ਐਡਵੋਕੇਟ ਗੁਰਮੀਤ ਸ਼ੁਗਲੀ ਦੀ ਗੰਭੀਰ ਲਿਖਤ

ਸੁਰਿੰਦਰ ਸੋਹਲ
ਗਦਰੀ ਬਾਬਿਆਂ ਦੀ ਯਾਦ ‘ਚ ਹੋ ਰਹੇ ਇਕ ਸਮਾਗਮ ‘ਚ ਲੈਨਿਨ ਕੱਟ ਦਾਹੜੀ ਵਾਲਾ ਬੰਦਾ ਸਟੇਜ ‘ਤੇ ਬੈਠਾ ਦੇਖਿਆ। ਚਿਹਰੇ ਦੀ ਗੰਭੀਰਤਾ ਦੱਸ ਰਹੀ ਸੀ ਕਿ ਇਸ ਅੰਦਰ ਚਿੰਤਨ ਦਾ ਕੋਈ ਦਰਿਆ ਵਗ ਰਿਹਾ ਹੈ। ਜਦੋਂ ਸਟੇਜ ਸੈਕਟਰੀ ਨੇ ਪੇਸ਼ ਕਰਨ ਲਈ ਉਸ ਦਾ ਨਾਂ ਲਿਆ ਐਡਵੋਕੇਟ ਗੁਰਮੀਤ ਸ਼ੁਗਲੀ, ਤਾਂ ਮੇਰਾ ਭਰਮ-ਭੁਲੇਖਾ ਦੂਰ ਹੁੰਦਾ ਜਾਪਿਆ। ਜਿਸ ਦਾ ਨਾਂ ਹੀ ‘ਸ਼ੁਗਲੀḔ ਹੈ, ਮੈਂ ਉਸ ਬਾਰੇ ਏਨਾ ਗਹਿਰਾ ਕਿਵੇਂ ਸੋਚ ਲਿਆ?

ਉਹ ਸਟੇਜ ਵੱਲ ਵਧ ਰਿਹਾ ਸੀ ਤੇ ਮੈਂ ਸੋਚ ਰਿਹਾ ਸਾਂ, ਇਹ ਬੰਦਾ ਸਟੇਜ ‘ਤੇ ਜਾਏਗਾ, ਦੋ ਚਾਰ-ਮਿੰਟ ‘ਸ਼ੁਗਲḔ ਮਾਰੇਗਾ, ਗੰਭੀਰ ਭਾਸ਼ਣ ਸੁਣ-ਸੁਣ ਕੇ ਨਿੱਸਲ ਹੋਏ ਸਰੋਤੇ ਖਿੜ-ਖਿੜ ਹੱਸਣਗੇ, ਮੌਰ ਸਿੱਧੇ ਕਰਨਗੇ ਤੇ ਇਹ ਵਕਤਾ ਆਪਣੀ ਸ਼ੁਰਲੀ ਚਲਾ ਕੇ ਤੁਰਦਾ ਬਣੇਗਾ।
ਪਰ ਸ਼ੁਗਲੀ ਨੇ ਗੱਲ ਹੀ ਇਥੋਂ ਸ਼ੁਰੂ ਕੀਤੀ, “ਦੋਸਤੋ ਸੋਚਣ ਵਾਲੀ ਗੱਲ ਇਹ ਐ, ਬਈ ਭਗਤ ਸਿੰਘ ਦੇ ਹੱਥੋਂ ਕਿਤਾਬ ਖੋਹ ਕੇ ਪਿਸਤੌਲ ਫੜ੍ਹਾਇਆ ਕਿਹਨੇ? ਭਗਤ ਸਿੰਘ ਨੇ ਤਾਂ ਸਾਰੀ ਉਮਰ ਕਿਤਾਬ ਛੱਡੀ ਨਹੀਂ, ਫਾਂਸੀ ਲੱਗਣ ਤੱਕ ਵੀ ਨਹੀਂ ਛੱਡੀ। ਉਸ ਨੇ ਗੋਲੀ ਜ਼ਿੰਦਗੀ ‘ਚ ਸਿਰਫ ਇਕ ਵਾਰ ਚਲਾਈ; ਤੇ ਪਿਸਤੌਲ ਉਸ ਦੇ ਹੱਥ ਹਮੇਸ਼ਾ ਲਈ ਆ ਗਿਆ।”
ਉਦੋਂ ਤੱਕ ਮੈਨੂੰ ਵੀ ਪਤਾ ਨਹੀਂ ਸੀ ਕਿ ਭਗਤ ਸਿੰਘ ਨੇ ਜੀਵਨ ‘ਚ ਗੋਲੀ ਸਿਰਫ ਇਕ ਵਾਰ ਚਲਾਈ ਸੀ। ਸ਼ੁਗਲੀ ਸਟੇਜ ਤੋਂ ਬੋਲੀ ਜਾ ਰਿਹਾ ਸੀ, “ਸਾਨੂੰ ਇਹ ਗੱਲ ਲੋਕਾਂ ਨੂੰ ਦੱਸਣੀ ਚਾਹੀਦੀ ਹੈ। ਭਗਤ ਸਿੰਘ ਦੇ ਪਿਸਤੌਲ ਦੀ ਨਹੀਂ, ਉਸ ਦੇ ਵਿਚਾਰਾਂ ਦੀ ਚਰਚਾ ਕਰਨੀ ਚਾਹੀਦੀ ਹੈ।” ਸ਼ੁਗਲੀ ਏਨਾ ਗੰਭੀਰ ਹੋਏਗਾ, ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ। ਆਪਣੇ ਵਿਸ਼ੇ ਤੇ ਵਿਚਾਰਧਾਰਾ ਪ੍ਰਤੀ ਉਸ ਦੀ ਸਪੱਸ਼ਟਤਾ ਗੂੜ੍ਹਾ ਪ੍ਰਭਾਵ ਛੱਡ ਰਹੀ ਸੀ।
ਐਡਵੋਕੇਟ ਗੁਰਮੀਤ ਸ਼ੁਗਲੀ ਨਾਲ ਮੈਂ ਪੰਦਰਾਂ ਮਿੰਟ ਵੀ ਬਿਤਾਏ ਹਨ ਅਤੇ ਪੰਜ-ਪੰਜ ਘੰਟੇ ਦਾ ਕਾਰ ‘ਚ ਸਫਰ ਵੀ ਕੀਤਾ ਹੈ। ਕਮਾਲ ਦੀ ਗੱਲ ਹੈ ਕਿ ਉਸ ਕੋਲ ਪੰਦਰਾਂ ਮਿੰਟਾਂ ‘ਚ ਗੱਲ ਸਮੇਟਣ ਦੀ ਕਲਾ ਵੀ ਹੈ ਅਤੇ ਪੰਜ-ਪੰਜ ਘੰਟੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਣ ਦਾ ਹੁਨਰ ਵੀ।
ਜ਼ਿਲ੍ਹਾ ਜਲੰਧਰ ਦੇ ਪਿੰਡ ਮੰਡ ਮੌੜ 1947 ਵਿਚ ਉਸ ਦਾ ਜਨਮ ਹੋਇਆ। ਸਾਰੀ ਉਮਰ ਉਸ ਨੇ ਸੰਘਰਸ਼ ‘ਚ ਲੰਘਾਈ। 1965 ‘ਚ ‘ਟੀਚਰ ਟਰੇਨਿੰਗḔ ਦਾ ਕੋਰਸ ਕਰ ਕੇ ਉਹ ਸਕੂਲ ਮਾਸਟਰ ਬਣ ਗਿਆ। ਨਾਲ ਦੀ ਨਾਲ ਈਵਨਿੰਗ ਕਾਲਜ, ਜਲੰਧਰ ‘ਚ ਪਰੈਪ ‘ਚ ਦਾਖਲ ਹੋ ਗਿਆ। ਦਿਨੇ ਪੜ੍ਹਾਉਂਦਾ, ਸ਼ਾਮ ਨੂੰ ਪੜ੍ਹਦਾ। ਇੰਜ 1971 ‘ਚ ਬੀ. ਏ. ਕਰ ਲਈ। ਫਿਰ ਪੱਤਰ-ਵਿਹਾਰ ਰਾਹੀਂ ਰਾਜਨੀਤੀ ਸ਼ਾਸਤਰ ਦੀ ਐਮ. ਏ. ਕਰ ਲਈ। ਉਸ ਪਿਛੋਂ ਗਿਆਨੀ ਪਾਸ ਕਰ ਕੇ ਐਮ. ਏ. ਪੰਜਾਬੀ ਵੀ ਕਰ ਲਈ।
ਹੌਲੀ-ਹੌਲੀ ਪੌੜੀਆਂ ਚੜ੍ਹਦੇ ਗੁਰਮੀਤ ਸ਼ੁਗਲੀ ਨੂੰ ਪਤਾ ਹੀ ਨਾ ਲੱਗਾ, ਕਦੋਂ ਉਸ ਨੇ ਵਕਾਲਤ ਪਾਸ ਕਰ ਕੇ ਜਲੰਧਰ ਕਚਹਿਰੀਆਂ ‘ਚ ਆਪਣਾ ਮੇਜ਼ ਤੇ ਕੁਰਸੀਆਂ ਸੰਗਲ ਨਾਲ ਬੰਨ੍ਹ ਲਏ।
