ਕਰਨਾਟਕ ਚੋਣਾਂ ਨੇ ਮੋਦੀ-ਵਿਰੋਧੀ ਮੁਹਿੰਮ ਦਾ ਮੁੱਢ ਬੰਨ੍ਹਿਆ

ਮੋਦੀ ਦੇ ਦਮਖਮ ਦਾ ਅਜੇ ਨਹੀਂ ਕਈ ਤੋੜ
ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਦੇ ਚੋਣ ਨਤੀਜੇ ਇਹ ਸੁਨੇਹਾ ਦੇਣ ਵਿਚ ਸਫਲ ਰਹੇ ਹਨ ਕਿ ਕਾਂਗਰਸ ਸਮੇਤ ਹੋਰ ਧਿਰਾਂ ਅਜੇ ਮੋਦੀ ਲਹਿਰ ਨੂੰ ਠੱਲ੍ਹਣ ਦੇ ਹਾਣ ਦੀਆਂ ਨਹੀਂ ਹੋਈਆਂ। ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਚੜ੍ਹਤ ਨੇ 2019 ਦੀਆਂ ਲੋਕ ਸਭ ਚੋਣਾਂ ਵਿਚ ਵਿਰੋਧੀ ਧਿਰਾਂ ਦੀਆਂ ਤਿਆਰੀਆਂ ਉਤੇ ਸਵਾਲ ਖੜ੍ਹੇ ਕਰਦਿਆਂ ਕਾਂਗਰਸ ਦੀ ਹੋਂਦ ਦਾ ਮੁੱਦਾ ਫਿਰ ਉਭਾਰ ਦਿੱਤਾ ਹੈ। ਉਂਜ ਇਨ੍ਹਾਂ ਚੋਣਾਂ ਤੋਂ ਬਾਅਦ ਕਾਂਗਰਸ ਅਤੇ ਜਨਤਾ ਦਲ (ਐਸ) ਦੇ ਨੇੜੇ ਆਉਣ ਨੇ ਕੌਮੀ ਪੱਧਰ ਉਤੇ ਮੋਦੀ-ਵਿਰੋਧੀ ਫਰੰਟ ਖੜ੍ਹਾ ਹੋਣ ਦਾ ਮੁੱਢ ਬੰਨ੍ਹ ਦਿੱਤਾ ਹੈ।

ਚੋਣਾਂ ਵਿਚ ਭਾਵੇਂ ਕਿਸੇ ਪਾਰਟੀ ਨੂੰ ਮੁਕੰਮਲ ਬਹੁਮਤ ਨਹੀਂ ਮਿਲਿਆ, ਪਰ ਦੱਖਣੀ ਰਾਜ ਵਿਚ ਭਾਜਪਾ ਦੀ ਦਸਤਕ ਕਾਂਗਰਸ ਸਮੇਤ ਹੋਰ ਧਿਰਾਂ ਲਈ ਵੱਡੀ ਵੰਗਾਰ ਵਾਂਗ ਹੈ। ਸੂਬਾਈ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ਵਿਚੋਂ 12 ਮਈ ਨੂੰ 222 ਸੀਟਾਂ ਲਈ ਚੋਣ ਹੋਈ ਸੀ। ਗਿਣਤੀ ਦੌਰਾਨ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਤਾਂ ਉਭਰੀ ਪਰ ਇਹ 104 ਸੀਟਾਂ ਨਾਲ ਪੂਰਨ ਬਹੁਮਤ ਲਈ ਲੋੜੀਂਦੀਆਂ 112 ਸੀਟਾਂ ਦੇ ਅੰਕੜੇ ਤੋਂ ਪਿਛਾਂਹ ਰਹਿ ਗਈ। ਦੂਜੇ ਪਾਸੇ ਹਾਕਮ ਕਾਂਗਰਸ ਨੂੰ 78, ਜਨਤਾ ਦਲ (ਐਸ) ਨੂੰ 37 ਸੀਟਾਂ ਮਿਲੀਆਂ ਅਤੇ ਬਸਪਾ ਨੂੰ ਇਕ ਸੀਟ ਮਿਲੀ ਹੈ। ਦੋ ਸੀਟਾਂ ਉਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਜੋ ਕਾਂਗਰਸ ਦੇ ਹੀ ਬਾਗੀ ਦੱਸੇ ਜਾ ਰਹੇ ਹਨ।
