ਇੱਕ ਪੂਜਣਯੋਗ ਨਾਂ-ਢਾਡੀ ਸੋਹਣ ਸਿੰਘ ਸੀਤਲ

ਐਸ਼ ਅਸ਼ੋਕ ਭੌਰਾ
ਅਮਰੀਕਾ ਭਾਵੇਂ ਲੱਖ ਮਹਾਂਸ਼ਕਤੀ ਕਹਾਉਣ ਦੀ ਗੁਰਜ ਚੁੱਕੀ ਫਿਰੇ ਪਰ ਜੇ ਪੂਰੀ ਦੁਨੀਆਂ ਨੂੰ ਸੂਰਜ ਮੁਫਤ ਵਿਚ ਰੌਸ਼ਨੀ ਵੰਡ ਰਿਹਾ ਹੈ ਤਾਂ ਸਤਿਕਾਰ ਵਿਚ ਕੁਦਰਤ ਨੂੰ ਮਹਾਂਸ਼ਕਤੀ ਮੰਨਦਿਆਂ ਸਿਰ ਨੀਵਾਂ ਕਰਨਾ ਪਵੇਗਾ। ਜਿਸ ਡਾਢੇ ਨੂੰ ਅਸੀਂ ਬੇਅੰਤ ਕਹਿੰਨੇ ਆਂ, ਉਹਨੇ ਅਕਾਸ਼, ਪਤਾਲ, ਸੂਰਜ ਤੇ ਚੰਦਰਮਾ ਜ਼ਰੀਏ ਦੱਸਿਆ ਹੈ ਕਿ ਉਹਦਾ ਵਾਕਿਆ ਹੀ ਕੋਈ ਅੰਤ ਨਹੀਂ ਹੈ। ਉਹਦਾ ਸੰਸਾਰ ਮਾਪਣ ਦਾ ਖਿਆਲਾਂ ਵਾਲਾ ਪੈਮਾਨਾ ਸਿਰਫ ਸ਼ਾਇਰਾਂ ਕੋਲ ਹੀ ਹੈ, ਤੇ ਮੰਗਲ ਦੀਆਂ ਗੱਲਾਂ ਕਰਨ ਵਾਲਾ ਵਿਗਿਆਨ ਉਹਦੇ ਭੇਦਾਂ ਤੋਂ ਇੱਕ ਤਰ੍ਹਾਂ ਨਾਲ ਕੋਰਾ ਹੀ ਹੈ।

ਜੋ ਛੇਵੇਂ ਪਾਤਸ਼ਾਹ ਦੇ ਪਹਿਲੇ ਢਾਡੀਆਂ ਦੀ ਗੱਲ ਕਰੇ, ਜੋ ਸਿੱਖ ਇਤਿਹਾਸ ਦੇ ਵਰਕੇ ਫਰੋਲੇ, ਜੋ ਯੋਧਿਆਂ ਤੇ ਸੂਰਬੀਰਾਂ ਦੀਆਂ ਵਾਰਾਂ ਗਾਉਣ ਵਾਲੀ ਸਿੱਖ ਜਗਤ ਦੀ ਸੰਗੀਤਕ ਪਰੰਪਰਾ ਤੋਂ ਵਾਕਿਫ ਹੋਵੇ-ਉਹ ਢਾਡੀ ਸੋਹਣ ਸਿੰਘ ਸੀਤਲ ਦੀ ਤਸਵੀਰ ਅੱਗੇ ਹੀ ਨਹੀਂ, ਉਹਦਾ ਨਾਂ ਸੁਣਨ ‘ਤੇ ਵੀ ਸਿਰ ਨੀਵਾਂ ਕਰਨ ਵਿਚ ਮਾਣ ਸਮਝੇਗਾ। ਉਹਦੇ ਸੋਹਣ ਸਿੰਘ ਨਾਂ ਨਾਲ ਸੀਤਲ ਤਾਂ ਪਤਾ ਨਹੀਂ ਕਿਉਂ ਲੱਗਾ ਪਰ ਉਹਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਸੁਭਾਅ ਪੱਖੋਂ ਸਾਰੀ ਉਮਰ ਹੀ ਭਾਈ ਵੀਰ ਸਿੰਘ ਦੇ ਕਹਿਣ ਵਾਂਗ ‘ਸੰਞ ਹੋਈ ਢਲ ਗਏ ਪ੍ਰਛਾਵੇਂ ਕਿਉਂ ਇਛਵਲ ਤੂੰ ਜਾਰੀ’ ਸਿੱਖ ਜਗਤ ਦਾ ਚਸ਼ਮਾ, ਨਿਮਰਤਾ ਤੇ ਸਾਦਗੀ ਵਾਲਾ ਮਨੁੱਖ ਹੀ ਰਿਹਾ। ਮੇਰੀ ਅੰਤਰ-ਆਤਮਾ ਨੇ ਹੀ ਕਿਹਾ ਹੈ ਕਿ ਸੀਤਲ ਬਾਰੇ ਸ਼ਬਦ ਨੰਗੇ ਸਿਰ ਨਹੀਂ ਲਿਖੀਦੇ ਹੁੰਦੇ।
ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਜੇ ਢਾਡੀਆਂ ਲਈ ਸੋਹਣ ਸਿੰਘ ਸੀਤਲ ਮੱਕਾ ਹੈ ਤਾਂ ਪੰਜਾਬੀ ਸਾਹਿਤਕਾਰਾਂ ਲਈ ਉਹ ਹੱਜ ਹੈ। ਜੇ ਪੰਜਾਬ ਸਰਕਾਰ ਨੇ ਉਹਨੂੰ ਸ਼੍ਰੋਮਣੀ ਢਾਡੀ ਦੇ ਪੁਰਸਕਾਰ ਨਾਲ ਨਿਵਾਜਿਆ ਹੈ ਤਾਂ ਉਹਦੇ ਨਾਵਲ ‘ਯੁੱਗ ਬਦਲ ਗਿਆ ਹੈ’ ਨੂੰ ਵੀ ਸਾਹਿਤ ਅਕਾਦਮੀ ਐਵਾਰਡ ਮਿਲ ਚੁਕਾ ਹੈ। ਸੋਹਣਾ ਹੋਣਾ ਅਲੱਗ ਗੱਲ ਹੈ ਪਰ ਜਿਹੜੇ ‘ਨੈਣ-ਨਕਸ਼’ ਸੋਹਣ ਸਿੰਘ ਸੀਤਲ ਨੇ ਢਾਡੀ ਕਲਾ ਅਤੇ ਸਾਹਿਤ ਨੂੰ ਦਿੱਤੇ ਹਨ, ਉਹਦੇ ਨਾਲ ਉਹ ਰੱਜ ਕੇ ਖੂਬਸੂਰਤ ਵੀ ਲੱਗਦਾ ਰਿਹਾ ਹੈ।
ਬੜੀ ਦੇਰ ਉਹ ਪੰਜਾਬੀ ਸਾਹਿਤ ਦਾ ਸੂਰਜ ਰਿਹਾ। ਪੰਥਕ ਸਟੇਜਾਂ ‘ਤੇ ਉਹਨੂੰ ਢਾਡੀ ਵਾਰਾਂ ਗਾਉਂਦਿਆਂ ਵੇਖ ਕੇ ਕਈ ਵਾਰ ਇਹ ਝਉਲਾ ਪੈਂਦਾ ਰਿਹਾ ਹੈ ਕਿ ਇਹ ਉਹੀ ਢਾਡੀ ਹੈ ਜਿਨ੍ਹੇ ‘ਤੂਤਾਂ ਵਾਲਾ ਖੂਹ’ ਜਾਂ ‘ਜੰਗ ਜਾਂ ਅਮਨ’ ਵਰਗੇ ਨਾਵਲ ਵੀ ਲਿਖੇ ਹਨ? ਤੇ ਜਿਹੜੇ ਉਹਨੂੰ ਸਿਰਫ ਨਾਵਲਕਾਰ ਵੱਲੋਂ ਹੀ ਜਾਣਦੇ ਹਨ, ਉਹ ਇਸ ਗੱਲ ਨੂੰ ਸਵੀਕਾਰਦੇ ਹੀ ਨਹੀਂ ਕਿ ਸੀਤਲ ਢਾਡੀ ਵੀ ਹੋ ਸਕਦਾ ਹੈ। ਦਰਅਸਲ ਗੰਗਾ ਜਾਂ ਯਮੁਨਾ ਦਾ ਸੰਗਮ ਹੋਇਆ ਹੋਵੇ ਜਾਂ ਨਾ ਪਰ ਸਾਹਿਤ ਕਲਾ ਅਤੇ ਸੰਗੀਤ ਕਲਾ ਇੱਕੋ ਹੀ ਹਸਤੀ ਦੇ ਅੰਦਰੋਂ ਡੁੱਲ੍ਹ-ਡੁੱਲ੍ਹ ਕੇ ਪੈਂਦੀ ਰਹੀ ਹੈ। ਮੈਂ ਦਸਵੀਂ ‘ਚ ਪੜ੍ਹਦਿਆਂ ਸਿਲੇਬਸ ਵਿਚ ਉਹਦਾ ਨਾਵਲ ਪੜ੍ਹਿਆ ‘ਜੰਗ ਜਾਂ ਅਮਨ।’ ਬਚਪਨ ਦਾ ਇਹ ਮੋਹ ਵੱਡੇ ਹੋ ਕੇ ਸੀਤਲ ਨਾਲ ਮਿਲਣ ਦਾ ਸਬੱਬ ਬਣਿਆ ਤੇ ‘ਮੇਰੇ ਇਤਿਹਾਸਕ ਲੈਕਚਰ’ ਪੁਸਤਕ ਪੜ੍ਹ ਕੇ ਗਿਆਨ ਹੋਇਆ ਕਿ ਸਟੇਜ ਜਾਂ ਮੰਚ ‘ਤੇ ਬੋਲਣ ਦਾ ਵੀ ਕੋਈ ਵਿਧੀ-ਵਿਧਾਨ ਹੁੰਦਾ ਹੈ।
ਮੈਂ ਇਸ ਗੱਲ ‘ਤੇ ਮਾਣ ਕਰਦਾ ਰਹਾਂਗਾ ਕਿ ਜ਼ਿੰਦਗੀ ਵਿਚ ਅਨੇਕਾਂ ਅਵਸਰ ਇਸ ਮਹਾਨ ਹਸਤੀ ਨਾਲ ਨੇੜੇ ਹੋ ਕੇ ਗੁਜ਼ਾਰਨ ਦੇ ਨਸੀਬ ਹੋਏ। ਇੱਥੇ ਵਿਸ਼ਾ ਸੀਤਲ ਦੇ ਬਤੌਰ ਢਾਡੀ ਵਜੋਂ ਹੈ, ਇਸ ਲਈ ਉਹਦੇ ਨਾਵਲਾਂ ਬਾਰੇ ਵਿਸਥਾਰ ਵਿਚ ਨਹੀਂ ਜਾਵਾਂਗਾ। ਧਰਤੀ ‘ਤੇ ਵਗਦੇ ਦਰਿਆਵਾਂ ਬਾਰੇ ਤਾਂ ਸਾਰੇ ਜਾਣਦੇ ਹੁੰਦੇ ਹਨ, ਸੁਆਦ ਇਸ ਗੱਲ ਵਿਚ ਹੈ ਕਿ ਤੁਹਾਡੇ ਅੰਦਰ ਵਗਦੇ ਝਨਾਂ ਦੀਆਂ ਛੱਲਾ ‘ਚੋਂ ਕੋਈ ਰਾਂਝਾ ਜਾਂ ਹੀਰ ਬੁੱਕ ਭਰ ਕੇ ਪਿਆਸ ਮਿਟਾ ਸਕੇ। ਸੀਤਲ ਦੋ ਕਲਾਵਾਂ ਦਾ ਅਜਿਹਾ ਹੀ ਇੱਕ ਭਰ ਵਗਦਾ ਦਰਿਆ ਸੀ।