ਨਾ ਸਿਰਫ ਆਪ ਵਕਾਲਤ ਪਾਸ ਕੀਤੀ, ਸਗੋਂ ਦੋਵੇਂ ਬੇਟੇ ਵੀ ਵਕੀਲ ਬਣਾਏ। ਇਕ ਵਾਰ ਇਕ ਬੰਦਾ ਪੰਜਾਬ ‘ਚ ਪੈਟਰੋਲ ਪੰਪ ‘ਤੇ ਤੇਲ ਪਾਉਂਦਾ ਸੀ। ਜਦੋਂ ਸ਼ੁਗਲੀ ਨੂੰ ਉਸ ਦੀ ਪੜ੍ਹਾਈ ਦਾ ਪਤਾ ਲੱਗਾ ਤਾਂ ਉਸ ਨੂੰ ਕਹਿਣ ਲੱਗਾ, “ਛੱਡ ਤੇਲ ਪਾਉਣਾ। ਆ ਤੈਨੂੰ ਵਕਾਲਤ ਕਰਾ ਦਿਆਂ।” ਤੇ ਉਹ ਬੰਦਾ ਵੀ ਵਕੀਲ ਬਣ ਗਿਆ।
ਨਿੱਕੇ-ਨਿੱਕੇ ਸ਼ੁਗਲ ਕਰਨ ਦੀ ਆਦਤ ਉਸ ਨੂੰ ਬਚਪਨ ਤੋਂ ਹੀ ਸੀ। ਫਿਰ ਸ਼ੁਗਲੀ ਉਸ ਦਾ ਤਖੱਲਸ ਨਹੀਂ, ਪਛਾਣ ਹੀ ਬਣ ਗਿਆ।
ਕੁਝ ਮਹੀਨੇ ਪਹਿਲਾਂ ਉਸ ਦੀ ਕਿਤਾਬ ਛਪੀ ਸੀ, ‘ਕਾਨੂੰਨੀ ਨੁਕਤੇ ਤੇ ਆਮ ਆਦਮੀ।’ ਇਹ ਕਿਤਾਬ ਦੇਖ ਕੇ ਮੈਨੂੰ ਬੱਸਾਂ ‘ਚ ਵਿਕਦੀ ਕਿਤਾਬ ‘ਘਰ ਦਾ ਵੈਦ’ ਦੀ ਯਾਦ ਆ ਜਾਂਦੀ ਹੈ। ਉਸ ਕਿਤਾਬ ਵਿਚ ਘਰੇਲੂ ਟੋਟਕਿਆਂ ਨਾਲ ਦੰਦ-ਦਾੜ੍ਹ ਦਾ ਦਰਦ, ਸਿਰ-ਦਰਦ, ਬੁਖਾਰ, ਜ਼ੁਕਾਮ ਆਦਿ ਸਾਰੇ ਰੋਗਾਂ ਦਾ ਇਲਾਜ ਸਸਤਾ ਤੇ ਸੌਖਾ ਦੱਸਿਆ ਹੁੰਦਾ ਹੈ। ਸ਼ੁਗਲੀ ਦੀ ਕਿਤਾਬ ਵਿਚ ਕਰੀਬ 54 ਲੇਖ ਹਨ, ਜਿਨ੍ਹਾਂ ਵਿਚ ਆਮ ਬੰਦੇ ਦੇ ਜੀਵਨ ਵਿਚ ਘਟਣ ਵਾਲੀਆਂ ਘਟਨਾਵਾਂ ਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੇਸ ‘ਚ ਵਰਤੇ ਜਾਣ ਵਾਲੇ ਨੁਕਤਿਆਂ ਨੂੰ ਆਮ ਬੰਦੇ ਦੀ ਬੋਲੀ ‘ਚ ਹੀ ਸਮਝਾਇਆ ਗਿਆ ਹੈ। ਕਿਤਾਬ ਪੜ੍ਹ ਕੇ ਸਾਧਾਰਨ ਬੰਦਾ ਵੀ ਅੱਧਾ ਵਕੀਲ ਬਣ ਜਾਂਦਾ ਹੈ। ਇਸ ਕਿਤਾਬ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪਹਿਲੀ ਗੱਲ ਤਾਂ ਬੰਦਾ ਗਲਤ ਕੰਮ ਕਰਨ ਬਾਰੇ ਸੋਚਦਾ ਹੀ ਨਹੀਂ। ਜੇ ਮਜਬੂਰੀ ਵਸ ਉਸ ਤੋਂ ਕੋਈ ਅਜਿਹਾ ਕੰਮ ਹੋ ਵੀ ਜਾਂਦਾ ਹੈ ਤਾਂ ਅਦਾਲਤੀ ਲੜਾਈ ਲੜਨ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ, ਉਸ ਦੀ ਸੋਝੀ ਹੋ ਜਾਂਦੀ ਹੈ।
ਜਿਵੇਂ ਕਿਸੇ ਜ਼ਮਾਨੇ ‘ਚ ਯੂਨੀਵਰਸਿਟੀਆਂ ਨੇ ਮਨੋ-ਵਿਗਿਆਨ, ਸਮਾਜ-ਵਿਗਿਆਨ ਆਦਿ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਪੰਜਾਬੀ ‘ਚ ਲਿਆਉਣ ਦਾ ਉਪਰਾਲਾ ਕੀਤਾ ਸੀ, ਸ਼ੁਗਲੀ ਦੀ ਇਹ ਕਿਤਾਬ ਵੀ ਉਹੋ ਜਿਹਾ ਹੀ ਉਪਰਾਲਾ ਹੈ। ਦੂਜੇ ਸ਼ਬਦਾਂ ‘ਚ, ਜੋ ਕੰਮ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ, ਸ਼ੁਗਲੀ ਨੇ ਸ਼ੁਗਲ-ਸ਼ੁਗਲ ‘ਚ ਹੀ ਕਰ ਦਿੱਤਾ ਹੈ।
ਗੁਰਮੀਤ ਸ਼ੁਗਲੀ ਅਖਬਾਰ ‘ਨਵਾਂ ਜ਼ਮਾਨਾ’ ਚਲਾ ਰਹੀ ਸੰਸਥਾ ‘ਅਰਜਨ ਸਿੰਘ ਗੜਗੱਜ ਫਾਊਂਡੇਸ਼ਨ’ ਦਾ ਸਕੱਤਰ ਹੈ। ਉਸ ਦੇ ਲੇਖ ਅਖਬਾਰ ‘ਚ ਅਕਸਰ ਛਪਦੇ ਰਹਿੰਦੇ ਹਨ। ਉਹ ਪਾਠਕ ਨੂੰ ਸਾਹਮਣੇ ਰੱਖ ਕੇ ਲਿਖਦਾ ਹੈ। ਇਸੇ ਕਰਕੇ ਉਸ ਦੇ ਲੇਖ ਸੰਖੇਪ ਤਾਂ ਹੁੰਦੇ ਹੀ ਹਨ, ਉਨ੍ਹਾਂ ਦੀ ਭਾਸ਼ਾ ਵੀ ਅਤਿ ਸਰਲ ਹੁੰਦੀ ਹੈ। ਉਸ ਦਾ ਕਾਲਮ ‘ਸੁਲਘਦੇ ਮਸਲੇ’ ਲਗਾਤਾਰ ਨਵਾਂ ਜ਼ਮਾਨਾ ‘ਚ ਛਪਦਾ ਰਿਹਾ ਹੈ, ਜਿਸ ਦੀ ਪਾਠਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾਂਦੀ ਰਹੀ ਹੈ।
ਗੁਰਮੀਤ ਸ਼ੁਗਲੀ ਕੋਲ ਗਰੀਨ ਕਾਰਡ ਹੈ। ਉਹ ਛੇ ਮਹੀਨੇ ਇੰਡੀਆ ਰਹਿੰਦਾ ਹੈ, ਛੇ ਮਹੀਨੇ ਆਪਣੇ ਛੋਟੇ ਬੇਟੇ ਰਮਨ ਮੰਡ ਕੋਲ ਨਿਊ ਯਾਰਕ। ਮਗਰੋਂ ਵਕਾਲਤ ਦਾ ਦਫਤਰ ਉਸ ਦਾ ਐਡਵੋਕੇਟ ਬੇਟਾ ਰਜਿੰਦਰ ਮੰਡ ਸੰਭਾਲਦਾ ਹੈ।
ਗੁਰਮੀਤ ਸ਼ੁਗਲੀ ਬਹੁਤ ਗੰਭੀਰ ਹੈ, ਪਰ ਜਦੋਂ ਉਹ ਮਹਿਫਿਲ ‘ਚ ਯਾਰਾਂ ਨਾਲ ਖੁੱਲ੍ਹਦਾ ਜਾਂਦਾ ਹੈ ਤਾਂ ਲਤੀਫੇਬਾਜ਼ੀ ਨਾਲ ਮਹਿਫਿਲ ਲੁੱਟ ਲੈਂਦਾ ਹੈ। ਅਜਿਹੇ ਮਿਹਨਤੀ, ਸਾਫ-ਗੋਅ, ਉਦਮੀ ਅਤੇ ਪ੍ਰੇਰਣਾ ਦੇ ਸਰੋਤ ਬੰਦਿਆਂ ਦੀ ਸਮਾਜ ਨੂੰ ਬਹੁਤ ਲੋੜ ਹੈ।