ਵਿਧਾਨ ਸਭਾ ਦੀਆਂ 2013 ਵਿਚ ਹੋਈਆਂ ਚੋਣਾਂ ਵਿਚ ਇਥੇ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਉਸ ਸਮੇਂ ਕਾਂਗਰਸ ਨੂੰ 122 ਸੀਟਾਂ ਮਿਲੀਆਂ ਸਨ, ਜਦੋਂ ਕਿ ਭਾਜਪਾ ਅਤੇ ਜਨਤਾ ਦਲ (ਐਸ) ਆਦਿ ਪਾਰਟੀਆਂ ਉਦੋਂ 40-40 ਸੀਟਾਂ ਉਤੇ ਸਿਮਟ ਕੇ ਰਹਿ ਗਈਆਂ ਸਨ। ਇਸ ਤੋਂ ਪਹਿਲਾਂ ਸਾਲ 2008 ਵਿਚ ਭਾਜਪਾ ਕਰਨਾਟਕ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ ਸੀ। ਉਸ ਸਮੇਂ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਜੋ ਬਾਅਦ ਵਿਚ ਭ੍ਰਿਸ਼ਟਾਚਾਰ ਦੇ ਕਈ ਵਿਵਾਦਾਂ ਵਿਚ ਘਿਰ ਗਏ ਸਨ। ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਯੇਦੀਯੁਰੱਪਾ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਗਿਆ ਸੀ।
ਭਾਜਪਾ ਲਈ ਕਰਨਾਟਕ ਦਾ ਵਿਸ਼ੇਸ਼ ਮਹੱਤਵ ਹੈ। ਦੱਖਣੀ ਸੂਬਿਆਂ ਵਿਚ ਸਿਰਫ ਇਸੇ ਪ੍ਰਾਂਤ ਵਿਚ ਭਾਜਪਾ ਦਾ ਵੱਡਾ ਪ੍ਰਭਾਵ ਬਣਿਆ ਹੋਇਆ ਹੈ। ਦੱਖਣ ਦੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ਵਿਚ ਇਸ ਪਾਰਟੀ ਦਾ ਅਜੇ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਚੋਣਾਂ ਦੇ ਐਲਾਨ ਤੋਂ ਲੈ ਕੇ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਸਭ ਕੁਝ ਕਾਂਗਰਸ ਦੇ ਹੱਕ ਵਿਚ ਮੰਨਿਆ ਜਾ ਰਿਹਾ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣਾਂ ਜਿੱਤਣ ਲਈ ਆਪਣੀ ਪੂਰੀ ਵਾਹ ਲਾਈ, ਪਰ ਨਰੇਂਦਰ ਮੋਦੀ ਨੇ ਕੁਝ ਦਿਨਾਂ ਵਿਚ ਹੀ ਆਪਣੀਆਂ ਪ੍ਰਭਾਵਸ਼ਾਲੀ ਰੈਲੀਆਂ ਅਤੇ ਧੂੰਆਂਧਾਰ ਭਾਸ਼ਣਾਂ ਰਾਹੀਂ ਪਾਸਾ ਪਲਟ ਦਿੱਤਾ। ਕਰਨਾਟਕ ਚੋਣਾਂ ਦੌਰਾਨ ਮੋਦੀ ਨੇ 6 ਦਿਨਾਂ ਵਿਚ 21 ਰੈਲੀਆਂ ਕੀਤੀਆਂ, ਉਥੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 27 ਰੈਲੀਆਂ ਕੀਤੀਆਂ। ਮੋਦੀ-ਸ਼ਾਹ ਦੀ ਜੋੜੀ ਲਈ 2019 ਤੋਂ ਪਹਿਲਾਂ ਇਹ ਕਾਫੀ ਅਹਿਮ ਚੋਣ ਸੀ।
ਚੋਣਾਂ ਵਿਚ ਭਾਜਪਾ ਨੇ ਜਾਤੀਵਾਦ ਵਾਲੀ ਖੇਡ ਦਾ ਵੀ ਪੂਰਾ ਲਾਹਾ ਲਿਆ। ਭਾਜਪਾ ਦੇ ਆਗੂ ਯੇਦੀਯੁਰੱਪਾ ਲਿੰਗਾਇਤ ਬਰਾਦਰੀ ਨਾਲ ਸਬੰਧ ਰੱਖਦੇ ਹਨ, ਜਿਸ ਦੀ ਰਾਜ ਵਿਚ 17 ਫੀਸਦੀ ਵੋਟ ਹੈ। ਇਸ ਦੇ ਮੁਕਾਬਲੇ ਵਿਚ ਵੋਕਾਲਿਗਾ ਬਰਾਦਰੀ ਦੀ ਵੋਟ 15 ਫੀਸਦੀ ਹੈ। ਇਸ ਤੋਂ ਇਲਾਵਾ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ ਅਤੇ ਕਬੀਲਿਆਂ ਵਿਚ ਵੰਡੇ ਲੋਕਾਂ ਨੂੰ ਵੀ ਰਿਝਾਉਣ ਵਿਚ ਸਫਲ ਰਹੀ। ਰਾਹੁਲ ਗਾਂਧੀ ਲਈ ਪਾਰਟੀ ਪ੍ਰਧਾਨ ਵਜੋਂ ਵੀ ਇਹ ਚੋਣਾਂ ਵੱਡੀ ਚੁਣੌਤੀ ਸਨ, ਪਰ ਚੋਣ ਨਤੀਜਿਆਂ ਨੇ ਦਰਸਾਇਆ ਹੈ ਕਿ ਉਹ ਅਜੇ ਵੀ ਸ੍ਰੀ ਮੋਦੀ ਦੀ ਲੀਡਰਸ਼ਿਪ ਦਾ ਜਾਦੂ ਤੋੜਨ ਦੇ ਸਮਰੱਥ ਨਹੀਂ ਹੋ ਸਕੇ।
ਰਾਹੁਲ ਦੀ ਅਗਵਾਈ ‘ਤੇ ਇਸ ਕਰ ਕੇ ਵੀ ਸਵਾਲ ਉਠ ਰਹੇ ਹਨ ਕਿਉਂਕਿ ਕੁਝ ਸੂਬਿਆਂ ਵਿਚ ਹੋਈਆਂ ਉਪ ਚੋਣਾਂ ਵਿਚ ਪ੍ਰਭਾਵ ਬਣਿਆ ਸੀ ਮੋਦੀ ਦਾ ਜਾਦੂ ਹੁਣ ਲੋਕਾਂ ਦੇ ਸਿਰੋਂ ਉਤਰਨ ਲੱਗ ਹੈ। ਰਾਜਸਥਾਨ ਦੀਆਂ ਉਪ ਚੋਣਾਂ ਵਿਚ ਸਾਰੀਆਂ ਸੀਟਾਂ ਉਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਾਰ ਗਏ ਸਨ। ਮੱਧ ਪ੍ਰਦੇਸ਼ ਦੀਆਂ ਉਪ ਚੋਣਾਂ ਵਿਚ ਭਾਜਪਾ ਹਾਰੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਖਾਲੀ ਕੀਤੀਆਂ ਗਈਆਂ ਸੀਟਾਂ ਉਤੇ ਵੀ ਭਾਜਪਾ ਹਾਰ ਗਈ। ਹੁਣ ਕਰਨਾਟਕ ਵਿਚ ਸਭ ਕੁਝ ਕਾਂਗਰਸ ਦੇ ਹੱਕ ਵਿਚ ਹੋਣ ਦੇ ਬਾਵਜੂਦ ਭਾਜਪਾ ਦੀ ਚੜ੍ਹਤ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਸਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੀ ਚੋਣਾਂ ਹੋਣੀਆਂ ਹਨ। ਪਹਿਲੇ ਦੋ ਸੂਬੇ ਕਾਫੀ ਵੱਡੇ ਹਨ ਪਰ ਕਰਨਾਟਕ ਦੇ ਚੋਣ ਨਤੀਜਿਆਂ ਦਾ ਪ੍ਰਭਾਵ ਜਿਥੇ ਇਨ੍ਹਾਂ ਰਾਜਾਂ ਉਤੇ ਪਵੇਗਾ, ਉਥੇ ਅਗਲੇ ਸਾਲ ਲੋਕ ਸਭਾ ਚੋਣਾਂ ਨੂੰ ਵੀ ਇਹ ਪ੍ਰਭਾਵਿਤ ਕਰਨਗੇ।
ਮੌਜੂਦਾ ਹਾਲ ਇਹ ਹੈ ਕਿ ਕਾਂਗਰਸ ਨਾਲੋਂ ਖੇਤਰੀ ਪਾਰਟੀਆਂ ਦਾ ਵੀ ਕੱਦ ਦੇਸ਼ ਵਿਚ ਉਚਾ ਹੋ ਗਿਆ ਹੈ। ਇਸ ਤੋਂ ਲੱਗਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਕਾਂਗਰਸ ਦੇ ਸਾਹਮਣੇ ਖੇਤਰੀ ਪਾਰਟੀਆਂ ਵੀ ਵੱਡੀ ਚੁਣੌਤੀ ਪੇਸ਼ ਕਰ ਸਕਦੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ 2019 ਦੀਆਂ ਚੋਣਾਂ ਵਿਚ ‘ਮੋਦੀ ਮੈਜਿਕ’ ਹੀ ਸਭ ਤੋਂ ਵੱਡਾ ਮੁੱਦਾ ਹੋਵੇਗਾ।