ਇਨਸਾਨੀਅਤ ਦੇ ਕਦਰਦਾਨ ਭਾਈ ਕਾਨ੍ਹ ਸਿੰਘ

ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਇਕ ਵਿਦਵਾਨ, ਖਾਸ ਕਰਕੇ ‘ਮਹਾਨ ਕੋਸ਼’ ਦਾ ਰਚਨਾਕਾਰ ਹੋਣ ਤੋਂ ਇਲਾਵਾ ਚੜ੍ਹਦੀ ਉਮਰੇ ਭਾਈ ਕਾਨ੍ਹ ਸਿੰਘ ਦੀ ਸ਼ਖ਼ਸੀਅਤ ਦੀ ਜੋ ਬਹੁਤ ਡੂੰਘੀ ਛਾਪ ਮੇਰੇ ਮਨ ਉਤੇ ਲੱਗੀ, ਉਹ ਸੀ ਜਾਤਪਾਤ ਬਾਰੇ ਉਨ੍ਹਾਂ ਦੇ ਵਿਚਾਰ। ਇਥੇ ਇਹ ਗੱਲ ਚਿਤਾਰਨੀ ਠੀਕ ਰਹੇਗੀ ਕਿ ਉਸ ਸਮੇਂ ਜਾਤਪਾਤ ਸਮਾਜ ਦਾ ਇਕ ਪ੍ਰਵਾਨਤ ਸੱਚ ਸੀ। ਕਥਿਤ ਉਚੀਆਂ ਜਾਤਾਂ ਵੱਲੋਂ ਹੀ ਨਹੀਂ, ਅਜੇ ਸਮਾਜ ਦੇ ਪੀੜੇ-ਨਿਰਾਦਰੇ ਹਿੱਸਿਆਂ ਵੱਲੋਂ ਆਪ ਵੀ ਇਹਨੂੰ ਸਮਾਜਕ ਜੀਵਨ ਦਾ ਇਕ ਸਾਧਾਰਨ ਵਰਤਾਰਾ ਸਮਝਿਆ ਜਾਂਦਾ ਸੀ। ਇਹ ਗੱਲ ਸਹੀ ਹੈ ਕਿ ਪੰਜਾਬ ਵਿਚ ਸਿੱਖ ਗੁਰੂਆਂ ਦੀ ਸਿੱਖਿਆ ਦੇ ਪ੍ਰਭਾਵ ਕਾਰਨ ਛੂਤਛਾਤ ਓਨੀ ਭਿਆਨਕ ਨਹੀਂ ਸੀ ਜਿੰਨੀ ਬਾਕੀ ਭਾਰਤ ਵਿਚ ਸੀ, ਪਰ ਇਥੇ ਵੀ ਇਹਨੂੰ ਅਣਮਨੁੱਖੀ ਤੇ ਵਹਿਸ਼ੀ ਤੋਂ ਇਲਾਵਾ ਕੁਛ ਹੋਰ ਕਹਿਣਾ ਵਾਜਬ ਤੇ ਸੰਭਵ ਨਹੀਂ। ਸਮਾਜ ਉਤੇ ਮੰਨੂਵਾਦੀ ਪਕੜ-ਜਕੜ ਏਨੀ ਮਜ਼ਬੂਤ ਸੀ ਕਿ ਸਿੱਖੀ ਦੇ ਛੋਟੇ ਜਿਹੇ ਇਤਿਹਾਸ ਵਿਚ ਹੀ ਇਕੋ ਖੰਡੇ-ਬਾਟੇ ਦੇ ਅੰਮ੍ਰਿਤ ਵਾਲੀ ਸੋਚ ਪਿੱਛੇ ਰਹਿ ਕੇ ਮਜ੍ਹæਬੀ ਸਿੱਖ, ਰਵਿਦਾਸੀਏ ਸਿੱਖ ਜਿਹੇ ਕਥਨ ਪ੍ਰਚਲਿਤ ਹੋ ਗਏ ਸਨ। ਪ੍ਰਚਲਿਤ ਹੀ ਨਹੀਂ ਸਨ ਹੋਏ ਸਗੋਂ ਪ੍ਰਵਾਨ ਵੀ ਹੋ ਚੁੱਕੇ ਸਨ ਅਤੇ ਲਗਾਤਾਰ ਮਜ਼ਬੂਤੀ ਫੜ ਰਹੇ ਸਨ। ਉਸ ਮਾਹੌਲ ਵਿਚ ਸਾਡੇ ਪਿੰਡ ਵਿਚ ਇਕ ਘਟਨਾ ਅਜਿਹੀ ਵਾਪਰੀ ਜੋ ਬਾਪੂ ਜੀ ਦੇ ਮੂੰਹੋਂ ਸੁਣ ਕੇ ਛੋਟੀ ਉਮਰੇ ਵੀ ਅਲੋਕਾਰ ਤਾਂ ਲੱਗੀ ਪਰ ਜਿਸ ਦਾ ਅਸਲ ਮਹੱਤਵ ਅੱਗੇ ਚੱਲ ਕੇ ਸਮਾਜਕ-ਰਾਜਨੀਤਕ ਸੋਝੀ ਆਈ ਤੋਂ ਸਮਝ ਆਇਆ। ਬਾਪੂ ਜੀ ਆਖਦੇ, ਇਹ ਭਾਈ ਸਾਹਿਬ ਦੇ ਵਿਦਵਾਨ, ਲੇਖਕ ਤੇ ਸਿੱਖੀ ਦੀ ਅਸਲ ਭਾਵਨਾ ਨੂੰ ਸਮਝਣ ਵਾਲਾ ਹੋਣ ਕਾਰਨ ਸੀ ਕਿ ਉਹ ਜਾਤ-ਪਾਤ ਜਿਹੀਆਂ ਸੌੜੀਆਂ ਵਲਗਣਾਂ ਤੋਂ ਉਚੇ ਉਠ ਸਕੇ।
ਭਾਈ ਕਾਨ੍ਹ ਸਿੰਘ ਬਾਰੇ ਬਹੁਤ ਕੁਛ ਪੜ੍ਹਦਿਆਂ ਅਜਿਹੀ ਕੋਈ ਗੱਲ, ਕੋਈ ਘਟਨਾ ਮੇਰੀ ਜਾਣਕਾਰੀ ਵਿਚ ਨਹੀਂ ਆਈ ਜਿਸ ਤੋਂ ਜਾਤ-ਪਾਤ ਸਬੰਧੀ ਉਨ੍ਹਾਂ ਦੇ ਵਿਚਾਰ ਸਪਸ਼ਟਤਾ ਨਾਲ ਸਾਡੇ ਸਾਹਮਣੇ ਆਉਂਦੇ ਹੋਣ। ਇਸ ਨਜ਼ਰੀਏ ਤੋਂ ਇਹ ਘਟਨਾ ਅਹਿਮ ਤਾਂ ਹੈ ਹੀ, ਦਿਲਚਸਪ ਵੀ ਬਹੁਤ ਹੈ। ਸਾਡੇ ਪਿੰਡ ਇੰਦਰ ਸਿੰਘ ਢਿੱਲੋਂ ਨਾਂ ਦੇ ਇਕ ਵਿਅਕਤੀ ਸਨ। ਉਹ ਦੂਰੋਂ-ਨੇੜਿਉਂ ਭਾਈ ਕਾਨ੍ਹ ਸਿੰਘ ਦੇ ਵਡੇਰੇ ਪਰਿਵਾਰ ਵਿਚੋਂ ਹੀ ਸਨ। ਉਹ ਭਾਈ ਸਾਹਿਬ ਨਾਲੋਂ ਕਾਫ਼ੀ ਛੋਟੇ ਵੀ ਸਨ ਅਤੇ ਉਨ੍ਹਾਂ ਨੇ ਉਮਰ ਵੀ ਲੰਮੀ ਭੋਗੀ, ਇਸ ਕਰਕੇ ਉਹ ਕਿਤੇ ਪਿਛਲੀ ਸਦੀ ਦੇ ਸੱਤਰਵਿਆਂ ਵਿਚ ਜਾ ਕੇ ਪੂਰੇ ਹੋਏ। ਸਾਡੇ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਵਾਸਤਾ ਰਿਹਾ ਅਤੇ ਇਕ ਵਾਰ ਉਹ ਮੇਰੇ ਕੋਲ ਦਿੱਲੀ ਵੀ ਆਏ। ਮੈਂ ਉਨ੍ਹਾਂ ਨੂੰ ਤਾਇਆ ਜੀ ਕਿਹਾ ਕਰਦਾ ਸੀ। ਇਸ ਲੰਮੇ ਵਾਹ ਵਿਚੋਂ ਹੀ ਮੇਰੀ ਕਹਾਣੀ ‘ਕਸਤੂਰੀ ਵਾਲਾ ਮਿਰਗ’ ਦਾ ਜਨਮ ਹੋਇਆ। ਇਹ ਮੇਰੀਆਂ ਉਨ੍ਹਾਂ ਇੱਕਾ-ਦੁੱਕਾ ਕਹਾਣੀਆਂ ਵਿਚੋਂ ਹੈ ਜਿਨ੍ਹਾਂ ਵਿਚ ਮੈਨੂੰ ਕਲਪਨਾ ਦਾ ਰਲਾ ਪਾਉਣਾ ਹੀ ਨਹੀਂ ਪਿਆ, ਭਾਵ ਜੀਵਨ ਵਿਚੋਂ ਉਹ ਮੈਨੂੰ ਪੱਕੀਆਂ-ਪਕਾਈਆਂ ਮਿਲ ਗਈਆਂ ਅਤੇ ਮੈਂ ਕਾਗ਼ਜ਼ ਉਤੇ ਉਤਾਰ ਦਿੱਤੀਆਂ। ਇਸ ਕਹਾਣੀ ਦੇ ਸਰਦਾਰ ਉਤਮ ਸਿੰਘ ਸੰਧੂ ਅਸਲੀ ਜੀਵਨ ਵਿਚ ਤਾਇਆ ਇੰਦਰ ਸਿੰਘ ਢਿੱਲੋਂ ਹੀ ਸਨ।
ਉਹ ਉਰਦੂ ਪੜ੍ਹੇ ਹੋਏ ਸਨ। ਉਨ੍ਹਾਂ ਦਾ ਬਾਣਾ ਕਾਫ਼ੀ ਨਿਵੇਕਲਾ ਸੀ। ਉਹ ਕਫ਼ਾਂ ਵਾਲੇ ਕੁਛ ਕੁਛ ਲੰਮੇ ਕਮੀਜ਼ ਨਾਲ ਸਫ਼ੈਦ ਪੋਠੋਹਾਰੀ ਸਲਵਾਰ ਪਹਿਨਦੇ, ਜਿਸ ਦਾ ਸਾਡੇ ਇਲਾਕੇ ਵਿਚ ਰਿਵਾਜ ਨਹੀਂ ਸੀ। ਹੱਥ ਵਿਚ ਉਹ ਖ਼ੂਬਸੂਰਤ ਖੂੰਡੀ ਰਖਦੇ ਜੋ ਲੋੜ ਨਾਲੋਂ ਬਹੁਤੀ ਆਦਤ ਜਾਂ ਸ਼ੁਕੀਨੀ ਸੀ। ਪਿੰਡ ਵਾਲੀ ਜ਼ਮੀਨ ਤੋਂ ਇਲਾਵਾ ਉਨ੍ਹਾਂ ਦੇ ਬਹਾਵਲਪੁਰ ਵਿਚ ਵੀ ਮੁਰੱਬੇ ਸਨ। ਉਥੇ ਉਨ੍ਹਾਂ ਦੇ ਮੁਰੱਬਿਆਂ ਦੇ ਗੁਆਂਢੀ ਚੰਗੇ ਵੱਡੇ ਮੁਸਲਮਾਨ ਜ਼ਿੰਮੀਦਾਰ ਸਨ ਜਿਨ੍ਹਾਂ ਨਾਲ ਉਨ੍ਹਾਂ ਦਾ ਵਧੀਆ ਸਨੇਹ ਤੇ ਵਰਤ-ਵਰਤਾਵਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਨ੍ਹਾਂ ਦੀ ਸੂਖ਼ਮ ਜਿਹੀ ਉਰਦੂਨੁਮਾ ਬੋਲਬਾਣੀ ਅਤੇ ਉਦਾਰ ਵਰਤੋਂ-ਵਿਹਾਰ ਵਿਚ ਇਕ ਖਾਸ ਸਲੀਕਾ ਤੇ ਸੁਚੱਜ ਸੀ। ਉਨ੍ਹਾਂ ਦੇ ਨਾਂ ਨਾਲ ਦੋ ਗੱਲਾਂ ਅਜਿਹੀਆਂ ਜੁੜੀਆਂ ਹੋਈਆਂ ਸਨ ਜੋ ਪਿੰਡ ਵਾਸੀਆਂ ਦੀ ਨਜ਼ਰ ਵਿਚ ਉਨ੍ਹਾਂ ਨੂੰ ਸਾਧਾਰਨ ਮਨੁੱਖ ਦੀ ਥਾਂ ਅਜੀਬ ਪ੍ਰਾਣੀ ਬਣਾਉਂਦੀਆਂ ਸਨ। ਪਹਿਲੀ ਕਿ ਉਨ੍ਹਾਂ ਨੇ “ਗਾਂ ਦਾ ਮਾਸ ਖਾਧਾ ਹੋਇਆ ਹੈ” ਤੇ ਦੂਜੀ, ਉਨ੍ਹਾਂ ਨੇ “ਚਮਿਆਰਾਂ ਦੇ ਘਰੋਂ ਦੁੱਧ ਪੀਤਾ ਹੋਇਆ ਹੈ!” ਬਾਪੂ ਜੀ ਨੂੰ ਗਾਂ ਦੇ ਮਾਸ ਵਾਲੀ ਘਟਨਾ ਦਾ ਵਿਸਤਾਰ ਪਤਾ ਨਹੀਂ ਸੀ। ਸ਼ਾਇਦ ਉਨ੍ਹਾਂ ਨੇ ਨਾਜ਼ਕ ਵਿਸ਼ਾ ਹੋਣ ਕਰਕੇ ਇਸ ਬਾਰੇ ਕਦੀ ਤਾਇਆ ਜੀ ਨਾਲ ਗੱਲ ਵੀ ਨਹੀਂ ਸੀ ਕੀਤੀ। ਹਾਂ, ਦੁੱਧ ਵਾਲੀ ਘਟਨਾ ਪਿੰਡ ਵਿਚ ਪਰਤੱਖ ਵਾਪਰੀ ਹੋਣ ਕਰਕੇ ਮੈਂ ਬਾਪੂ ਜੀ ਦੇ ਮੂੰਹੋਂ ਪੂਰੀ ਸੁਣੀ ਹੋਈ ਸੀ। ਮਗਰੋਂ ਮੇਰੀ ਕਹਾਣੀ ਵਿਚ ਹੋਏ ਜ਼ਿਕਰ ਵਾਂਗ ਜਦੋਂ ਤਾਇਆ ਜੀ ਇੰਦਰ ਸਿੰਘ ਮੇਰੇ ਕੋਲ ਦਿੱਲੀ ਠਹਿਰੇ, ਮੈਂ ਉਨ੍ਹਾਂ ਨੂੰ ਦੋਵੇਂ ਵਰਜਨਾਂ ਤੋੜਨ ਬਾਰੇ ਪੁੱਛ ਹੀ ਲਿਆ। ਉਹ ਨਿਝੱਕ ਬੋਲੇ, ਹਾਂ ਬੇਟਾ, ਮੈਂ ਗਾਂ ਦਾ ਮਾਸ ਵੀ ਖਾਧਾ ਤੇ ਸੀਰੀ ਦੇ ਘਰੋਂ ਦੁੱਧ ਵੀ ਪੀਤਾ! ਤੇ ਉਨ੍ਹਾਂ ਨੇ ਦੋਵੇਂ ਘਟਨਾਵਾਂ ਪੂਰੇ ਵਿਸਤਾਰ ਵਿਚ ਸੁਣਾਈਆਂ।
ਗਾਂ ਦੇ ਮਾਸ ਵਾਲੀ ਗੱਲ ਸਾਡੇ ਇਸ ਲੇਖ ਲਈ ਪ੍ਰਸੰਗਕ ਨਾ ਹੋਣ ਕਰਕੇ, ਬੜੀ ਦਿਲਚਸਪ ਹੋਣ ਦੇ ਬਾਵਜੂਦ, ਇਥੇ ਹੀ ਛਡਦਿਆਂ ਅਸੀਂ ਦੁੱਧ ਵਾਲੀ ਘਟਨਾ ਲੈਂਦੇ ਹਾਂ ਕਿਉਂਕਿ ਤਾਇਆ ਜੀ ਇੰਦਰ ਸਿੰਘ ਤੋਂ ਇਲਾਵਾ ਇਸ ਦੇ ਦੂਜੇ ਵੱਡੇ ਪਾਤਰ ਭਾਈ ਕਾਨ੍ਹ ਸਿੰਘ ਸਨ। ਇਹ ਉਸੇ ਰੂਪ ਵਿਚ ਹੈ ਜਿਸ ਵਿਚ ਮੈਨੂੰ ਬਾਪੂ ਜੀ ਨੇ ਸੁਣਾਈ ਅਤੇ ਮਗਰੋਂ ਤਾਇਆ ਜੀ ਨੇ ਦੁਹਰਾਈ। ਸਾਡੀ ਨਾਭਾ ਰਿਆਸਤ ਵਿਚ ਮਜ਼੍ਹਬੀਆਂ ਤੇ ਰਵਿਦਾਸੀਆਂ ਦੇ ਵਿਹੜੇ ਫਿਰਨੀ ਤੋਂ ਬਾਹਰ ਹੁੰਦੇ ਸਨ, ਭਾਵ ਉਨ੍ਹਾਂ ਨੂੰ ਫਿਰਨੀ ਦੇ ਅੰਦਰ ਪਿੰਡ ਵਿਚ ਵਸਣ ਦੀ ਆਗਿਆ ਨਹੀਂ ਸੀ। ਹੋਰ ਕੋਈ ਦਲਿਤ ਭਾਈਚਾਰਾ ਸਾਡੇ ਪਿੰਡ ਵਿਚ ਹੈ ਹੀ ਨਹੀਂ ਸੀ। ਜੇ ਕਿਸੇ ਪਿੰਡ ਵਾਲੇ ਨੇ ਕਿਸੇ ਮਜ਼੍ਹਬੀ-ਰਵਿਦਾਸੀਏ ਨੂੰ ਬੁਲਾਉਣਾ ਹੁੰਦਾ, ਉਹ ਵਿਹੜੇ ਦੇ ਬਾਹਰ ਖਲੋ ਜਾਂਦਾ ਅਤੇ ਕਿਸੇ ਅੰਦਰ ਜਾਣ ਵਾਲੇ ਨੂੰ ਆਖਦਾ,”ਓ ਬਈ, ਫਲਾਣੇ ਨੂੰ ਭੇਜੀਂ।”