ਅੰਮ੍ਰਿਤਸਰ ਤੇ ਇਸ ਜ਼ਿਲ੍ਹੇ ਦਾ ਕਾਦੀਵਿੰਡ-ਖਾਲਸ ਮਝੈਲਾਂ ਦਾ ਪਿੰਡ। ਇਸ ਭਾਗਾਂ ਵਾਲੇ ਪਿੰਡ ਵਿਚ ਸੋਹਣ ਸਿੰਘ ਸੀਤਲ 7 ਅਗਸਤ 1909 ਨੂੰ ਯਾਨਿ ਕਰੀਬ ਇੱਕ ਸਦੀ ਤੋਂ ਪਹਿਲਾਂ ਜਨਮਿਆ। ਉਹ ਪਿਤਾ ਖੁਸ਼ਹਾਲ ਸਿੰਘ ਦਾ ਇਕਲੌਤਾ ਪੁੱਤਰ ਸੀ ਤੇ ਬਾਪੂ-ਬੇਬੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਤਰਸੇਵੇਂ ਨਾਲ ਮਿਲਿਆ ਪੁੱਤਰ ਵਾਹਿਗੁਰੂ ਦੀ ਅਪਾਰ ਕ੍ਰਿਪਾ ਨਾਲ ਝੋਲੀ ‘ਚ ਤਾਂ ਭਾਵੇਂ ਦੇਰੀ ਨਾਲ ਹੀ ਪਿਆ ਹੈ ਪਰ ਸਤਿਕਾਰ ਤੇ ਮਾਣ ਵਡਿਆਈ ਦੀਆਂ ਇਹ ਉਹ ਪੰਡਾਂ ਬੰਨ੍ਹ ਦੇਵੇਗਾ ਜਿਸ ‘ਤੇ ਨਾ ਸਿਰਫ ਉਹ ਸਗੋਂ ਪੂਰਾ ਸਿੱਖ ਜਗਤ ਫਖਰ ਕਰਿਆ ਕਰੇਗਾ। ਸੀਤਲ ਦੇ ਆਪਣੇ ਦੱਸਣ ਅਨੁਸਾਰ ਭੈਣਾਂ ਨੂੰ ਤਰਸੇਵੇਂ ਦਾ ਛੋਟਾ ਵੀਰ ਖਿਡਾਉਣ ਦਾ ਬੜਾ ਚਾਅ ਸੀ ਤੇ ‘ਮੇਰਾ ਸੋਹਣਾ ਵੀਰ, ਮੇਰਾ ਸੋਹਣਾ ਵੀਰ’ ਤੋਂ ਉਹਦਾ ਨਾਂ ਫਿਰ ਚਟਦਿਆਂ-ਚੁੰਮਦਿਆਂ ਸੋਹਣ ਸਿੰਘ ਹੀ ਪੱਕ ਗਿਆ। ਮੰਨੋਗੇ ਕਿ ਇੱਕ ਸਿੱਖ ਵਿਦਵਾਨ, ਸਿੱਖ ਚਿੰਤਕ ਦੇ ਮਾਂ-ਬਾਪ ਕੋਰੇ ਅਨਪੜ੍ਹ ਸਨ, ਜਮ੍ਹਾਂ ਪੇਂਡੂ ਜੱਟ। ਪਰ ਉਹਦੇ ਜਨਮ ਸਮੇਂ ਤੋਂ ਹੀ ਉਹ ਇਸ ਗੱਲ ਤੋਂ ਸੁਚੇਤ ਜ਼ਰੂਰ ਸਨ ਕਿ ਉਹ ਆਪਣੇ ਪੁੱਤਰ ਨੂੰ ਪੜ੍ਹਨ-ਲਿਖਣ ਤੋਂ ਵਾਂਝੇ ਨਹੀਂ ਰੱਖਣਗੇ। ਪੰਜ ਗ੍ਰੰਥੀ ਸੋਹਣ ਸਿੰਘ ਸੀਤਲ ਨੇ ਆਪਣੇ ਪਿੰਡ ਆਏ ਉਦਾਸੀ ਸਾਧੂ ਹਰੀ ਦਾਸ ਤੋਂ ਪੜ੍ਹੀ ਤੇ ਉਰਦੂ ਦਾ ‘ਅਲਫ-ਬੇ’ ਕਰਨਾਲ ਦੇ ਮੁਰਲੀ ਰਾਮ ਤੋਂ ਸਿੱਖਿਆ। ਹਾਈ ਸਕੂਲ ਦੀ ਵਿੱਦਿਆ ਉਹਨੇ ਸਾਢੇ ਚਾਰ ਕਿਲੋਮੀਟਰ ਰੋਜ਼ਾਨਾ ਘਰੋਂ ਪੈਦਲ ਚਲ ਕੇ ਕਸੂਰ ਤੋਂ ਪੂਰੀ ਕੀਤੀ। ਸਾਇੰਸ ਤੇ ਹਿਸਾਬ ਦੇ ਦੋ ਔਖੇ ਵਿਸ਼ਿਆਂ ਵਿਚ ਉਹਦੀ ਸਭ ਤੋਂ ਵੱਧ ਦਿਲਚਸਪੀ ਹੀ ਨਹੀਂ ਰਹੀ ਸਗੋਂ ਉਹ ਅੱਵਲ ਵੀ ਆਉਂਦਾ ਰਿਹਾ। ਉਹਦੇ ਅੰਦਰੋਂ ਸਾਹਿਤਕ ਕਰੂੰਬਲਾਂ ਉਦੋਂ ਫੁੱਟੀਆਂ ਜਦੋਂ ਮੌਲਵੀ ਫਕੀਰ ਹੁਸੈਨ ਦੀ ਪ੍ਰੇਰਨਾ ਨਾਲ ਉਹ ਸ਼ੇਅਰ ਲਿਖਣ ਵੱਲ ਰੁਚਿਤ ਹੋ ਗਿਆ ਤੇ ਪੜ੍ਹਾਈ ਦੇ ਨਾਲ ਨਾਲ ਸਾਹਿਤਕ ਤੇ ਕਲਾ ਦੀ ਟ੍ਰੇਨ ਦੀ ਟਿਕਟ ਵੀ ਕਟਾ ਲਈ।
ਮੰਨੋਗੇ ਕਿ ਜ਼ਮਾਨੇ ਦੇ ਰਿਵਾਜ਼ਾਂ ਤੋਂ ਸੀਤਲ ਵੀ ਮੁਕਤ ਨਹੀਂ ਸੀ ਹੋ ਸਕਿਆ ਤੇ ਮਸਾਂ ਬਾਰਾਂ ਸਾਲਾਂ ਦੀ ਉਮਰ ਵਿਚ ਗ੍ਰਹਿਸਥੀ ਜੀਵਨ ਦਾ ਬੂਹਾ ਮਾਂ-ਬਾਪ ਨੇ ਉਹਦੇ ਲਈ ਖੋਲ੍ਹ ਦਿੱਤਾ। ਸਮੇਂ ਦੀ ਤਾਸੀਰ ਹੀ ਸੀ ਕਿ ਉਦੋਂ ਹਰ ਮਾਂ-ਬਾਪ ਇਹ ਸੋਚਦੇ ਹੁੰਦੇ ਸਨ ਕਿ ਪੁੱਤ ਦਾੜ੍ਹੀ-ਮੁੱਛ ਫੁੱਟਣ ਤੋਂ ਪਹਿਲਾਂ ਵਿਆਹਿਆ ਜਾਵੇ। ਸੰਨ 1934 ਦੇ ਕਰੀਬ ਸੀਤਲ ਸੱਚੀਂ ਅਚਾਨਕ ਢਾਡੀ ਬਣ ਗਿਆ।
