ਕਬੱਡੀ ਦਾ ਬਾਬਾ ਬੋਹੜ-ਅਜੀਤ ਸਿੰਘ ਸਠਿਆਲਾ

ਇਕਬਾਲ ਸਿੰਘ ਜੱਬੋਵਾਲੀਆ
ਸੰਨ ’47 ਦੀ ਵੰਡ ਤੋਂ ਬਾਅਦ ਪਾਕਿਸਤਾਨੀ ਕਬੱਡੀ ਟੀਮ 1955 ‘ਚ ਪਹਿਲੀ ਵਾਰ ਭਾਰਤ ਮੈਚ ਖੇਡਣ ਆਈ ਜਿਸ ਵਿਚ ਸਿਰੇ ਦੇ ਖਿਡਾਰੀ ਲਿਆਂਦੇ ਗਏ। ਭਾਰਤੀ ਪੰਜਾਬ ਦੇ ਖਿਡਾਰੀ ਵੀ ਕੋਈ ਘੱਟ ਨਹੀਂ ਸਨ-ਅਜੀਤ ਸਿੰਘ (ਸਠਿਆਲਾ) ਬੱਲ, ਮਹਿੰਦਰ ਸਵਾਜ਼ਪੁਰ, ਕ੍ਰਿਪਾਲ ਸਾਧ, ਤਾਰਾ ਸਿੰਘ ਮੂਸਾ, ਸੂਬਾ ਖਾਰਾ, ਹਰਨਾਮ ਸਿੰਘ, ਕਰਤਾਰ ਸਿੰਘ ਪੰਨੂੰ, ਸੁਬੇਗ ਸਿੰਘ (ਕਬੱਡੀ ਤੇ ਹਾਕੀ ਖਿਡਾਰੀ), ਕਰਨੈਲ ਸਿੰਘ ਬਠਿੰਡਾ ਤੇ ਕਈ ਹੋਰ। 14 ਕੁ ਖਿਡਾਰੀ ਸਨ। ਬੜੀ ਸਖਤ ਟੱਕਰ ਸੀ। ਥੋੜੇ ਜਿਹੇ ਅੰਕਾਂ ਨਾਲ ਪਾਕਿਸਤਾਨੀ ਟੀਮ ਜਿੱਤੀ।

12 ਅਗਸਤ 1934 ਨੂੰ ਸਠਿਆਲੇ (ਨਜ਼ਦੀਕ ਬਿਆਸ), ਜਿਲ੍ਹਾ ਅੰਮ੍ਰਿਤਸਰ ਜਨਮੇ ਅਜੀਤ ਸਿੰਘ ਨੇ ਮੁਢਲੀ ਪੜ੍ਹਾਈ ਪਿੰਡੋਂ ਤੇ ਅਗਲੀ ਪੜ੍ਹਾਈ ਲਈ ਗੁਰੂ ਤੇਗ ਬਹਾਦੁਰ ਖਾਲਸਾ ਸਕੂਲ, ਬਾਬਾ ਬਕਾਲਾ ਜਾ ਦਾਖਲਾ ਲਿਆ। ਹੈਡਮਾਸਟਰ ਸ਼ ਬਚਨ ਸਿੰਘ ਨੇ ਬੜਾ ਹੌਸਲਾ ਦਿੱਤਾ। ਪਹਿਲਾਂ ਉਹ ਫੁੱਟਬਾਲ ਖੇਡਦਾ ਸੀ। ਖੁੱਲ੍ਹੀ ਖੁਰਾਕ ਤੇ ਤਾਕਤ ਕਰਕੇ ਉਹ ਬਾਲੀਵਾਲ, ਹਾਕੀ ਤੇ ਕਬੱਡੀ ਵਿਚ ਵੀ ਜਾ ਵੜ੍ਹਦਾ। ਇਕ ਵਾਰ ਅੰਮ੍ਰਿਤਸਰ ਤੇ ਗੁਰਦਾਸਪੁਰ ਸਕੂਲਾਂ ਦਾ ਕਬੱਡੀ ਮੈਚ ਹੋਇਆ। ਇਨ੍ਹਾਂ ਦੇ ਪਾਸਿਓਂ ਇਕ ਖਿਡਾਰੀ ਘੱਟਦਾ ਹੋਣ ਕਾਰਨ ਅਜੀਤ ਸਠਿਆਲਾ ਨੂੰ ਵਿਚ ਪਾ ਲਿਆ। ਗੁਰਦਾਸਪੁਰ ਪਾਸਿਓਂ ਤਕੜਾ ਖਿਡਾਰੀ ਕਰਤਾਰ ਸਿੰਘ ਆਲੀਨੰਗਲ ਸਾਹ ਪਾਉਣ ਆਇਆ ਤਾਂ ਸਠਿਆਲਾ ਨੇ ਫੁਰਤੀ ਨਾਲ ਬਾਹਾਂ ਝਟਕ ਕੇ ਕਲਾਵਾ ਭਰ ਕੇ ਸੁੱਟ ਲਿਆ। ਸਾਰੇ ਹੈਰਾਨ, ਇਹ ਕਿਵੇਂ ਹੋ ਗਿਆ! ਹੌਸਲੇ ਵੱਧ ਗਏ। ਫਿਰ ਉਹ ਸਾਹ ਪਾਉਣ ਆਇਆ, ਫਿਰ ਸੁੱਟ ਲਿਆ। ਇਹ ਗੱਲ ਸੰਨ 1951 ਦੀ ਹੈ। ਉਦੋਂ ਦੁੱਧ, ਘਿਓ ਬੜਾ ਸਸਤਾ ਹੁੰਦਾ ਸੀ।
ਕਾਲੇ ਸੰਘੇ ਹਰ ਸਾਲ ਭਾਰੀ ਛਿੰਝ ਪੈਂਦੀ ਹੈ। ਆਪਣੇ ਸਮੇਂ ਦੇ ਤਕੜੇ ਕਬੱਡੀ ਖਿਡਾਰੀ ਭਜਨ ਸਿੰਘ ਸੰਘਾ ਦੇ ਪਿੰਡ ਅਜੀਤ ਸਿੰਘ ਸਠਿਆਲਾ ਦੇ ਨਾਨਕੇ ਸਨ। ਅਜੀਤ ਸਿੰਘ ਦੇ ਨਾਨਕਿਆਂ ਅਤੇ ਭਜਨ ਸਿੰਘ ਹੁਣਾਂ ਦੇ ਘਰ ਦੀਆਂ ਕੰਧਾਂ ਸਾਝੀਆਂ ਸਨ। ਦੋਹਾਂ ਵਿਚ ਬਰਾਬਰ ਦੇ ਖਿਡਾਰੀ ਹੋਣ ਕਰਕੇ ਬੜਾ ਪਿਆਰ ਸੀ, ਤੇ ਅੱਜ ਵੀ ਹੈ। ਅਜੀਤ (ਬੱਲ) ਸਠਿਆਲਾ ਅੱਜ ਕੱਲ੍ਹ ਕੈਲੀਫੋਰਨੀਆ ਰਹਿੰਦਾ ਹੈ ਤੇ ਭਜਨ ਸਿੰਘ ਕੈਨੇਡਾ।
ਕਾਲੇ ਸੰਘੇ ਛਿੰਝ ਵਿਚ ਸਿਰਫ ਕੁਸ਼ਤੀਆਂ ਹੀ ਹੁੰਦੀਆਂ ਸਨ। ਅਜੀਤ ਸਿੰਘ ਨੇ ਜਾ ਕੇ ਮਾਮੇ ਨੂੰ ਕਬੱਡੀ ਖੇਡਣ ਦੀ ਖਾਹਿਸ਼ ਦੱਸੀ। ਮਹਿੰਦਰ ਮੌੜ ਦਾ ਵੱਡਾ ਭਾਈ ਚੇਤਨ ਸਿੰਘ ਸਰਪੰਚ ਸੀ। ਮਾਮੇ ਨੇ ਸਰਪੰਚ ਨਾਲ ਗੱਲ ਕੀਤੀ। ਅਜੀਤ ਸਿੰਘ ਨੇ ਕਬੱਡੀ ਖੇਡਣ ਲਈ ਭਲਵਾਨੀ ਫੇਰੀ ਦਿੱਤੀ। ਦੂਜੇ ਪਾਸੇ ਜੰਡਿਆਲਾ-ਸਮਰਾਵਾਂ ਦਾ ਕਹਿੰਦਾ ਕਹਾਉਂਦਾ ਧਿਆਨਾ ਖੇਡਣ ਲਈ ਤਿਆਰ ਹੋ ਗਿਆ। ਅਜੀਤ ਨੇ ਤਿੰਨ ਕੁ ਖਿਡਾਰੀ ਹੋਰ ਤਿਆਰ ਕਰ ਲਏ। ਧਿਆਨੇ ਨੇ ਵੀ ਖਿਡਾਰੀ ਲੈ ਲਏ। ਅਜੀਤ ਨੇ ਦੋਵੇਂ ਕੰਮ ਕੀਤੇ-ਰੇਡਾਂ ਤੇ ਜੱਫੇ। ਕਬੱਡੀਆਂ ਪੈਦੀਆਂ ਰਹੀਆਂ ਤੇ ਲੋਕੀਂ ਅਨੰਦ ਮਾਣਦੇ ਰਹੇ। ਅਜੀਤ ਨੇ ਤਿੰਨ ਵਾਰ ਧਿਆਨਾ ਰੋਕਿਆ। ਤੀਜੀ ਵਾਰ ਰੋਕੇ ਜਾਣ ਪਿਛੋਂ ਧਿਆਨਾ ਪੁੱਛਣ ਲੱਗਾ, “ਯਾਰ ਤੇਰੇ ਕੋਲ ਕੀ ਜਾਦੂ ਐ, ਮੈਨੂੰ ਹਿਲਣ ਨੀ ਦਿੰਦਾ।” ਉਹ ਮੈਚ ਅਜੀਤ ਹੁਣੀਂ ਜਿੱਤ ਗਏ। ਮੈਚ ਮੁੱਕਣ ‘ਤੇ ਦਰਸ਼ਕਾਂ ਨੇ ਥਾਪੜੇ ਦਿੱਤੇ। ਸ਼ੰਕਰ ਸੁੰਹ ਦੇ ਭਾਣਜੇ ਭਜਨ ਨੇ ਸਾਰੇ ਪਾਸੇ ਬੱਲ ਬੱਲੇ ਕਰਾ ‘ਤੀ।
1955-56 ਵਿਚ ਪੈਪਸੂ ਟੀਮ ਪਟਿਆਲੇ ਵਲੋਂ ਖੇਡਿਆ ਤੇ ਸੰਗਰੂਰ ਨੂੰ ਜਿੱਤੇ। ਵਧੀਆ ਗੇਮ ਵੇਖ ਕੇ ਉਸ ਵੇਲੇ ਦੇ ਡੀ. ਸੀ. ਨੇ ਮਿਲਣ ਲਈ ਸੁਨੇਹਾ ਭੇਜਿਆ। ਸੁਚੇਤ ਸਿੰਘ ਔਜਲਾ ਐਮ. ਪੀ. ਵੀ ਨਾਲ ਸੀ। ਸੰਨ 1957 ਵਿਚ ਪੈਪਸੂ ਟੁੱਟ ਗਈ ਤੇ ਸਾਰਾ ਪੰਜਾਬ ‘ਕੱਠਾ ਹੋ ਗਿਆ। ਪਹਿਲੀ ਚੈਪੀਂਅਨਸ਼ਿਪ ਸਠਿਆਲੇ ਹੋਈ। ਅਜੀਤ ਸਿੰਘ ਕਪੂਰਥਲੇ ਵਲੋਂ ਟੀਮ ਲੈ ਕੇ ਗਿਆ। ਸੁੱਚਾ ਦਲੇਰ ਤੇ ਕਰਮਾ ਨਾਮਵਰ ਨਾਲ ਖਿਡਾਰੀ। ਪਹਿਲਾ ਮੈਚ ਹੁਸ਼ਿਆਰਪੁਰ ਨਾਲ ਹੋਇਆ। ਹੁਸ਼ਿਆਰਪੁਰ ਦੀ ਟੀਮ ਦਾ ਤਕੜਾ ਰੇਡਰ ਸੰਤੋਖ (ਤੋਖੀ) ਟਾਈਗਰ ਸੀ। ਰੱਤੂ ਟਿੱਬੇ ਨੇ ਦੋ ਵਾਰ ਤੇ ਅਜੀਤ ਸਠਿਆਲੇ ਨੇ ਇਕ ਵਾਰ ਬੜੀ ਮੁਸ਼ਕਿਲ ਨਾਲ ਉਹਨੂੰ ਰੋਕਿਆ।
ਕ੍ਰਿਪਾਲ ਸਾਧ ਤਕੜਾ ਜਾਫੀ, ਹੱਥਾਂ ਦੀ ਪਕੜ ਦਾ ਬੜਾ ਮਾਹਰ ਸੀ। ਦੁੱਧ ਘਿਓ ਦੱਬ ਕੇ ਖਾਂਦਾ। ਟਰੱਕ ਚਲਾਉਂਦਾ ਸੀ। ਗਰਾਂਊਂਡ ਵਿਚ ਮਿਹਨਤ ਕਰਦਾ ਕਿਸੇ ਬਹੁਤ ਘੱਟ ਵੇਖਿਆ। ਉਸ ‘ਤੇ ਕੁਦਰਤ ਬੜੀ ਮਿਹਰਬਾਨ ਸੀ। ਰਮੀਦੀ ਦਾ ਨਿਰਭੈ ਸਿੰਘ, ਸੁੱਚਾ ਸਿੰਘ ਕੁੱਦੋਵਾਲ ਤੇ ਬਾਬੂ ਲਾਲ ਵਧੀਆ ਖਿਡਾਰੀ ਸਨ। ਖੈਰੇ ਦੋਨੇ ਤੇ ਰਮੀਦੀ ‘ਚ ਉਹ ਸੰਨ 1955-56 ‘ਚ ਮੈਚ ਖੇਡਿਆ।
1960 ਦੀ ਜਲੰਧਰ-ਕਪੂਰਥਲਾ ਚੈਪੀਂਅਨਸ਼ਿਪ ਦਾ ਫਾਈਨਲ ਮੁਕਾਬਲਾ ਬੜਾ ਫਸਵਾਂ ਸੀ। ਜਲੰਧਰ ਵਲੋਂ ਦੇਵ ਅੱਟਾ, ਗੁਰਦਿਆਲ, ਜਸਕਰਨ ਰੁੜਕਾ ਤੇ ਗੁਰਮੇਲ ਜਿਹੇ ਖਿਡਾਰੀ ਖੇਡੇ। ਜਦਕਿ ਕਪੂਰਥਲਾ ਵਿਚ ਸਰਵਣ ਬੱਲ, ਅਜੀਤ ਬੱਲ ਸਠਿਆਲਾ, ਭਜਨ ਸੰਘਾ, ਰੱਤੂ ਟਿੱਬਾ, ਗੁਰਮੇਲ, ਕਰਮਾ, ਭਜਨ ਮੋਠਾਂਵਾਲੀ, ਅਮਰਜੀਤ ਰਮੀਦੀ ਤੇ ਸੁਰਿੰਦਰ ਸਨ। ਹੁਸ਼ਿਆਰਪੁਰ ਨਾਲ ਦੂਜਾ ਮੈਚ ਵੀ ਜਿੱਤੇ। ਹੁਸ਼ਿਆਰਪੁਰ ਵਿਚ ਦੋਵੇਂ ਤੋਖੀ (ਟਾਈਗਰ ਤੇ ਐਟਮ-ਬੰਬ), ਮਹਿੰਦਰ ਬੋਲਾ, ਅਮਰੀਕ ਤੇ ਕੇਹਰ ਸਨ। 1966 ‘ਚ ਸਪੋਰਟਸ ਕਾਲਜ, ਜਲੰਧਰ ਮੈਚ ਖੇਡਿਆ।