ਇਕ ਦਿਨ ਤਾਇਆ ਇੰਦਰ ਸਿੰਘ ਦਾ ਰਵਿਦਾਸੀਆ ਸੀਰੀ ਪਹਿਲਾਂ ਦੱਸੇ ਬਿਨਾਂ ਕੰਮ ਉਤੇ ਨਾ ਆਇਆ। ਉਹ ਵਿਹੜੇ ਵੱਲ ਗਏ ਅਤੇ ਰੀਤ ਅਨੁਸਾਰ ਕਿਸੇ ਅੰਦਰ ਜਾਣ ਵਾਲੇ ਦੀ ਉਡੀਕ ਕੀਤੇ ਬਿਨਾਂ ਪੁਛਦੇ-ਪੁਛਾਉਂਦੇ ਸੀਰੀ ਦੇ ਘਰ ਜਾ ਪਹੁੰਚੇ। ਸੀਰੀ ਕਿਸੇ ਕੰਮ ਕਾਰਨ ਕੁਛ ਸਮੇਂ ਲਈ ਕਿਤੇ ਨੇੜੇ-ਤੇੜੇ ਹੀ ਗਿਆ ਹੋਇਆ ਸੀ। ਵਿਚਾਰੀ ਸੀਰਨ ਦਾ, ਅਚਾਨਕ ਆ ਬਣੀ ਇਸ ਅਜੀਬ ਸਥਿਤੀ ਕਾਰਨ, ਘਬਰਾਉਣਾ ਤੇ ਹੜਬੜਾਉਣਾ ਸੁਭਾਵਿਕ ਸੀ। ਉਹਨੇ ਹੱਥਾਂ ਵਿਚ ਚੁੰਨੀ ਦਾ ਲੜ ਫੜ ਕੇ ਤਾਇਆ ਜੀ ਦੇ ਪੈਰਾਂ ਤੋਂ ਦੋ ਕੁ ਗਿੱਠਾਂ ਦੂਰ ਧਰਤੀ ਛੂਹ ਕੇ ਪੈਰੀਂ-ਪੈਣਾ ਕੀਤਾ। ਫੇਰ ਕਦੇ ਉਹ ਪੀੜ੍ਹੀ ਨੂੰ ਹੱਥ ਪਾ ਲਵੇ, ਕਦੇ ਛੱਡ ਦੇਵੇ। ਕਦੇ ਮੰਜੇ ਵੱਲ ਅਹੁਲੇ, ਫੇਰ ਝਿਜਕ ਜਾਵੇ। ਉਹਨੂੰ ਸਮਝ ਨਹੀਂ ਸੀ ਆ ਰਹੀ, ਉਹ ਸਰਦਾਰ ਨੂੰ ਬੈਠਣ ਲਈ ਕਹੇ ਜਾਂ ਨਾ ਕਹੇ! ਏਨੇ ਚਿਰ ਨੂੰ ਕੰਧ ਨਾਲ ਖੜ੍ਹਾ ਮੰਜਾ ਸਿੱਧਾ ਕਰ ਕੇ ਤਾਇਆ ਜੀ ਬਿਰਾਜ ਚੁੱਕੇ ਸਨ। ਉਹ ਬੋਲੀ, ਬਾਬਾ ਜੀ, ਤੁਸੀਂ ਬੈਠੋ, ਮੈਂ ਕਿਸੇ ਘਰ ਆਖ ਕੇ ਦੇਖਦੀ ਆਂ ਜੇ ਜੱਟਾਂ ਦਾ ਕੋਈ ਮੁੰਡਾ ਦੁੱਧ ਲਿਆਉਣਾ ਮੰਨ ਜਾਵੇ। ਇਕ ਪਾਸੇ ਸਰਕੜਿਆਂ ਦੇ ਛਤੜੇ ਹੇਠ ਗਾਂ ਖਲੋਤੀ ਹੋਈ ਸੀ। ਉਹ ਹੱਸ ਕੇ ਬੋਲੇ, ਇਹ ਦਰਸ਼ਨ ਦੇਣ ਨੂੰ ਰੱਖੀ ਐ ਕਿ ਚਾਰ ਧਾਰਾਂ ਦੁੱਧ ਵੀ ਦਿੰਦੀ ਐ? ਉਸ ਤੋਂ ਦੁੱਧ ਦਿੰਦੀ ਸੁਣ ਕੇ ਕਹਿੰਦੇ, ਫੇਰ ਦੁੱਧ ਕਿਸੇ ਦੇ ਘਰੋਂ ਕਿਉਂ ਲਿਆਉਣਾ ਹੈ! ਉਹਨੇ ਸੰਗਦੀ-ਝਿਜਕਦੀ ਨੇ ਦੁੱਧ ਭਾਂਡੇ ਵਿਚ ਪਾ ਦਿੱਤਾ। ਤਾਇਆ ਇੰਦਰ ਸਿੰਘ ਨੇ ਦੁੱਧ ਛਕ ਕੇ ਖੜ੍ਹੇ ਹੁੰਦਿਆਂ ਉਹਨੂੰ ਸੌ ਸੌ ਅਸੀਸਾਂ ਦਿੱਤੀਆਂ ਅਤੇ ਬੋਲੇ, ਜਦੋਂ ਉਹ ਆਵੇ, ਕਹੀਂ ਇਧਰੋਂ ਵਿਹਲਾ ਹੋ ਕੇ ਕੰਮ ਉਤੇ ਆ ਜਾਵੇ।
ਘੜੀਆਂ-ਪਲਾਂ ਵਿਚ ਗੱਲ ਪੂਰੇ ਪਿੰਡ ਵਿਚ ਅੱਗ ਦੇ ਭਬੂਕੇ ਵਾਂਗ ਫ਼ੈਲ ਗਈ। ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਖੇਤ ਵਾਲੀ ਕੋਠੀ ਵਿਚ ਆਏ ਹੋਏ ਸਨ। ਪਿੰਡ ਦੇ ਪੈਂਚ-ਖੜਪੈਂਚ ਇਕੱਠੇ ਹੋ ਕੇ ਉਨ੍ਹਾਂ ਕੋਲ ਜਾ ਪਹੁੰਚੇ। ਉਨ੍ਹਾਂ ਨੇ ਕੁਰਸੀਆਂ-ਮੰਜੇ ਰਖਵਾ ਦਿੱਤੇ ਅਤੇ ਸਮਝਿਆ, ਉਹ ਕਿਸੇ ਸਾਂਝੇ ਕੰਮ ਵਾਸਤੇ ਸਲਾਹ ਲੈਣ ਆਏ ਹਨ। ਪਰ ਉਹ ਬੋਲੇ, ਭਾਈ ਸਾਹਿਬ, ਇੰਦਰ ਸਿੰਘ ਨੇ ਭਾਰੀ ਅਨਰਥ ਕਰ ਦਿੱਤਾ! ਤੇ ਉਨ੍ਹਾਂ ਨੇ ਸਾਰਾ ਕਿੱਸਾ ਕਹਿ ਸੁਣਾਇਆ। ਭਾਈ ਸਾਹਿਬ ਕੁਛ ਪਲ ਚੁੱਪ ਰਹੇ, ਫੇਰ ਨਾਪੇ-ਤੋਲੇ ਸ਼ਬਦਾਂ ਵਿਚ ਅਤੇ ਆਪਣੇ ਵਿਸ਼ੇਸ਼ ਭਾਸ਼ਾਈ ਅੰਦਾਜ਼ ਵਿਚ ਬੋਲੇ, “ਇੰਦਰ ਸਿੰਘ ਦੀ ਅਣਗਹਿਲੀ ਹੈ, ਆਪ ਲੋਕਾਂ ਦੀ ਅਗਿਆਨਤਾ ਹੈ!” ਲੋਕ ਹੈਰਾਨ-ਪ੍ਰੇਸ਼ਾਨ ਜਿਹੇ ਹੋ ਕੇ ਬੋਲੇ, ਭਾਈ ਸਾਹਿਬ, ਗੱਲ ਸਮਝ ਨਹੀਂ ਆਈ! ਉਹ ਕਹਿਣ ਲੱਗੇ, “ਤੁਹਾਡੀ ਗੱਲ ਤੋਂ ਲਗਦਾ ਹੈ, ਇੰਦਰ ਸਿੰਘ ਨੇ ਸਫ਼ਾਈ ਦਾ ਖ਼ਿਆਲ ਨਹੀਂ ਰੱਖਿਆ, ਬਹੁਤ ਵੱਡੀ ਅਣਗਹਿਲੀ ਦਿਖਾਈ। ਤੁਹਾਨੂੰ ਰਵਿਦਾਸੀਆਂ ਦੇ ਘਰੋਂ ਉਹਦੇ ਦੁੱਧ ਪੀਣ ਦਾ ਇਤਰਾਜ ਹੈ। ਇਹ ਅਗਿਆਨਤਾ ਹੈ। ਉਹੋ ਇਸਤਰੀ ਲਿਆਉ, ਉਹੋ ਗਊ ਲਿਆਉ, ਉਹੋ ਬਰਤਨ ਲਿਆਉ; ਮੈਂ ਇਸਤਰੀ ਦੇ ਹੱਥ, ਗਊ ਦੇ ਥਣ ਤੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰਵਾ ਲਵਾਂਗਾ ਤੇ ਤੁਹਾਡੇ ਸਾਹਮਣੇ ਦੁੱਧ ਪੀ ਲਵਾਂਗਾ!”
ਸਿੱਖ ਆਗੂਆਂ ਵਾਲੀ ਸਿੱਖੀ ਦੀ ਥਾਂ ਸਿੱਖ ਗੁਰੂਆਂ ਵਾਲੀ ਸਿੱਖੀ ਨੂੰ ਮੰਨਣ ਵਾਲੇ ਸਾਡੇ ਘਰ ਦੇ ਉਦਾਰ ਮਾਹੌਲ ਵਿਚ ਮਜ਼੍ਹਬੀਆਂ-ਰਵਿਦਾਸੀਆਂ ਵੱਲ ਸਾਡਾ ਰਵਈਆ ਅਜਿਹਾ ਢਲਿਆ ਸੀ ਕਿ ਅਸੀਂ ਉਮਰ ਅਨੁਸਾਰ ਉਨ੍ਹਾਂ ਨੂੰ ਆਦਰ ਨਾਲ ਚਾਚਾ-ਤਾਇਆ ਆਖਦੇ ਸੀ। ਇਸ ਸੋਚ ਵਿਚ ਭਾਈ ਕਾਨ੍ਹ ਸਿੰਘ ਵਾਲੀ ਉਪਰੋਕਤ ਘਟਨਾ ਨੇ ਨਿਸਚੇ ਹੀ ਹੋਰ ਵਧੇਰੇ ਸਪੱਸ਼ਟਤਾ ਲਿਆਂਦੀ। ਮਨ ਦੀ ਇਹੋ ਮਿੱਟੀ ਸੀ ਜਿਸ ਵਿਚ ਅੱਗੇ ਚੱਲ ਕੇ ਮਾਰਕਸਵਾਦ ਨੇ ਪੱਕੀਆਂ ਜੜਾਂ ਫੜੀਆਂ ਅਤੇ ਮੈਂ ਜਾਤਪਾਤ, ਧਰਮ, ਇਲਾਕੇ, ਆਦਿ ਦਾ ਕੋਈ ਫ਼ਰਕ ਕੀਤੇ ਬਿਨਾਂ ਇਨਸਾਨ ਨੂੰ ਇਨਸਾਨ ਸਮਝ ਸਕਿਆ!

Be the first to comment

Leave a Reply

Your email address will not be published.