ਇਕ ਹੋਰ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੀ ਦੱਬੀ-ਘੁੱਟੀ ਬਗਾਵਤ ਦਾ ਅੰਤ ਇਕ ਵੱਖਰੇ ਅਕਾਲੀ ਦਲ ਦੇ ਰੂਪ ਵਿਚ ਹੋਇਆ ਹੈ। ਇਹ ਬਗਾਵਤ ਇਕ ਤਰ੍ਹਾਂ ਨਾਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦੇ ਖਿਲਾਫ ਸੀ, ਜੋ ਆਪਣੇ ਨਜ਼ਦੀਕੀ ਰਿਸ਼ੇਤਦਾਰ ਬਿਕਰਮ ਸਿੰਘ ਮਜੀਠੀਆ ਨਾਲ ਰਲ ਕੇ ਪਾਰਟੀ ਨੂੰ ਕਿਸੇ ਪ੍ਰਾਈਵੇਟ ਕੰਪਨੀ ਵਾਂਗ ਚਲਾਉਣ ਦੇ ਯਤਨਾਂ ਵਿਚ ਸੀ। ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਕੀਤੇ ਫੈਸਲਿਆਂ ਕਾਰਨ ਪਾਰਟੀ ਦੇ ਅਕਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ

ਅਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਇਕ ਤਰ੍ਹਾਂ ਨਾਲ ਹੂੰਝੀ ਹੀ ਗਈ ਸੀ। ਉਸ ਵਕਤ ਪਾਰਟੀ ਅੰਦਰ ਥੋੜ੍ਹੀ-ਬਹੁਤੀ ਹਿਲਜੁਲ ਤਾਂ ਹੋਈ ਸੀ, ਪਰ ਪਾਰਟੀ ਦੀ ਲੀਡਰਸ਼ਿਪ ਨੂੰ ਕੋਈ ਖਾਸ ਚੁਣੌਤੀ ਕਿਸੇ ਪਾਸਿਓਂ ਨਹੀਂ ਸੀ। ਜਦੋਂ ਤੋਂ ਬਰਗਾੜੀ ਵਿਚ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਮੋਰਚਾ ਸ਼ੁਰੂ ਹੋਇਆ, ਉਸ ਤੋਂ ਬਾਅਦ ਪਾਰਟੀ ਅੰਦਰ ਕਾਫੀ ਹਲਚਲ ਮੱਚੀ ਹੋਈ ਸੀ। ਸਭ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਲੀਡਰਸ਼ਿਪ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ। ਉਨ੍ਹਾਂ ਮਾੜੀ ਸਿਹਤ ਦਾ ਬਹਾਨਾ ਬਣਾ ਕੇ ਅਸਤੀਫਾ ਸੌਂਪਿਆ ਸੀ ਪਰ ਬੱਚਾ-ਬੱਚਾ ਜਾਣਦਾ ਸੀ ਕਿ ਇਹ ਲੀਡਰਸ਼ਿਪ ਨੂੰ ਸਿੱਧੀ ਚੁਣੌਤੀ ਸੀ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਾਲਾਤ ਨੂੰ ਸੰਭਾਲਣ ਦਾ ਯਤਨ ਤਾਂ ਕੀਤਾ ਪਰ ਸ਼ ਢੀਂਡਸਾ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਾ ਹੋਏ।
ਇਸ ਤੋਂ ਬਾਅਦ ਕੁਝ ਹੋਰ ਆਗੂਆਂ ਨੇ ਆਪਣਾ ਰੋਸਾ ਪ੍ਰਗਟ ਕੀਤਾ ਪਰ ਪਾਰਟੀ ਨੂੰ ਤਕੜਾ ਝਟਕਾ ਇਕ ਹੋਰ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫੇ ਕਾਰਨ ਲੱਗਾ। ਮਾਝੇ ਦੇ ਦੋ ਹੋਰ ਚੋਟੀ ਦੇ ਆਗੂ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੀ ਉਨ੍ਹਾਂ ਦੇ ਨਾਲ ਆਣ ਡਟੇ। ਇਹ ਅਸਲ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਇਲਾਕੇ ਵਿਚ ਚੰਮ ਦੀਆਂ ਚਲਾਉਣ ਖਿਲਾਫ ਸਿੱਧੀ ਬਗਾਵਤ ਸੀ। ਇਨ੍ਹਾਂ ਆਗੂਆਂ ਨੂੰ ਵੀ ਪਹਿਲਾਂ-ਪਹਿਲ ਮਨਾਉਣ ਦਾ ਯਤਨ ਕੀਤਾ ਗਿਆ ਪਰ ਇਨ੍ਹਾਂ ਆਗੂਆਂ ਨੇ ਸਪਸ਼ਟ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਸੁਖਬੀਰ ਅਤੇ ਮਜੀਠੀਆ ਨੂੰ ਲਾਂਭੇ ਨਹੀਂ ਕੀਤਾ ਜਾਂਦਾ, ਉਹ ਫੈਸਲੇ ‘ਤੇ ਗੌਰ ਨਹੀਂ ਕਰਨਗੇ। ਮਗਰੋਂ ਇਨ੍ਹਾਂ ਲੀਡਰਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਅਤੇ ਹੁਣ ਇਨ੍ਹਾਂ ਤਿੰਨਾਂ ਲੀਡਰਾਂ ਦੀ ਅਗਵਾਈ ਹੇਠ ਹੀ ਨਵਾਂ ਅਕਾਲੀ ਦਲ ਹੋਂਦ ਵਿਚ ਆਇਆ ਹੈ।
ਅਕਾਲੀ ਦਲ ਵਿਚ ਪਹਿਲਾਂ ਵੀ ਅਜਿਹੇ ਹਾਲਾਤ ਆਉਂਦੇ ਰਹੇ ਹਨ ਅਤੇ ਪਾਰਟੀ ਵਿਚੋਂ ਬਾਹਰ ਗਏ ਲੀਡਰ ਪੰਜਾਬ ਦੀ ਸਿਆਸਤ ਵਿਚ ਕੋਈ ਖਾਸ ਮੁਕਾਮ ਸਿਰਜਣ ਵਿਚ ਨਾਕਾਮ ਰਹੇ ਹਨ। ਅਸਲ ਵਿਚ ਸੂਬੇ ਦੀ ਅਕਾਲੀ ਸਿਆਸਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਵੱਖਰਾ ਮੁਕਾਮ ਰੱਖਦੀ ਹੈ। ਹੁਣ ਸ਼੍ਰੋਮਣੀ ਕਮੇਟੀ ਉਤੇ ਭਾਵੇਂ ਬਾਦਲਾਂ ਦਾ ਕਬਜ਼ਾ ਹੈ ਪਰ ਸੂਬੇ ਦੀ ਸਿਆਸਤ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਹਨ। ਬੇਅਦਬੀ ਤੇ ਡੇਰਾ ਸੱਚਾ ਸੌਦਾ ਦੇ ਮਾਮਲਿਆਂ ਅਤੇ ਕੁਝ ਹੋਰ ਕਾਰਨਾਂ ਕਾਰਨ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਪੈਰ ਬੁਰੀ ਤਰ੍ਹਾਂ ਉਖੜੇ ਹੋਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਛੜਨ ਕਾਰਨ ਇਸ ਕੋਲ ਵਿਰੋਧੀ ਧਿਰ ਵਾਲਾ ਰੁਤਬਾ ਵੀ ਨਹੀਂ ਹੈ। ਸੂਬੇ ਵਿਚ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਆਗੂਆਂ ਅਤੇ ਲੀਡਰਸ਼ਿਪ ਨੂੰ ਮੂੰਹ ਨਹੀਂ ਲਾਇਆ, ਸਗੋਂ ਕਈ ਥਾਈਂ ਤਾਂ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਬਾਦਕਿਆਂ ਨੂੰ ਆਪਣੇ ਸਮਾਗਮ ਰੱਦ ਕਰਨੇ ਪਏ ਹਨ। ਲੁਧਿਆਣੇ ਦੇ ਬੈਂਸ ਭਰਾਵਾਂ ਅਤੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਨੇ ਸੂਬੇ ਅੰਦਰ ਵੱਖਰੀ ਸਰਗਰਮੀ ਵਿੱਢੀ ਹੋਈ ਹੈ ਅਤੇ ਨਵੇਂ ਅਕਾਲੀ ਦਲ ਦੇ ਲੀਡਰਾਂ ਨੇ ਇਨ੍ਹਾਂ ਦੋਹਾਂ ਧਿਰਾਂ ਨੂੰ ਨਾਲ ਆਉਣ ਦਾ ਸੱਦਾ ਵੀ ਭੇਜਿਆ ਹੈ। ਦੂਜੇ ਬੰਨੇ, ਕਾਂਗਰਸੀ ਖੇਮੇ ਵਿਚ ਜਿੰਨੀ ਥਾਂ ਨਵਜੋਤ ਸਿੰਘ ਸਿੱਧੂ ਮੱਲ ਰਿਹਾ ਹੈ ਅਤੇ ਕਰਤਾਰਪੁਰ ਲਾਂਘੇ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੋ ਪੈਂਤੜਾ ਮੱਲਿਆ ਹੈ, ਉਸ ਨੇ ਸੂਬੇ ਦੀ ਸਿਆਸਤ ਅੰਦਰ ਨਵੀਂਆਂ ਸੰਭਾਵਨਾਵਾਂ ਦੇ ਸੰਕੇਤ ਸੁੱਟੇ ਹਨ। ਕਰਤਾਰਪੁਰ ਲਾਂਘੇ ਬਾਰੇ ਪਹਿਲਕਦਮੀ ਦਾ ਹਰ ਪਾਸਿਓਂ ਸਵਾਗਤ ਹੋਇਆ ਹੈ ਪਰ ਇਸ ਮਾਮਲੇ ਵਿਚ ਅਮਰਿੰਦਰ ਸਿੰਘ ਦਾ ਬਿਆਨ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸੁਰ ਵਾਲਾ ਹੈ।
ਪਿਛਲੇ ਸਮਿਆਂ ਦੌਰਾਨ ਸਾਹਮਣੇ ਆਈ ਅਕਾਲੀ ਸਿਆਸਤ ਦਾ ਸੱਚ ਇਹ ਹੈ ਕਿ ਸਾਰੇ ਅਕਾਲੀ/ਪੰਥਕ ਧੜੇ ਰਲ ਕੇ ਵੀ ਬਾਦਲਾਂ ਦੇ ਅਕਾਲੀ ਦਲ ਅੱਗੇ ਵੱਡੀ ਚੁਣੌਤੀ ਸੁੱਟਣ ਵਿਚ ਨਾਕਾਮ ਰਹੇ ਹਨ। ਇਥੋਂ ਤੱਕ ਕਿ ਬਰਗਾੜੀ ਵਿਚ ਲੱਗੇ ਬੇਮਿਸਾਲ ਇਨਸਾਫ ਮੋਰਚੇ ਤੋਂ ਬਾਅਦ ਵੀ ਇਹ ਧਿਰਾਂ ਕੋਈ ਸਿਆਸੀ ਬੰਨ੍ਹ-ਸੁਬ ਕਰਨ ਵਿਚ ਫਿਲਹਾਲ ਪਛੜ ਰਹੀਆਂ ਹਨ। ਉਪਰੋਂ ਲੋਕ ਸਭਾ ਚੋਣਾਂ ਸਿਰ ‘ਤੇ ਹਨ। ਜੱਗ ਜਾਣਦਾ ਹੈ ਕਿ ਚੋਣਾਂ ਦੌਰਾਨ ਮੌਕਾਪ੍ਰਸਤ ਸਿਆਸਤ ਕਿਸ ਤਰ੍ਹਾਂ ਹਰ ਤਰ੍ਹਾਂ ਦੀ ਸੰਜੀਦਾ ਸਿਆਸਤ ਨੂੰ ਹੜ੍ਹਾ ਕੇ ਲੈ ਜਾਂਦੀ ਹੈ। ਇਸ ਸੂਰਤ ਵਿਚ ਸੂਬੇ ਦੀ ਸਿਆਸਤ ਵਿਚ ਕੋਈ ਦਮਦਾਰ ਸਫਬੰਦੀ ਸਾਹਮਣੇ ਆ ਸਕੇਗੀ, ਇਸ ਬਾਰੇ ਫਿਲਹਾਲ ਸਵਾਲੀਆ ਨਿਸ਼ਾਨ ਹੀ ਲੱਗਿਆ ਹੋਇਆ ਹੈ। ਇਹ ਅਸਲ ਵਿਚ ਸੂਬੇ ਵਿਚ ਦਮਦਾਰ ਲੀਡਰਸ਼ਿਪ ਨਾ ਹੋਣ ਦਾ ਸੰਕਟ ਹੈ। ਆਪਣੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਧਿਆਨ ਵਿਚ ਰੱਖ ਕੇ ਕੁਝ ਖਾਸ ਫੈਸਲੇ ਕੀਤੇ ਸਨ। ਇਨ੍ਹਾਂ ਫੈਸਲਿਆਂ ਕਰਕੇ ਅੱਜ ਵੀ ਉਨ੍ਹਾਂ ਦੀ ਧੜੱਲੇਦਾਰ ਆਗੂ ਵਜੋਂ ਧਾਂਕ ਬੈਠੀ ਹੋਈ ਹੈ ਪਰ ਐਤਕੀਂ ਉਹ ਸਿਆਸੀ ਪਿੜ ਅੰਦਰ ਅਜਿਹਾ ਕੋਈ ਕ੍ਰਿਸ਼ਮਾ ਕਰਨ ਤੋਂ ਨਾਕਾਮ ਰਹੇ ਹਨ, ਸਗੋਂ ਉਨ੍ਹਾਂ ਉਤੇ ਤਾਂ ਬਾਦਲਾਂ ਨਾਲ ਰਲ ਕੇ ਸਿਆਸਤ ਕਰਨ ਦੇ ਦੋਸ਼ ਵੀ ਮੜ੍ਹੇ ਜਾ ਰਹੇ ਹਨ। ਨੇੜਲੇ ਭਵਿੱਖ ਵਿਚ ਕਿਸੇ ਪ੍ਰਕਾਰ ਦੇ ਵੱਡੇ ਅੰਦੋਲਨ ਦੀ ਵੀ ਕੋਈ ਪੈੜਚਾਲ ਸੁਣਾਈ ਨਹੀਂ ਦੇ ਰਹੀ। ਨਵੇਂ ਬਣੇ ਅਕਾਲੀ ਦਲ ਦੀ ਸੀਮਾ ਵੀ ਫਿਲਹਾਲ ਮਾਝੇ ਤਕ ਜਾਪਦੀ ਹੈ। ਇਹ ਪਾਰਟੀ ਸੂਬੇ ਦੀ ਸਿਆਸਤ ਉਤੇ ਕਿੰਨਾ ਕੁ ਅਸਰ ਪਾ ਸਕੇਗੀ, ਆਉਣ ਵਾਲਾ ਸਮਾਂ ਹੀ ਦੱਸੇਗਾ।