ਕਾਦੀਵਿੰਡ ਵਿਚ ਕਿਤੇ ਰਾਸਧਾਰੀਏ ਆਏ ਹੋਏ ਸਨ, ਪੂਰਨ ਭਗਤ ਤੇ ਰਾਜਾ ਹਰੀਸ਼ ਚੰਦਰ ਦੇ ਨਾਟਕ ਖੇਡਣ। ਨਾਟਕ ਦੇਖੇ ਤਾਂ ਇਨ੍ਹਾਂ ‘ਚ ਕੁਝ ਕਿਰਦਾਰ ਏਨੇ ਸੁਰੀਲੇ ਤੇ ਰਸੀਲੇ ਸਨ ਕਿ ਸੀਤਲ ਇੱਕ ਤਰ੍ਹਾਂ ਨਾਲ ਮੋਹਿਤ ਹੀ ਹੋ ਗਿਆ। ਇਸ ਗੱਲ ਦਾ ਵੇਰਵਾ ਉਹਨੇ ਆਪਣੀ ਇੱਕ ਪੁਸਤਕ ਵਿਚ ਵੀ ਦਿੱਤਾ ਹੈ। ਉਹਦੇ ਨਾਲ ਦੇ ਕੁਝ ਪੇਂਡੂ ਮੁੰਡੇ ਵੀ ਪ੍ਰਭਾਵਿਤ ਹੋ ਗਏ। ਇਨ੍ਹਾਂ ‘ਚੋਂ ਇੱਕ ਨੇ ਨਾਟਕ ਮੰਡਲੀ ਬਣਾਉਣ ਦਾ ਸੁਝਾਅ ਦਿੱਤਾ ਤਾਂ ਵਿਰਸੇ ‘ਚੋਂ ਮਿਲੀ ਧਾਰਮਿਕ ਗੁੜ੍ਹਤੀ ਦਾ ਹਵਾਲਾ ਦੇ ਕੇ ਸੀਤਲ ਨੇ ਕਿਹਾ ਕਿ ਨਾਟਕ ਮੰਡਲੀ ਨਹੀਂ, ਆਪਾਂ ਇੱਕ ਢਾਡੀ ਜਥਾ ਬਣਾ ਲੈਂਦੇ ਆਂ। ਔਖਾ ਕੰਮ ਹੋਣ ਦੇ ਬਾਵਜੂਦ ਸੀਤਲ ਦਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਤੇ ਉਨ੍ਹਾਂ ਕਲਿਆਣੀ ਦੇ ਭਰਾਈ ਚਿਰਾਗਦੀਨ ਨੂੰ ਆਪਣਾ ਉਸਤਾਦ ਧਾਰ ਕੇ ਢਾਡੀ ਜਥਾ ਬਣਾ ਲਿਆ। ਸੋਹਣ ਸਿੰਘ ਘੁਕੇਵਾਲੀਏ ਦੇ ਲਿਖੇ ਪ੍ਰਸੰਗ ਯਾਦ ਕਰਕੇ ਸੀਤਲ ਨੇ 1935 ਦੇ ਕਰੀਬ ਪਹਿਲਾ ਦੀਵਾਨ ਕਸੂਰ ਕੀਤਾ। ਉਹਦੇ ਨਾਲ ਢੱਡ ‘ਤੇ ਗੁਰਚਰਨ ਸਿੰਘ ਆਇਆ ਅਤੇ ਉਸਤਾਦ ਚਿਰਾਗਦੀਨ ਨੇ ਆਪ ਸਾਰੰਗੀ ਵਜਾਈ ਉਨ੍ਹਾਂ ਨਾਲ, ਤੇ ਫਿਰ ਵਾਹ ਵਾਹ ਹੋਈ ਤਾਂ ਹਰ ਮੱਸਿਆ ‘ਤੇ ਤਰਨਤਾਰਨ ਜਾਣਾ ਸ਼ੁਰੂ ਕਰ ਦਿੱਤਾ। ਸੀਤਲ ਆਪ ਪ੍ਰਸੰਗ ਲਿਖਣ ਲੱਗ ਪਿਆ ਤੇ ਇਉਂ ਸਿੱਖ ਇਤਿਹਾਸ ਦੀ ਢਾਡੀ ਕਲਾ ਵਿਚ ਰੰਗਦਾਰ ਪੰਨਾ ਜੁੜ ਗਿਆ।
ਸਾਲ 1987 ਦੇ ਅਕਤੂਬਰ ਮਹੀਨੇ ਵਿਚ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਮੈਂ ਪਹਿਲੀ ਵਾਰ ਢਾਡੀ ਸੋਹਣ ਸਿੰਘ ਸੀਤਲ ਦੇ ਜਦੋਂ ਲੁਧਿਆਣੇ ਉਹਦੇ ਮਾਡਲ ਗ੍ਰਾਮ ਵਿਚਲੇ ‘ਸੀਤਲ ਭਵਨ’ ‘ਚ ਦਰਸ਼ਨ ਕੀਤੇ ਤਾਂ ਢਾਡੀ ਕਲਾ ਨਾਲ ਜੁੜਵੀਂ ਜ਼ਿੰਦਗੀ ਦੀ ਇੱਕ ਸਾਂਝ ਉਹਨੇ ਸੁਣਾਈ ਤਾਂ ਸਹਿਜ ਸੁਭਾਅ ਸੀ ਪਰ ਮੇਰੇ ਦਿਲ ‘ਚ ਉਕਰੀ ਗਈ। ਉਹਨੇ ਦੱਸਿਆ ਕਿ ਗਾਹੇ-ਬਗਾਹੇ ਢਾਡੀ ਤੇ ਸਾਹਿਤਕਾਰ ਉਹਦੇ ਤੋਂ ਅਗਵਾਈ ਲੀਹਾਂ ਲੈਣ ਲਈ ਆਉਂਦੇ ਰਹਿੰਦੇ ਹਨ ਪਰ ਜਦੋਂ ਉਹ ਆਪ ਉਠਿਆ ਸੀ ਤਾਂ ਇਸ ਕਲਾ ਦੇ ਦਾਅ ਪੇਚ ਸਿਖਾਉਣ ਵਾਲਾ ਕੋਈ ਗੁਣੀ ਗਿਆਨੀ ਨਹੀਂ ਟੱਕਰਦਾ ਸੀ। ਹਠ ਤੇ ਸਿਰੜ ਰੱਖਿਆ, ਲਗਨ ਨਾਲ ਹਰ ਪੈਰ ਪੁੱਟਿਆ ਤੇ ਸਵੈ-ਭਰੋਸੇ ਨਾਲ ਸਫਲਤਾ ਦੇ ਹਰ ਬੂਹੇ ਦੀ ਸਰਦਲ ਲੰਘੀ।
ਸੀਤਲ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਇੱਕ ਵਾਰ ਰੱਤੋਕੇ ਵਿਚ ਭਾਈ ਵੀਰ ਸਿੰਘ ਦੇ ਮੇਲੇ ‘ਤੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਨਿਵ ਕੇ ਪੁੱਛਿਆ, ਭਾਈ ਅਸੀਂ ਕਿੰਨਾ ਕੁ ਵਕਤ ਲਾਉਣਾ ਏ? ਜੁਆਬ ਮਿਲਿਆ, ‘ਸ਼ੁਰੂ ਕਰ ਤਾਂ ਸਹੀ ਮੁੰਡਿਆ, ਸੌਦਾ ਵਿਕਦਾ ਏ, ਵੇਖ ਕੇ ਗੱਲ ਕਰਾਂਗੇ।’ ਤੇ ਮੰਗਲਾਚਰਨ ਦੀ ਤਰਜ ‘ਤੇ ਉਹਦੇ ਜਥੇ ਨੇ ਉਹ ਰੰਗ ਬੰਨ੍ਹਿਆ ਕਿ ਨਾ ਸਿਰਫ ਖੁੱਲ੍ਹਾ ਸਮਾਂ ਮਿਲਿਆ ਸਗੋਂ ਅਗਲੇ ਮੇਲਿਆਂ ਦੀ ਗੱਲ ਵੀ ਪੱਕੀ ਹੋਈ। ਵਾਹਿਗਰੂ ਦੀ ਕ੍ਰਿਪਾ ਨਾਲ ਐਸੀ ਗੱਲ ਬਣੀ ਕਿ ਸੇਰ ਪੱਕੇ ਬਦਾਮ ਤੇ ਦੁੱਧ ਦੀਆਂ ਬਾਲਟੀਆਂ ਪ੍ਰਬੰਧਕਾਂ ਨੇ ਮੂਹਰੇ ਲਿਆ ਧਰੀਆਂ।
ਕਿਹਾ ਤਾਂ ਇਹ ਜਾਂਦੈ ਕਿ ਰੱਬ ਕਰਕੇ ਜੱਟ ਦੇ ‘ਕੱਲਾ ਪੁੱਤ ਨਾ ਜੰਮੇ ਪਰ ਸੀਤਲ ਕਹਿੰਦਾ ਹੁੰਦਾ ਸੀ ਕਿ ਇਹ ਗੱਲ ਸਹੀ ਨਹੀਂ, ਵਾਹਿਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਜੱਟ ਨੂੰ ਇਹ ਮੰਨਣੀ ਚਾਹੀਦੀ ਹੈ ਕਿ ਜੱਟ ਦਾ ਪੁੱਤ ਕਿਤੇ ਦਾਰੂ ਅਤੇ ਨਸ਼ਿਆਂ ਤੋਂ ਰਹਿਤ ਹੋਵੇ। ਉਹਦਾ ਤਾਇਆ ਕੋਠੇ ਜਿੱਡਾ ਜੁਆਨ ਸੀ, ਮਾਰ ਲਿਆ ਸੁੱਖੇ ਦੇ ਛੰਨ੍ਹਿਆਂ ਨੇ, ਤੇ ਬਾਪੂ ਨੂੰ ਵੀ ਕੁਝ ਉਮਰ ਹੋਰ ਵੀ ਸਾਥ ਦੇ ਸਕਦੀ ਸੀ। ਸੀਤਲ ਦੱਸਦਾ ਹੁੰਦਾ ਸੀ ਕਿ ਇੱਕ ਵਾਰ ਮੈਂ ਤਾਏ ਦੇ ਸੁੱਖੇ ਵਾਲੇ ਛੰਨੇ ‘ਚੋਂ ਭਰਿਆ ਤਾਂ ਇੱਕ ਘੁੱਟ ਸੀ ਪਰ ਸੁਰਤ ਦੋ ਦਿਨ ਨਾ ਆਈ। ਉਹ ਦਿਨ ਗਿਆ, ਉਹਨੇ ਕਦੇ ਵੀ ਲਿਖਣ-ਪੜ੍ਹਨ ਤੇ ਢਾਡੀ ਰਾਗ ਤੋਂ ਮੂੰਹ ਘੁਮਾ ਹੀ ਨਹੀਂ ਦੇਖਿਆ।
