‘ਆਪ’ ਨੇ ਬਾਗੀ ਸੁਰਾਂ ਦੇ ਮੋੜਵੇਂ ਜਵਾਬ ਲਈ ਭਗਵੰਤ ਮਾਨ ਨੂੰ ਕੀਤਾ ਅੱਗੇ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਖਹਿਰਾ ਧੜੇ ਦੀਆਂ ਬਗਾਵਤੀ ਸੁਰਾਂ ਨੂੰ ਮੋੜਵਾਂ ਜਵਾਬ ਦੇਣ ਲਈ ਇਕ ਵਾਰ ਫਿਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸ੍ਰੀ ਮਾਨ ਨੇ ਵੀ ਪਾਰਟੀ ਉਤੇ ਪੈਦਾ ਹੋਏ ਸੰਕਟ ਦੇ ਚੱਲਦਿਆਂ ਪੰਜਾਬ ਇਕਾਈ ਦੀ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਹੈ। ਉਧਰ, ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਕਤੂਬਰ ਵਿਚ ਪੰਜਾਬ ਆ ਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ।

ਇਸੇ ਕੜੀ ਤਹਿਤ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਜਲੰਧਰ ਵਿਚ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਕੇ ਬਾਗੀ ਖਹਿਰਾ ਧੜੇ ਤੋਂ ਸੁਚੇਤ ਕਰਨਗੇ। ਪਾਰਟੀ ਵੱਲੋਂ 15 ਅਗਸਤ ਨੂੰ ਈਸੜੂ ਵਿਚ ਸ਼ਹੀਦੀ ਕਾਨਫਰੰਸ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਭਗਵੰਤ ਮਾਨ ਵੱਲੋਂ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ 26 ਅਗਸਤ ਨੂੰ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਵਿਚ ਵੀ ਕਾਨਫਰੰਸ ਕਰੇਗੀ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਦੇ ਰਾਮ ਮਨੋਹਰ ਹਸਪਤਾਲ ਵਿਚ ਦਾਖਲ ਸ੍ਰੀ ਮਾਨ ਦਾ ਹਾਲ-ਚਾਲ ਪੁੱਛਣ ਗਏ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਉਤੇ ਉਨ੍ਹਾਂ ਨਾਲ ਚਰਚਾ ਕਰਕੇ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਜਿਸ ਲਈ ਸ੍ਰੀ ਮਾਨ ਨੇ ਹਾਮੀ ਭਰ ਦਿੱਤੀ ਹੈ। ਸ੍ਰੀ ਮਾਨ ਨੇ ਵੀ ਫੋਨ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਇਕਾਈ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਨੇ ਮੁੜ ਪੰਜਾਬ ਵਿਚ ਸਰਗਰਮ ਹੋਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਕੰਮ ਨਿਪਟਾ ਕੇ ਜਲਦੀ ਹੀ ਪੰਜਾਬ ਆ ਰਹੇ ਹਨ ਅਤੇ ਫਿਰ ਲੋਕ ਸਭਾ ਚੋਣਾਂ ਤੱਕ ਉਹ ਆਪਣਾ ਸਾਰਾ ਸਮਾਂ ਪੰਜਾਬ ਵਿਚ ਹੀ ਪਾਰਟੀ ਲਈ ਦੇਣਗੇ। ਇਸੇ ਦੌਰਾਨ Ḕਆਪ’ ਦੀ ਪੰਜਾਬ ਇਕਾਈ ਦੇ ਸੂਬੇ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਆਗੂਆਂ ਦੀ ਇਥੇ ਸਹਿ ਪ੍ਰਧਾਨ ਡਾæ ਬਲਬੀਰ ਸਿੰਘ ਦੀ ਅਗਵਾਈ ਹੇਠ ਹੋਈਆਂ ਕਈ ਗੇੜ ਦੀਆਂ ਮੀਟਿੰਗਾਂ ਦੌਰਾਨ ਮਤਾ ਪਾਸ ਕਰਕੇ ਭਗਵੰਤ ਮਾਨ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਵੱਲੋਂ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਦਿੱਤੇ ਅਸਤੀਫਿਆਂ ਨੂੰ ਨਾਮਨਜ਼ੂਰ ਕਰਦਿਆਂ ਹਾਈਕਮਾਂਡ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਮੁੜ ਆਪੋ ਆਪਣੇ ਅਹੁਦਿਆਂ ਉਤੇ ਕੰਮ ਕਰਨ ਲਈ ਕਿਹਾ ਜਾਵੇ। ਸੂਤਰਾਂ ਮੁਤਾਬਕ ਪੰਜਾਬ ਇਕਾਈ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਦਿੱਲੀ ਵਿਚ ਹਾਈਕਮਾਂਡ ਦੀ ਸ੍ਰੀ ਮਾਨ ਨਾਲ ਹਸਪਤਾਲ ਵਿਚ ਹੋਈ ਗੁਫ਼ਤਗੂ ਦੀ ਹੀ ਇਕ ਕੜੀ ਹੈ। ਸੂਤਰਾਂ ਅਨੁਸਾਰ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਸ੍ਰੀ ਖਹਿਰਾ ਨਾਲ ਗਏ ਛੇ ਵਿਧਾਇਕਾਂ ਵਿਚੋਂ ਘੱਟੋ ਘੱਟ ਦੋ ਵਿਧਾਇਕ ਪਾਰਟੀ ਵੱਲ ਮੋੜਾ ਕੱਟ ਸਕਦੇ ਹਨ।
ਇਸੇ ਦੌਰਾਨ Ḕਆਪ’ ਦੇ ਮਹਿਲਾ ਵਿੰਗ ਦੀ ਇੰਚਾਰਜ ਤੇ ਵਿਧਾਇਕ ਪ੍ਰੋæ ਬਲਜਿੰਦਰ ਕੌਰ, ਪ੍ਰਧਾਨ ਲਾਲੀ ਰਾਜ ਗਿੱਲ ਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਸ੍ਰੀ ਖਹਿਰਾ ਦਾ ਨਿੱਜੀ ਸਟਾਫ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ, ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਵਿਰੁੱਧ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਪੋਸਟਾਂ ਪਾ ਕੇ ਇਸਤਰੀ ਜਾਤੀ ਦਾ ਅਪਮਾਨ ਕਰ ਰਿਹਾ ਹੈ। ਖੁਦ ਸ੍ਰੀ ਖਹਿਰਾ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦੇ ਭੜਕਾਊ ਬਿਆਨ ਦੇ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ḔਆਪḔ ਵਿਚ ਖੁਦ ਸ਼ਾਮਲ ਹੋ ਕੇ ਵਿਧਾਇਕ ਤੇ ਫਿਰ ਵਿਰੋਧੀ ਧਿਰ ਦੇ ਆਗੂ ਵਰਗੇ ਸਭ ਤੋਂ ਵੱਡੇ ਅਹੁਦੇ Ḕਤੇ ਪੁੱਜ ਕੇ ਵੀ ਪਾਰਟੀ ਦੇ ਉਲਟ ਕਾਰਵਾਈਆਂ ਕਰੇ, ਅਜਿਹੇ ਆਗੂ ਉਤੇ ਹੋਰ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਖਹਿਰਾ ਅਜਿਹੇ ਵਰਤਾਰੇ ਲਈ ਮੁਆਫੀ ਮੰਗਣ। ਜੇ ਸ੍ਰੀ ਖਹਿਰਾ ਮੁਆਫ਼ੀ ਨਹੀਂ ਮੰਗਦੇ ਤਾਂ ਉਹ ਪੁਲਿਸ ਕੋਲ ਸ਼ਿਕਾਇਤ ਕਰਨ ਬਾਰੇ ਵੀ ਸੋਚ ਸਕਦੀਆਂ ਹਨ।
—————————
Ḕਆਪ’ ਦੀ ਫੁੱਟ ਤੋਂ ਕਾਂਗਰਸ ਤੇ ਅਕਾਲੀ ਦਲ ਬਾਗੋ ਬਾਗ
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰੋ-ਅੰਦਰੀ Ḕਆਪ’ ਦੀ ਫੁੱਟ ਤੋਂ ਬਾਗੋ ਬਾਗ ਹੈ। ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ Ḕਆਪ’ ਦੀ ਫੁੱਟ ਕਾਫੀ ਫਿੱਟ ਬੈਠਦੀ ਹੈ। Ḕਆਪ’ ਦਾ ਬਾਗੀ ਧੜਾ ਇਸ ਗੱਲੋਂ ਵੀ ਸੁਚੇਤ ਰਿਹਾ ਸੀ ਕਿ ਉਨ੍ਹਾਂ ਦਾ ਦਲਿਤ ਵਿਰੋਧੀ ਹੋਣ ਦਾ ਪ੍ਰਭਾਵ ਨਾ ਚਲਾ ਜਾਵੇ। ਬਾਗੀ ਧੜੇ ਦੇ ਵਿਧਾਇਕਾਂ ਨੇ ਵਾਰ-ਵਾਰ ਸਪੱਸ਼ਟ ਕੀਤਾ ਕਿ ਉਹ ਦਲਿਤ ਵਿਰੋਧੀ ਨਹੀਂ ਹਨ ਬਲਕਿ ਉਹ ਤਾਂ ਹਾਈ ਕਮਾਂਡ ਨੂੰ ਹਮੇਸ਼ਾ ਆਖਦੇ ਰਹੇ ਹਨ ਕਿ ਮੁੱਖ ਅਹੁਦਿਆਂ ‘ਤੇ ਦਲਿਤ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇ। ਰੈਲੀ ਵਿੱਚ ਦੋ ਦਲਿਤ ਵਿਧਾਇਕ ਵੀ ਹਾਜ਼ਰ ਸਨ। ਇਸੇ ਤਰ੍ਹਾਂ ਬਾਗੀ ਧੜੇ ਨੇ ਉਨ੍ਹਾਂ ਵਲੰਟੀਅਰਾਂ ਨੂੰ ਵੀ ਸੁਨਹਿਰਾ ਮੌਕਾ ਦੇ ਦਿੱਤਾ ਹੈ, ਜਿਨ੍ਹਾਂ ਦੀ Ḕਆਪ’ ਦੇ ਵਿਧਾਇਕ ਪੁੱਛਗਿੱਛ ਨਹੀਂ ਕਰ ਰਹੇ ਸਨ।
———————————–
ਖਹਿਰਾ ਧੜੇ ਤੇ ਗਰਮਖਿਆਲੀਆਂ ਦੀ ਤੰਦ ਜੁੜਨ ਦੇ ਆਸਾਰ
ਬਠਿੰਡਾ: Ḕਆਪ’ ਦੇ ਬਾਗੀ ਧੜੇ ਤੇ ਗਰਮਖਿਆਲੀ ਪੰਥਕ ਧਿਰਾਂ ਦੀ ਤੰਦ ਜੁੜਨ ਦੇ ਆਸਾਰ ਹਨ। ਉਂਜ ਵੀ ਖਹਿਰਾ ਧੜੇ ਨੇ Ḕਆਪ’ ਦੇ ਵਿਧਾਇਕਾਂ ਤੋਂ ਨਾਰਾਜ਼ ਵਾਲੰਟੀਅਰਾਂ ਨੂੰ ਇਕ ਪਲੇਟਫਾਰਮ ਦੇ ਦਿੱਤਾ ਹੈ। ਬਾਗੀ ਧੜੇ ਨੇ ਬਠਿੰਡਾ ਰੈਲੀ ਵਿਚ ਡੇਰਾਵਾਦ ਖਿਲਾਫ਼ ਸਖਤ ਸਟੈਂਡ ਦਾ ਝਲਕਾਰਾ ਦਿੱਤਾ ਅਤੇ ਉਧਰ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੱਠੀ ਸੁਰ ਵਿਚ ਬਾਗੀ ਧੜੇ ਦੀ ਹਮਾਇਤ ਕਰ ਦਿੱਤੀ ਹੈ।
ਰੈਲੀ ਦੇ ਇਕੱਠ ਵਿਚ ਦਾਦੂਵਾਲ ਦੇ ਜਥੇ ਦੇ ਆਗੂਆਂ ਸਮੇਤ ਇਕ ਹੋਰ ਸਿੱਖ ਪ੍ਰਚਾਰਕ ਦੇ ਜਥੇ ਦੇ ਆਗੂ ਦੇਖੇ ਗਏ ਅਤੇ ਬਾਦਲ ਵਿਰੋਧੀ ਪੰਥਕ ਧਿਰ ਦੇ ਸੀਨੀਅਰ ਆਗੂ ਦਾ ਲੜਕਾ ਵੀ ਰੈਲੀ ਵਿਚ ਘੁੰਮ ਰਿਹਾ ਸੀ। ਵਿਧਾਨ ਸਭਾ ਚੋਣਾਂ 2017 ਤੋਂ ਐਨ ਪਹਿਲਾਂ ਬਾਦਲ ਵਿਰੋਧੀ ਪੰਥਕ ਧਿਰਾਂ ਨੇ ਅਰਵਿੰਦ ਕੇਜਰੀਵਾਲ ਨਾਲ ਵੀ ਤਾਲਮੇਲ ਬਣਾਇਆ ਸੀ, ਜੋ ਸਿਰੇ ਨਹੀਂ ਲੱਗ ਸਕਿਆ ਸੀ। ਚੋਣਾਂ ਮੌਕੇ ਕਾਂਗਰਸ ਨੇ ਕੇਜਰੀਵਾਲ ਦੀ ਗਰਮਖਿਆਲੀਆਂ ਨਾਲ ਨੇੜਤਾ ਨੂੰ ਨਿਸ਼ਾਨੇ ਉਤੇ ਰੱਖਿਆ ਸੀ, ਜਿਸ ਦਾ Ḕਆਪ’ ਨੂੰ ਨੁਕਸਾਨ ਵੀ ਝੱਲਣਾ ਪਿਆ ਸੀ। ਰੈਲੀ ਵਿਚ ਸੁਖਪਾਲ ਖਹਿਰਾ ਨੇ ਬੇਅਦਬੀ ਮਾਮਲੇ ਦੀ ਗੱਲ ਕਰਦੇ ਹੋਏ ਬਿਨਾਂ ਨਾਮ ਲਏ ਡੇਰਾ ਸਿਰਸਾ ਨੂੰ ਨਿਸ਼ਾਨੇ ‘ਤੇ ਰੱਖਿਆ। ਖਹਿਰਾ ਨੇ ਬਰਗਾੜੀ ਇਨਸਾਫ ਮੋਰਚਾ ਦੇ ਧਰਨੇ ਵਿਚ ਜਾ ਕੇ ਹਮਾਇਤ ਕੀਤੀ ਸੀ ਅਤੇ ਹੁਣ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀ ਕਾਂਡ ਦੇ ਮਾਮਲੇ ਉਤੇ ਸਖਤ ਸਟੈਂਡ ਲੈਣ ਦਾ ਐਲਾਨ ਵੀ ਕੀਤਾ।
ਖਹਿਰਾ ਨੂੰ ਰਾਇਸ਼ੁਮਾਰੀ-2020 ਦੇ ਮਾਮਲੇ ‘ਤੇ ਵੀ ਪਾਰਟੀ ਕੋਲੋਂ ਨਮੋਸ਼ੀ ਝੱਲਣੀ ਪਈ ਸੀ। ਭਾਵੇਂ ਬਾਗੀ ਧੜੇ ਦਾ ਭਵਿੱਖ ਕਿਹੋ ਜੇਹਾ ਵੀ ਹੋਵੇ ਪਰ ਬਾਦਲ ਵਿਰੋਧੀ ਪੰਥਕ ਧਿਰਾਂ ਆਉਂਦੇ ਸਮੇਂ ਵਿਚ ਬਾਗੀ ਧੜੇ ਨਾਲ ਘਿਉ-ਖਿਚੜੀ ਹੋ ਸਕਦੀਆਂ ਹਨ। ਅੱਗੇ ਸ਼੍ਰੋਮਣੀ ਕਮੇਟੀ ਚੋਣਾਂ ਹਨ, ਜਿਸ ਵਿਚ ਪੰਥਕ ਧਿਰਾਂ ਬਾਗੀ ਧੜੇ ਤੋਂ ਹਮਾਇਤ ਦੀ ਆਸ ਕਰ ਸਕਦੀਆਂ ਹਨ। ਹਮਖਿਆਲੀ ਪਾਰਟੀਆਂ ਨਾਲ ਤੀਜਾ ਬਦਲ ਉਸਾਰਨ ਦੀ ਗੱਲ ਖਹਿਰਾ ਨੇ ਕੀਤੀ ਹੈ। Ḕਆਪ’ ਵਿਧਾਇਕ ਜੱਗਾ ਹਿੱਸੋਵਾਲ ਨੇ ਤਾਂ ਰੈਲੀ ਵਿਚ ਬੈਂਸ ਭਰਾਵਾਂ ਦਾ ਪੱਖ ਵੀ ਰੱਖਿਆ ਅਤੇ ਬੈਂਸ ਭਰਾਵਾਂ ਵੱਲੋਂ ਰੈਲੀ ਵਿਚ ਯੋਗਦਾਨ ਪਾਏ ਜਾਣ ਦੀ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ। ਏਦਾਂ ਦੇ ਹਾਲਾਤ ਵਿਚ ਨਵੀਂ ਸਿਆਸੀ ਕਤਾਰਬੰਦੀ ਬਣਨ ਦੀ ਸੰਭਾਵਨਾ ਹੈ।