1950 ਤੋਂ 1967 ਤੱਕ ਸੋਲਾਂ ਸਾਲ ਕਬੱਡੀ ਖੇਡੀ ਤੇ ਆਖਰੀ ਮੈਚ ਸਟੇਟ ਪੰਚਾਇਤ ਟੂਰਨਾਮੈਂਟ ਬੌਦਲੀ (ਨਜ਼ਦੀਕ ਸਮਰਾਲਾ) ਲੁਧਿਆਣੇ ਕਾਲਜ ਖੇਡਿਆ। ਫਸਵੇਂ ਮੈਚ ਵਿਚ ਇਕ ਨੰਬਰ ‘ਤੇ ਗੁਰਦਾਸਪੁਰ ਨੂੰ ਹਾਰੇ। ਜੋਗਿੰਦਰ ਭਿੱਡੇ ਨੇ ਜੱਫੇ ਲਾਏ। ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਉਥੋਂ ਦੋਵੇਂ ਚੈਪੀਂਅਨਸ਼ਿਪਾਂ ਜਿੱਤੀਆਂ। ਅਜੀਤ ਸਠਿਆਲਾ ਦੇ ਨਾਲ ਰੱਤੂ ਟਿੱਬਾ, ਭਜਨ ਸੰਘਾ, ਹਰਮੇਲ ਤੇ ਜਿੰਦਰ ਗੁਰਦਾਸਪੁਰ ਸਾਥੀ ਖਿਡਾਰੀ ਸਨ।
1968 ‘ਚ ਕੋਚ ਬਣ ਕੇ ਉਹ ਟੀਮ ਲੈ ਕੇ ਇੰਗਲੈਂਡ ਗਿਆ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੈਕਟਰੀ ਐਚ. ਐਸ਼ ਭੁੱਲਰ ਸਨ। ਅਜੀਤ ਸਿੰਘ ਮਾਲੜੀ ਤੇ ਪੰਜਾਬ ਬਿਜਲੀ ਬੋਰਡ ਦੇ ਇੰਚਾਰਜ ਜਗਤਾਰ ਸਿੰਘ ਬਠਿੰਡਾ ਵੀ ਨਾਲ ਸਨ। ਸਠਿਆਲਾ ਤੇ ਮਾਲੜੀ-ਦੋਵਾਂ ਕੋਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਹਿ ਸਕੱਤਰ ਦਾ ਅਹੁਦਾ ਸੀ।
ਸ਼ ਸਠਿਆਲਾ ਅਨੁਸਾਰ ਮਾਲੜੀ ਤਕੜਾ ਖਿਡਾਰੀ ਸੀ। ਸੰਨ 1950-51 ਵਿਚ ਮਾਲੜੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦਾ ਨਾਮਵਰ ਖਿਡਾਰੀ ਸੀ ਅਤੇ ਅਜੀਤ ਸਠਿਆਲਾ 1952 ‘ਚ ਖਾਲਸਾ ਕਾਲਜ, ਅੰਮ੍ਰਿਤਸਰ ਦਾ ਜ਼ੋਰਾਵਰ ਖਿਡਾਰੀ ਬਣਿਆ। ਭਜਨ ਸੰਘਾ ਤੇ ਉਹ ਚਾਰ ਸਾਲ ‘ਕੱਠੇ ਖੇਡੇ। ਸੰਘਾ ਨੈਸ਼ਨਲ ਸਟਾਈਲ ਦਾ ਖਿਡਾਰੀ ਸੀ।