ਆਪਣੀ ਜ਼ਿੰਦਗੀ ਦੀ ਇੱਕ ਹੋਰ ਗੱਲ ਉਹ ਬਹੁਤ ਚਟਕਾਰੇ ਲਾ ਕੇ ਦੱਸਦਾ ਹੁੰਦਾ ਸੀ ਕਿ ਇੱਕ ਵਾਰੀ ਉਹ ਖੁਰਲੀ ‘ਚ ਪੱਠੇ ਪਾਉਣ ਗਿਆ ਤਾਂ ਝੋਟੇ ਨੇ ਬਾਹਰਲੀ ਹੱਡੀ ‘ਤੇ ਸਿੰਗ ਮਾਰਿਆ, ਡੇਲਾ ਤਾਂ ਬਚ ਗਿਆ ਪਰ ਜਦੋਂ ਕਈ ਦਿਨ ਅੱਖ ਹੀ ਨਾ ਖੁੱਲ੍ਹੀ ਤਾਂ ਬੇਬੇ ਨੇ ਕਿਹਾ ਕਰਨਾ, “ਸੱਚਿਆ ਪਾਤਸ਼ਾਹਾ ਕਰ ਮਿਹਰ ਜੇ ਕਿਤੇ ਉਹੀ ਗੱਲ ਹੋ ਗਈ ਤਾਂ ਕਿਸੇ ਨੇ ਅੰਨ੍ਹਾ ਤੇ ਕਿਸੇ ਨੇ ਕਾਣਾ, ਤੇ ਨਿਹੰਗ ਸਿੰਘਾਂ ਨੇ ਆਪਣੀ ਬੋਲੀ ‘ਚ ‘ਸਵਾ ਲੱਖ ਨੇਤਰਾਂ ਸਿਹੁੰ’ ਕਿਹਾ ਕਰਨਾ।”
ਪੱਖਪਾਤੀ ਗੱਲ ਨਹੀਂ ਸਗੋਂ ਸੱਚ ਹੈ ਕਿ ਸੋਹਣ ਸਿੰਘ ਸੀਤਲ ਵੀਹਵੀਂ ਸਦੀ ਦਾ ਸਭ ਤੋਂ ਮਹਾਨ ਢਾਡੀ ਸੀ ਤੇ ਉਹਨੇ ਕਰੀਬ ਛੇ ਦਹਾਕਿਆਂ ਤੱਕ ਸਿੱਖ ਸੰਗਤਾਂ ਨੂੰ ਨਾਲ ਜੋੜੀ ਰੱਖਿਆ ਅਤੇ ਸਿੱਖ ਇਤਿਹਾਸ ਤੇ ਸਮਕਾਲੀ ਘਟਨਾਵਾਂ ਬਾਰੇ ਕਾਵਿ ਰਚਨਾ ਜ਼ਰੀਏ ਕਮਾਲ ਦੀ ਪੇਸ਼ਕਾਰੀ ਕੀਤੀ। ਉਹ ਨਾ ਸਿਰਫ ਪੰਜਾਬੀ ਦਾ ਸਗੋਂ ਅੰਗਰੇਜ਼ੀ, ਹਿੰਦੀ, ਉਰਦੂ ਤੇ ਫਾਰਸੀ ਦਾ ਵੀ ਵਿਦਵਾਨ ਸੀ। ਉਹਨੂੰ ਸਮੁੱਚਾ ਸਿੱਖ ਜਗਤ ਕਮਾਲ ਦਾ ਵਿਆਖਿਆਕਾਰ ਤੇ ਸਟੇਜ ਦਾ ਧਨੀ ਮੰਨਦਾ ਹੈ। ਉਹਨੇ ਜਨਮ ਸਾਖੀਆਂ, ਗੁਰਬਿਲਾਸ, ਸੂਰਜ ਪ੍ਰਕਾਸ਼, ਬੰਸਾਵਲੀਨਾਮਾ ਤੇ ਮਹਿਰਾ ਪ੍ਰਕਾਸ਼ ਆਦਿ ਸ੍ਰੋਤ ਗ੍ਰੰਥਾਂ ਨੂੰ ਆਧਾਰ ਬਣਾਇਆ। ਸੀਤਲ ਦਾ ਘੇਰਾ ਬਹੁਤ ਵਿਸ਼ਾਲ ਸੀ, ਉਹਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤੱਕ ਆਪਣੀਆਂ ਲਿਖਤਾਂ ਦੇ ਵਿਸ਼ੇ ਵਿਸਥਾਰ ਵਿਚ ਨਿਭਾਏ। ਨਨਕਾਣਾ ਸਾਹਿਬ ਦੇ ਸਾਕੇ ਤੋਂ ਲੈ ਕੇ ਹਿੰਦ-ਚੀਨ ਜੰਗ ਦਾ ਜ਼ਿਕਰ ਸਿਰਫ ਸੀਤਲ ਦੀਆਂ ਲਿਖਤਾਂ ‘ਚੋਂ ਹੀ ਮਿਲ ਸਕਦਾ ਹੈ। ਉਹਦੀਆਂ ਰਚਨਾਵਾਂ ਵਿਚ ਬੀਰ ਰਸ ਤੇ ਕਰੁਣਾ ਰਸ ਦੀ ਪ੍ਰਸੰਨਤਾ ਰਹੀ ਹੈ, ਜਦਕਿ ਪੂਰਵ ਵਿਚ ਸਿਰਫ ਬੀਰ ਰਸ ਪ੍ਰਧਾਨ ਰਚਨਾਵਾਂ ਦਾ ਗਾਇਨ ਹੀ ਹੁੰਦਾ ਸੀ। ਸੀਤਲ ਨੇ ਰਾਗਾਂ, ਪੁਰਾਤਨ ਵਾਰਾਂ ਦੀਆਂ ਧੁਨਾਂ, ਪਉੜੀਆਂ, ਨਿਸ਼ਾਨੀ ਛੰਦ, ਸਾਕਾ ਪੂਰਨ, ਮਿਰਜ਼ਾ, ਰਾਜਾ ਰਸਾਲੂ ਆਦਿ ਧੁਨਾਂ ‘ਤੇ ਕਾਵਿ ਰਚਨਾ ਕਰਕੇ ਲੋਕ ਮਾਨਸ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਵੱਈਏ, ਕਬਿੱਤ, ਡਿਊਢ, ਕਰੋੜਾ, ਟੱਪਾ ਤੇ ਬੈਂਤ ਸੀਤਲ ਦੀ ਰਚਨਾ ਸ਼ੈਲੀ ਉਤੇ ਭਾਰੂ ਹਨ। ਉਹਦੇ ‘ਗੱਡੀ’ ਨਾਮਕ ਸ਼ਬਦ ਦਾ ਇੱਕ ਰੂਪ ਦੇਖੋ:
