ੍ਰਸ਼ਨ ਮੇਰੀ ਕਵਿਤਾ ਵਿਚ ਕਦੇ ਰੋਂਦੇ, ਕਦੇ ਸੁਆਲ ਕਰਦੇ ਅਤੇ ਕਦੇ ਯੁੱਧ ਕਰਦੇ ਨਜ਼ਰ ਆਉਂਦੇ ਨੇ। ਇਨ੍ਹਾਂ ਤੋਂ ਪਾਰ ਜਾ ਸਕਣਾ ਫ਼ਿਲਹਾਲ ਮੇਰੇ ਵੱਸ ਵਿਚ ਨਹੀਂ। ਮੇਰੇ ਕੋਲ ਛਲਾਂਗ ਜਾਂ ਛੜੱਪੇ ਦੀ ਮਾਨਸਿਕਤਾ ਵੀ ਇਸੇ ਲਈ ਨਹੀਂ, ਕਿਉਂਕਿ ਮੈਂ ਰੋਣ ਤੋਂ ਬਾਅਦ ਹਾਸੇ ਤੱਕ ਪਹੁੰਚਣਾ ਹੈ, ਰਾਹ ਵਿਚ ਕਚੀਚੀਆਂ ਵੀ ਹੋਣਗੀਆਂ, ਤਿਉੜੀਆਂ ਵੀ ਤੇ ਨਿਸ਼ਚਿਤ ਰੂਪ ਵਿਚ ਹੋਰ ਵੀ ਬਹੁਤ ਕੁਝ ਹੋਵੇਗਾ।
ਮੇਰੇ ਨਾਨਕਿਆਂ ਦੇ ਪਿੰਡ ਤੋਂ ਦਾਦਕਿਆਂ ਦਾ ਪਿੰਡ ਬਹੁਤ ਥੋੜੀ ਦੂਰੀ ‘ਤੇ ਸੀ। ਇਕ ਵਾਰ ਮੇਰਾ ਪਿਤਾ ਆਪਣੀ ਨਵ-ਵਿਆਹੀ ਦੁਲਹਨ ਨੂੰ ਸਾਈਕਲ ਦੇ ਕੈਰੀਅਰ ਉਤੇ ਬਿਠਾ ਸਹੁਰਿਆਂ ਨੂੰ ਚੱਲਿਆ। ਪੇਕਿਆਂ ਦਾ ਪਿੰਡ ਨੇੜੇ ਆਇਆ ਤਾਂ ਦੁਲਹਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਅੱਗੋਂ ਪੈਦਲ ਜਾਵੇਗੀ। ਉਸ ਨੂੰ ਆਪਣੇ ਪਿੰਡ ਦੇ ਬੰਦਿਆਂ ਤੋਂ ਸੰਗ ਆਉਂਦੀ ਸੀ। ਉਹ ਕੀ ਕਹਿਣਗੇ, “ਦੇਖੋ! ਕਿਵਂੇ ਪ੍ਰਾਹੁਣੇ ਮਗਰ ਸਾਈਕਲ ਤੇ ਬੈਠੀ ਏ।” ਪਰ ਪ੍ਰਾਹੁਣਾ ਸੀ ਕਿ ਸਾਈਕਲ ਰੋਕੇ ਨਾ। ਮਾਂ ਨੇ ਚਲਦੇ ਸਾਈਕਲ ਤੋਂ ਛਾਲ ਮਾਰ ਦਿੱਤੀ। ਉਸ ਦੇ ਗੋਡੇ, ਪਿੰਜਣੀਆਂ ਸੜਕ ਦੀ ਰੋੜੀ ਨਾਲ ਛਿੱਲੇ ਗਏ। ਲਹੂ-ਲੁਹਾਣ ਲੱਤਾਂ ਨਾਲ ਘਰ ਪਹੁੰਚੀ। ਉਸ ਦੀਆਂ ਲੱਤਾਂ ਵਿਚੋਂ ਨਿਕਲਦੇ ਲਹੂ ਦੇ ਛਿੱਟੇ ਮੇਰੇ ਮੱਥੇ ‘ਤੇ ਲਮਕਣ ਲੱਗਦੇ, ਕਦੇ ਹੱਥਾਂ ਤੇ ਚਮਕਣ ਲੱਗਦੇ। ਮੇਰਾ ਦਿਲ ਕਰਦਾ ਛਾਲ ਮਾਰ ਕੇ ਚਲਦੇ ਸਾਈਕਲ ‘ਤੇ ਬੈਠ ਜਾਵਾਂ ਤੇ ਸਾਰੇ ਪਿੰਡ ਦੇ ਬੰਦਿਆਂ ਨੂੰ ਅੰਗੂਠਾ ਦਿਖਾਵਾਂ। ਮੈਂ ਆਪਣੀ ਕਵਿਤਾ ਤੇ ਜੀਵਨ ਰਾਹੀਂ ਅੰਗੂਠਾ ਦਿਖਾਉਂਦੀ ਹਾਂ, ਆਪਣੇ ਆਸੇ-ਪਾਸੇ ਨੂੰ ਅੰਗੂਠਾ। ਇਹ ਕਿੰਨਾ ਦਿਖਦਾ, ਕਿੰਨਾ ਨਹੀਂ, ਦਿਖਦਾ ਹੈ ਵੀ ਕੇ ਨਹੀਂ, ਇਹ ਮੈਨੂੰ ਨਹੀਂ ਪਤਾ। ਕਵਿਤਾ ਉਹ ਸਾਈਕਲ ਹੈ, ਸਾਈਕਲ ਦੀ ਕਾਠੀ ਹੈ। ਕਦੇ ਕਦੇ ਚੈਨ ਉਤਰਦੀ ਹੈ, ਫੂਕ ਨਿਕਲਦੀ ਹੈ। ਮੈਂ ਰੁਕਦੀ ਹਾਂ, ਕਦੇ ਚੈਨ ਚੜਾਉਂਦੀ ਹਾਂ, ਕਦੇ ਫੂਕ ਭਰਾਉਂਦੀ ਹਾਂ ਤੇ ਫਿਰ ਪੈਡਲ ਮਾਰਦੀ ਹਾਂ। ਚੱਕੇ ਘੂਕਦੇ ਨੇ, ਮੈਂ ਵੀ, ਕਵਿਤਾ ਵੀ, ਜ਼ਿੰਦਗੀ ਵੀ।