ਕਬੱਡੀ ਨੂੰ ਮਾਣ ਬਖਸ਼ਣ ਵਾਲੇ ਅਜੀਤ ਸਿੰਘ ਦੇ ਪਿੰਡ ਸਠਿਆਲੇ ਦਾ ਕਬੱਡੀ ਤੋਂ ਇਲਾਵਾ ਪਹਿਲਵਾਨੀ ਵਿਚ ਵੀ ਵਿਲੱਖਣ ਇਤਿਹਾਸ ਹੈ। ਰੁਸਤਮੇ-ਹਿੰਦ ਪਹਿਲਵਾਨ ਕਰਮ ਸਿੰਘ ਅਤੇ ਰਿਆਸਤ ਬੜੌਦਾ ਦਾ ਰਿਆਸਤੀ ਪਹਿਲਵਾਨ ਲਾਭ ਸਿੰਘ ਵੀ ਇਸੇ ਪਿੰਡ ਦੇ ਹਨ। ਕਹਿੰਦੇ ਨੇ, ਪਹਿਲਵਾਨ ਲਾਭ ਸਿੰਘ ਬਹੁਤ ਭਾਰਾ ਸੀ। ਉਹਦਾ ਭਾਰ ਦੋ ਮਣ ਕੱਚਾ ਸੀ ਯਾਨਿ ਦੋ ਕੁਇੰਟਲ ਦੇ ਕਰੀਬ। ਤਿੰਨ ਮੀਲ ਤੋਂ ਵੱਧ ਘੋੜੀ ਹੌਂਕਣ ਲੱਗ ਪੈਂਦੀ ਸੀ, ਉਹਦਾ ਭਾਰ ਨਹੀਂ ਸੀ ਚੁੱਕ ਹੁੰਦਾ।
1952 ‘ਚ ਨੈਸ਼ਨਲ ਸਕੂਲ ਸਠਿਆਲਾ ਤੋਂ ਮੈਟ੍ਰਿਕ ਕਰਨ ਵਾਲੇ ਅਜੀਤ ਸਠਿਆਲਾ ਨੇ ਜਿਲ੍ਹੇ ਦੇ ਸਾਰੇ ਮੈਚ ਖੇਡੇ ਤੇ ਜਿੱਤੇ। ਤਕੜੀ ਗੇਮ ਕਰਕੇ ਖਾਲਸਾ ਕਾਲਜ ਦਾ ਡੀ. ਪੀ. ਈ. ਅਜੈਬ ਸਿੰਘ ਲੈ ਗਿਆ। ਉਸ ਵੇਲੇ ਦੇ ਮੁੱਖ ਮੰਤਰੀ ਸ਼ ਪ੍ਰਤਾਪ ਸਿੰਘ ਕੈਰੋਂ ਤੇ ਪੰਜਾਬ ਦੇ ਜਨਰਲ ਸਕੱਤਰ ਸ਼ ਮੁਖਤਿਆਰ ਸਿੰਘ ਜਗਤਪੁਰ ਉਹਦੀ ਖੇਡ ਤੋਂ ਕਾਫੀ ਪ੍ਰਭਾਵਤ ਸਨ। ਖਾਲਸਾ ਕਾਲਜ ਦੀ ਜਬਰਦਸਤ ਟੀਮ ਬਣੀ। ਸਠਿਆਲੇ ਚੈਂਪੀਅਨਸ਼ਿਪ ਵਿਚ ਇਕ ਵਾਰ ਪਟਿਆਲਾ, ਜਲੰਧਰ ਤੇ ਅੰਬਾਲਾ-ਤਿੰਨ ਡਿਵੀਜ਼ਨਾਂ ਸਨ। ਪਹਿਲਾਂ ਡਿਵੀਜ਼ਨਾਂ ਦੇ ਮੈਚ ਹੁੰਦੇ ਸਨ, ਫਿਰ ਸਟੇਟਾਂ ਦੇ।
1970 ਤੋਂ 1992 ਤੱਕ 22 ਸਾਲ ਕੋਚਿੰਗ ਦੀ ਸੇਵਾ ਨਿਭਾਈ। ਪਹਿਲਾਂ ਪੋਸਟਿੰਗ ਅੰਮ੍ਰਿਤਸਰ ਹੋਈ, ਫਿਰ ਕਪੂਰਥਲਾ ਤੇ ਆਖਰ ਵਿਚ ਬੇਗੋਵਾਲ। ਬਲਵਿੰਦਰ ਫਿੱਡੂ, ਸ਼ਿਵਦੇਵ, ਮਹਿੰਦਰ ਮੋਹਣ ਤੇ ਅਮਰਜੀਤ ਉਹਦੇ ਸ਼ਾਗਿਰਦ ਹਨ। ਉਹਨੂੰ ਮਾਣ ਹੈ ਆਪਣੇ ਸ਼ਾਗਿਰਦਾਂ ‘ਤੇ, ਜਿਨ੍ਹਾਂ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ।
1988 ਤੋਂ 1992 ਤੱਕ ਜਿਲ੍ਹਾ ਖੇਡ ਅਫਸਰ ਦੇ ਅਹੁਦੇ ‘ਤੇ ਬਿਰਾਜਮਾਨ ਹੋਣ ਕਰਕੇ ਲੁਧਿਆਣੇ ਰਿਹਾਇਸ਼ ਰੱਖੀ। ਖੁਦ ਤਕੜਾ ਖਿਡਾਰੀ ਹੋਣ ਤੇ ਖੇਡ ਅਫਸਰ ਹੋਣ ਦੇ ਨਾਤੇ ਪੰਜਾਬ ਦੇ ਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਲਈ ਹੱਲਾ-ਸ਼ੇਰੀ ਦਿੱਤੀ। 1989 ‘ਚ ਪੰਜਾਬ ਦੇ 12 ਜਿਲ੍ਹਿਆਂ ਦੀ ਮਜੀਠੇ ਚੈਂਪੀਅਨਸ਼ਿਪ ਕਰਾਈ।
5 ਦਸੰਬਰ 1955 ਨੂੰ ਅਜੀਤ ਸਿੰਘ (ਬੱਲ) ਸਠਿਆਲਾ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਹਰਜੀਤ ਕੌਰ ਨਾਲ ਵਿਆਹਿਆ ਗਿਆ। ਤਿੰਨ ਬੇਟੀਆਂ-ਪਲਵਿੰਦਰ ਕੌਰ, ਬਲਜਿੰਦਰ ਕੌਰ ਤੇ ਰਾਜਵਿੰਦਰ ਕੌਰ ਅਤੇ ਇਕ ਬੇਟੇ ਟੋਨੀ ਸਿੰਘ ਨੇ ਜਨਮ ਲਿਆ। ਅਜੀਤ ਸਿੰਘ ਹੋਰੀਂ ਪੰਜ ਭਰਾ ਹਨ-ਮੋਹਣ ਸਿੰਘ, ਸੰਤੋਖ ਸਿੰਘ, ਪਿਆਰਾ ਸਿੰਘ (ਹਾਕੀ ਖਿਡਾਰੀ ਤੇ ਨੈਸ਼ਨਲ ਸਟਾਈਲ ਕਬੱਡੀ ਦਾ ਰੈਫਰੀ) ਅਤੇ ਸਤਨਾਮ ਸਿੰਘ, ਜੋ ਇਸ ਵਕਤ ਪੰਜਾਬ ਕਿਸਾਨ ਯੂਨੀਅਨ ਦਾ ਲੀਡਰ ਹੈ।
1992 ‘ਚ ਅਜੀਤ ਸਿੰਘ ਸਠਿਆਲਾ ਕੈਲੀਫੋਰਨੀਆ ਆ ਪਹੁੰਚਾ। ਇਥੇ ਬੇਟੇ ਕੋਲ ਰਹਿੰਦਾ ਹੈ। ਪਹਿਲਾਂ ਤਾਂ ਸਵੇਰੇ ਸ਼ਾਮ ਸੈਰ ਕਰ ਲੈਂਦਾ ਸੀ, ਪਰ ਹੁਣ ਉਮਰ ਵਧਣ ਕਰਕੇ ਨਿਗ੍ਹਾ ਵੀ ਘਟਦੀ ਜਾ ਰਹੀ ਹੈ। ਇਕ ਵਾਰ ਵੀਲ੍ਹ-ਚੇਅਰ ‘ਤੇ ਬੈਠੇ ਦੇ ਸੱਟ ਲੱਗ ਗਈ ਸੀ। ਹੁਣ ਬਹੁਤਾ ਘਰ ਹੀ ਰਹਿੰਦਾ ਹੈ। ਅਖਬਾਰਾਂ ਪੜ੍ਹ ਕੇ ਸਮਾਂ ਲੰਘਾ ਲੈਂਦਾ ਹੈ। 82 ਸਾਲਾਂ ਦਾ ਹੋਣ ਕਰਕੇ ਬਲੱਡ ਪ੍ਰੈਸ਼ਰ ਵੱਧਣ ਲੱਗ ਪਿਆ ਹੈ।
ਉਹ ਪੰਜਾਬ ਬਾਰੇ ਬੜਾ ਫਿਕਰਮੰਦ ਹੈ। ਪੱਗਾਂ ਦਾ ਅਲੋਪ ਹੋਣਾ, ਸਿੱਖੀ ਦਾ ਘਾਣ, ਨੌਜਵਾਨਾਂ ਦਾ ਨਸ਼ਿਆਂ ਵੱਲ ਵਧਣਾ, ਵੋਟਾਂ ਲਈ ਹਰ ਢੰਗ ਵਰਤਿਆ ਜਾਣਾ, ਉਸ ਨੂੰ ਮਾਨਸਿਕ ਤੌਰ ‘ਤੇ ਸਤਾਉਂਦੇ ਹਨ। ਉਹ ਕਹਿੰਦਾ ਹੈ, ਪਰਮਾਤਮਾ ਕਦੇ ਮਾਫ ਨਹੀਂ ਕਰੇਗਾ। ਨੌਕਰੀਆਂ ਲੈਣ ਲਈ ਹੁਣ ਪੈਸੇ ਦੇਣੇ ਪੈਂਦੇ ਹਨ। ਪੈਸਾ…ਪੈਸਾ, ਹਰ ਪਾਸੇ…ਪੈਸਾ! ਉਨ੍ਹਾਂ ਵੇਲੇ ਤਾਂ ਸਿਰਫ ਯੋਗਤਾ ਵੇਖੀ ਜਾਂਦੀ ਸੀ, ਯੋਗਤਾ ਦੇ ਆਧਾਰ ‘ਤੇ ਹੱਸ ਕੇ ਨੌਕਰੀ ਮਿਲਦੀ ਸੀ। ਹੁਣ ਤਾਂ ਸਰਕਾਰਾਂ, ਮੰਤਰੀ ਲਾਲਚੀ ਹੋ ਗਏ ਨੇ, ਚੰਗੇ-ਚੰਗੇ ਖਿਡਾਰੀ ਰੁਲਦੇ ਫਿਰਦੇ ਨੇ।