ਗੱਡੀ ਭਰ ਕੇ ਸਪੈਸ਼ਲ ਤੋਰੀ
ਅੰਮ੍ਰਿਤਸਰ ਸ਼ਹਿਰ ਦੇ ਵਿਚੋਂ।
ਜਿਹਦੇ ਵਿਚ ਸੀ ਪੈਨਸ਼ਨੀ ਕੈਦੀ
ਕੈਦ ਕੀਤੇ ਗੁਰੂ ਬਾਗ ਤੋਂ।
ਢਾਡੀ ਸੀਤਲ ਦੀ ਲਿਖਣ ਸ਼ੈਲੀ ਦਾ ਆਪਣਾ ਇੱਕ ਵੱਖਰਾ ਸੁਹਜ ਤੇ ਅਨੰਦ ਹੈ। ਕਰੁਣਾ ਰਸ ਵਿਚ ਇੱਕ ਥਾਂ ਉਸ ਦਾ ਕਮਾਲ ਦੇਖੋ:
ਸੂਲੀ ਚੜ੍ਹ ਮਨਸੂਰ ਪੁਕਾਰੇ
ਇਉਂ ਦਿਲਦਾਰ ਮਨਾਈਦਾ।
ਆਰੇ ਦੇ ਨਾਲ ਚੀਰ ਜ਼ਕਰੀਆ
ਜਦ ਦੋ ਫਾੜ ਕੀਤੇ ਨੇ,
ਹਰ ਹਿੱਸੇ ‘ਚੋਂ ਇਹ ਸੱਦ ਆਵੇ
ਮਰ ਕੇ ਪਿਆਰਾ ਪਾਈਦਾ।
ਕੰਨ ਪੜਵਾਏ ਮੁੰਦਰਾਂ ਪਾਈਆਂ
ਛੱਡ ਕੇ ਤਖਤ ਹਜ਼ਾਰੇ ਨੂੰ,
ਯਾਰ ਪਿੱਛੇ ਦੁਸ਼ਮਣ ਦੇ ਬੂਹੇ
ਮੁੜ ਮੁੜ ਅਲਖ ਜਗਾਈਦਾ।
ਸਿੱਖ ਰਾਜ ਕਿਵੇਂ ਗਿਆ? ਦੀ ਗੱਲ ਕਰਨ ਵਾਲਾ ਸੀਤਲ ਮੌਜੂਦਾ ਰਾਜਨੀਤੀ ਉਤੇ ਟਕੋਰਾਂ ਵੀ ਕਰਦਾ ਰਿਹਾ:
ਹਾਕਮ ਥਾਪੇ ਸੀ ਪਰਜਾ ਪਾਲਣ ਵਾਸਤੇ
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਸੀਤਲ ਨੇ ਆਪਣਾ ਸਾਹਿਤਕ ਸਫਰ ਨਿੱਕੀ ਕਹਾਣੀ ਤੇ ਕਵਿਤਾ ਤੋਂ ਸ਼ੁਰੂ ਕੀਤਾ ਸੀ। 1933 ਦੇ ਕਰੀਬ ਉਹਨੇ ਪਹਿਲਾ ਨਾਵਲ ‘ਸ਼ਾਮ ਦੀ ਵਿਸਾਖੀ’ ਅੱਸੀ ਕੁ ਸਫਿਆਂ ਦਾ ਲਿਖਿਆ ਸੀ। ਉਹਨੇ ਗੀਤ ਵੀ ਲਿਖੇ ਹਨ, ‘ਭਾਬੀ ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸੱਪਣੀ ਦਾ ਆਵੇ’ ਨਾਲ ਉਹਦੀ ਨੁਕਤਾਚੀਨੀ ਵੀ ਹੋਈ, ਨਾਰਾਜ਼ਗੀ ਉਠੀ ਤੇ ਉਹ ਇੱਥੋਂ ਹੱਥ ਖੜ੍ਹੇ ਕਰ ਗਿਆ। ਪਹਿਲੀਆਂ ਕਹਾਣੀਆਂ ‘ਪ੍ਰੀਤਮ’ ਤੇ ‘ਫੁਲਵਾੜੀ’ ਮਾਸਿਕ ਪੱਤਰਾਂ ‘ਚ ਛਪੀਆਂ। ਉਹਦੀਆਂ 24 ਕਹਾਣੀਆਂ, 75 ਢਾਡੀ ਵਾਰਾਂ ਦੀਆਂ ਪੁਸਤਕਾਂ, ‘ਸੀਤਲ ਕਿਰਣਾਂ ਤੋਂ ਸੀਤਲ ਸੰਗਤਾਂ ਤੱਕ’ ‘ਚ ਮੁਕੰਮਲ ਪ੍ਰਸੰਗ, 17 ਨਾਵਲ, ਦੋ ਇਤਿਹਾਸਕ ਨਾਵਲ ‘ਇਤਿਹਾਸ ਬਾਰੇ ਵੇਖੀ ਮਾਣੀ ਦੁਨੀਆਂ’ ਤੱਕ 16 ਕਿਤਾਬਾਂ ਅਤੇ 11 ਪੁਸਤਕਾਂ ਕਵਿਤਾਵਾਂ ਦੀਆਂ ਛਪੀਆਂ ਹਨ। ਦੋ ਨਾਵਲ ਉਹ ਅਧੂਰੇ ਛੱਡ ਗਿਆ। ਉਹਨੇ ਗਿਆਨੀ ਕੀਤੀ ਸੀ, ਬੀ. ਏ. ਨਹੀਂ ਹੋਈ ਪਰ ਉਹਦੀਆਂ ਪੁਸਤਕਾਂ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਲੱਗੀਆਂ।
ਉਹ ਦੱਸਦਾ ਹੁੰਦਾ ਸੀ ਕਿ ਜਦੋਂ ਲੋਕ ਆਂਹਦੇ ਸਨ ‘ਅਹੁ ਜਾਂਦਾ ਸੀਤਲ’ ਤਾਂ ਸਮਝੋ ਉਮਰ ਚਾਰ ਵਰ੍ਹੇ ਵਧ ਜਾਂਦੀ ਸੀ। ਉਹਨੇ ਇੱਕ ਢਾਡੀ ਦੀ ਹੈਸੀਅਤ ਵਿਚ ਦੁਨੀਆਂ ਦਾ ਵੱਡਾ ਹਿੱਸਾ ਵੇਖਿਆ। ਸ਼ੁਰੂ ਸ਼ੁਰੂ ਵਿਚ ਉਹਨੇ ਗੁਰਚਰਨ ਸਿੰਘ ਨੂੰ ਸਾਰੰਗੀ ‘ਤੇ ਨਾਲ ਜੋੜਿਆ ਪਿੱਛੋਂ ਸੁਰਜਨ ਸਿੰਘ ਤੇ ਗੁਰਬਖਸ਼ ਸਿੰਘ ਨੇ ਉਹਦੇ ਨਾਲ ਸਾਰੰਗੀ ਵਜਾਈ। ਸੀਤਲ ਪਹਿਲਾਂ ਚਾਰ ਫੁੱਟੀ ਕਿਰਪਾਨ ਫੜ੍ਹ ਕੇ ਲੈਕਚਰ ਕਰਨ ਦੇ ਨਾਲ ਗਾਉਂਦਾ ਵੀ ਹੁੰਦਾ ਸੀ ਪਰ ਬਾਅਦ ਵਿਚ ਸਥਾਪਤ ਲੈਕਚਰਾਰਾਂ ਵਿਚ ਉਹਦਾ ਨਾਂ ਸ਼ੁਮਾਰ ਹੋ ਗਿਆ, ਤੇ ਅੱਜ ਢਾਡੀ ਜਥਿਆਂ ਵੱਲੋਂ ਸੀਤਲ ਦੇ ਲੈਕਚਰ ‘ਚੋਂ ਹਵਾਲੇ ਦਿੱਤੇ ਜਾਂਦੇ ਹਨ।
ਜੱਟ ਨੂੰ ਭਾਵੇਂ ਕਿੰਨਾ ਵੀ ਰੱਜਵਾਂ ਜੀਵਨ ਮਿਲ ਜਾਵੇ ਪਰ ਭੁੱਬਲ ਵਿਚ ਮੂੰਹ ਲਬੇੜਨਾ ਉਹਦੇ ਲਈ ਸਦੀਵੀਂ ਸੱਚ ਹੈ ਪਰ ਸੀਤਲ ਬਟਵਾਰੇ ਪਿੱਛੋਂ 68 ਵਿੱਘੇ ਅਲਾਟ ਹੋਈ ਜਮੀਨ ਵੇਚ ਕੇ ਲੁਧਿਆਣੇ ਹੀ ਪੱਕੇ ਤੌਰ ‘ਤੇ ਟਿਕ ਗਿਆ। ਪਹਿਲਾਂ ਪਹਿਲ ਉਹ ਵਿਆਹ ਸ਼ਾਦੀਆਂ ‘ਤੇ ਚਲਾ ਜਾਂਦਾ ਸੀ, ਇਸ ਕਰਕੇ ਕਿ ਜਾਂਜੀ-ਮੇਲੀ ਵਾਹਵਾ ਅਰਦਾਸ ਕਰ ਦਿੰਦੇ ਸਨ। ਇਕ ਵਾਰ ਵਿਆਹ ‘ਤੇ ਗਏ ਨੂੰ ‘ਲੈ ਤੁਰ ਚੱਲਿਆ ਰਾਂਝਾ ਚੂਚਕ ਦੀਏ ਜਾਈਏ’ ਹੀਰ ਸੁਣਾਉਣੀ ਪਈ ਤਾਂ ਉਹਨੇ ਆਪਣੇ ਆਪ ਨੂੰ ਗੁਰੂ ਘਰ ਦਾ ਤਾਬਿਆਦਾਰ ਮੰਨ ਕੇ ਵਿਆਹਾਂ ‘ਤੇ ਜਾਣਾ ਬੰਦ ਕਰ ਦਿੱਤਾ। ਅਮਰੀਕਾ, ਇੰਗਲੈਂਡ ਤੇ ਕੈਨੇਡਾ ਵਿਚ ਉਹ ਸੰਗਤਾਂ ਦੇ ਪਿਆਰ ਨਾਲ ਕਈ ਵਾਰ ਗਿਆ।
‘ਜੰਗ ਜਾਂ ਅਮਨ’ ਨਾਵਲ ਦੀ ਆਖਰੀ ਸਤਰ ਕਿ ਹੁਣ ਕੀ ਬਣੇਗਾ? ਤੇ ਕਿਰਪਾਲ ਕਿਹਦੀ ਬਣੇਗੀ? ਦੀ ਭਾਰੀ ਆਲੋਚਨਾ ਹੁੰਦੀ ਰਹੀ। ਸੀਤਲ ਦਾ ਮਤ ਸੀ ਕਿ ਸਮਾਜ ਕੋਲ ਕਈ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਹੈ ਹੀ ਨਹੀਂ। ਸੰਤ ਸਿੰਘ ਸੇਖੋਂ ਆਖਦਾ ਸੀ ਕਿ ਸੀਤਲ ‘ਯੁੱਗ ਬਦਲ ਗਿਆ ਹੈ’ ਨਾਲੋਂ ਫਾਰਮੂਲੇ ਤੋਂ ਹੱਟ ਕੇ ‘ਜੰਗ ਜਾਂ ਅਮਨ’ ਸਫਲ ਨਾਵਲ ਲਿਖ ਸਕਿਆ ਹੈ ਪਰ ਸੀਤਲ ਸਹਿਮਤ ਨਹੀਂ ਹੋਇਆ ਕਿਉਂਕਿ ਜ਼ਿੰਦਗੀ ਫਾਰਮੂਲਿਆਂ ‘ਚ ਨਹੀਂ ਬੱਝਦੀ। 23 ਸਤੰਬਰ 1998 ਨੂੰ ਢਾਡੀ ਜਗਤ ਦਾ ਇਹ ਧਰੂ ਤਾਰਾ ਸਦਾ ਲਈ ਟੁੱਟ ਗਿਆ।