ਅੰਮ੍ਰਿਤਸਰ ਦਾ ਹਰਫਨਮੌਲਾ ਸਪੂਤ ਮਸੂਦ ਪਰਵੇਜ਼

ਮਨਦੀਪ ਸਿੰਘ ਸਿੱਧੂ
ਫੋਨ: 91-97805-09545
ਹਿੰਦ-ਪਾਕਿ ਫਿਲਮਾਂ ਦਾ ਬਹੁਤ ਵੱਡਾ ਨਾਂ ਹੈ ਮਸੂਦ ਪਰਵੇਜ਼, ਜੋ ਫਿਲਮੀ ਤਾਰੀਖ ਦੇ ਅਜ਼ੀਮ ਅਦਾਕਾਰ, ਗੁਲੂਕਾਰ, ਨਿਰਦੇਸ਼ਕ ਅਤੇ ਫਿਲਮਸਾਜ਼ ਹੋਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਫਿਲਮ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਨਿਰਦੇਸ਼ਕ ਦੀ ਹੁੰਦੀ ਹੈ, ਜੋ ਫਿਲਮ ਦੇ ਹਰ ਸ਼ੋਅਬੇ ਦਾ ਜ਼ਿੰਮੇਵਾਰ ਹੁੰਦਾ ਹੈ।

ਮਸੂਦ ਪਰਵੇਜ਼ ਦੀ ਪੈਦਾਇਸ਼ 23 ਮਈ 1917 ਨੂੰ ਅੰਮ੍ਰਿਤਸਰ ਵਿਚ ਹੋਈ। ਮਸੂਦ ਗੌਰਮਿੰਟ ਕਾਲਜ, ਲਾਹੌਰ ਦੇ ਐਮæ ਐਸ਼ ਸੀæ ਗੋਲਡ ਮੈਡਲਿਸਟ ਸਨ। ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਨਿਰਦੇਸ਼ਕ ਰੂਪ ਕੇ ਸ਼ੋਰੀ ਨੇ ਜਦੋਂ ਆਪਣੇ ਪਿਤਾ ਰੌਸ਼ਨ ਲਾਲ ਸ਼ੋਰੀ ਦੇ ਸਾਂਝੇ ਉਦਮ ਨਾਲ ਪੰਜਾਬੀ ਫਿਲਮ ‘ਮੰਗਤੀ’ ਬਣਾਈ ਤਾਂ ਉਸ ਵਿਚ ਨਵੇਂ ਹੀਰੋ ਵਜੋਂ ਮਸੂਦ ਪਰਵੇਜ਼ ਨੂੰ ਪੇਸ਼ ਕੀਤਾ। ਫਿਲਮ ‘ਚ ਮਸੂਦ ਨੇ ‘ਸ਼ਿਆਮ’ ਦਾ ਅਤੇ ਹੀਰੋਇਨ ਮੁਮਤਾਜ਼ ਸ਼ਾਂਤੀ ਨੇ ‘ਮੰਗਤੀ ਲੱਜਯਾ’ ਦਾ ਕਿਰਦਾਰ ਬਾਖੂਬੀ ਅਦਾ ਕੀਤਾ। ਇਸ ਫਿਲਮ ਵਿਚ ਪਹਿਲੀ ਵਾਰ ਪੰਜਾਬੀ ਜ਼ੁਬਾਨ ਦੇ ਮਾਰੂਫ ਲੋਕ ਕਵੀ ਨੰਦ ਲਾਲ ਨੂਰਪੁਰੀ ਨੇ ਫਿਲਮ ਦੇ ਸੰਵਾਦ ਅਤੇ ਗੀਤ ਲਿਖੇ ਸਨ। ਉਨ੍ਹਾਂ ਦੇ ਲਿਖੇ 12 ਗੀਤਾਂ ਦੀਆਂ ਦਿਲਕਸ਼ ਤਰਜ਼ਾਂ ਪੰਡਿਤ ਗੋਬਿੰਦ ਰਾਮ ਨੇ ਤਾਮੀਰ ਕੀਤੀਆਂ ਸਨ। ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹੇ ਇਹ ਮਸ਼ਹੂਰ ਗੀਤ ਹਨ, ‘ਮੈਨੂੰ ਸੁੱਤਿਆਂ ਨੀਂਦ ਨਾ ਆਏ ਮਾਹੀ ਮੇਰਾ ਗੁੱਸੇ-ਗੁੱਸੇ’, ‘ਬਾਂਕੇ ਨੈਣਾਂ ਵਾਲਿਆ ਨੈਣ ਮਿਲਾਂਦਾ ਜਾ ਜ਼ਰਾ’, ‘ਰੱਖੜੀ ਬੰਨ੍ਹਵਾ ਲੈ ਮੇਰੇ ਵੀਰ ਸਾਵਣ ਆਇਆ’ (ਜ਼ੀਨਤ ਬੇਗਮ, ਰਹਿਮਤ ਬਾਈ) ਆਦਿ। ਮਸੂਦ ਅਤੇ ਮੁਮਤਾਜ਼ ਸ਼ਾਂਤੀ ‘ਤੇ ਫਿਲਮਾਇਆ ਗੀਤ ‘ਇਹ ਦੁਨੀਆਂ ਤਾਂ ਖੁਸ਼ ਹੁੰਦੀ ਏ’ (ਜ਼ੀਨਤ ਬੇਗਮ, ਸਤੀਸ਼ ਬਤਰਾ) ਅਤੇ ਮਨੋਰਮਾ ‘ਤੇ ਫਿਲਮਾਇਆ ਗਿਆ ਸ਼ਮਸ਼ਾਦ ਬੇਗਮ ਦਾ ਗੀਤ ‘ਲੁੱਟ ਲੈ ਮਸਤ ਜਵਾਨੀ ਵੇ ਆ ਜਾ ਵੇ ਸੱਜਣਾ’ ਵੀ ਬਹੁਤ ਪਸੰਦ ਕੀਤੇ ਗਏ। ਇਸ ਫਿਲਮ ਦੀ ਜਾਨ ਬਣਿਆ, ਸਤੀਸ਼ ਬਤਰਾ ਅਤੇ ਜ਼ੀਨਤ ਬੇਗਮ ਦਾ ਗਾਇਆ ਗੀਤ ‘ਉਡ ਜਾ ਭੋਲਿਆ ਪੰਛੀਆ, ਏਥੋਂ ਉਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ’ ਜੋ ਪੰਜਾਬੀ ਫਿਲਮ ਇਤਿਹਾਸ ‘ਚ ਅਮਰ ਗੀਤ ਦਾ ਦਰਜਾ ਰੱਖਦਾ ਹੈ। ਸ਼ੁੱਕਰਵਾਰ, 20 ਫਰਵਰੀ 1942 ਨੂੰ ਲਾਹੌਰ ਦੇ ਪ੍ਰਭਾਤ ਟਾਕੀਜ਼ ‘ਚ ਰਿਲੀਜ਼ ਹੋਣ ਵਾਲੀ ਇਸ ਰਿਕਾਰਡ-ਮੇਕਰ ਫਿਲਮ ਨੇ ਲਾਹੌਰ ‘ਚ ਕਮਾਈ ਦੇ ਰਿਕਾਰਡ ਕਾਇਮ ਕਰਦਿਆਂ ਪਹਿਲੀ ਗੋਲਡਨ ਜੁਬਲੀ ਫਿਲਮ ਹੋਣ ਦਾ ਫਖਰ ਹਾਸਲ ਕੀਤਾ।
ਫਿਲਮ ਦੀ ਇੰਤਹਾਈ ਕਾਮਯਾਬੀ ਤੋਂ ਬਾਅਦ ਮਸੂਦ ਪਰਵੇਜ਼ ਨੇ ਸਿਰਫ 2 ਹਿੰਦੀ ਫਿਲਮਾਂ ‘ਚ ਅਦਾਕਾਰੀ ਕਰਨ ਤੋਂ ਇਲਾਵਾ ਤੀਜੀ ਫਿਲਮ ਦਾ ਸਕਰੀਨ-ਪਲੇਅ ਲਿਖਿਆ। ਪਹਿਲੀ ਸ਼ਾਲੀਮਾਰ ਪਿਕਚਰਜ਼, ਪੂਨਾ ਦੀ ਐਮæ ਵਾਧਵਾਨੀ ਨਿਰਦੇਸ਼ਿਤ ‘ਗੁਲਾਮੀ’ (1945) ਸੀ, ਜਿਸ ਵਿਚ ਮਸੂਦ ਪਰਵੇਜ਼ ਦੇ ਸਨਮੁੱਖ ਹੀਰੋਇਨ ਰੇਨੂਕਾ ਦੇਵੀ ਅਦਾਕਾਰੀ ਕਰ ਰਹੀ ਸੀ। ਸੰਗੀਤਕਾਰ ਐਸ਼ ਕੇæ ਪਾਲ ਦੀ ਨਿਰਦੇਸ਼ਨਾ ਹੇਠ ਫਿਲਮ ਦੇ 9 ਗੀਤਾਂ ‘ਚੋਂ 3 ਗੀਤ ਮਸੂਦ ਨੇ ਅਦਾਕਾਰਾ ਰੇਨੂਕਾ ਨਾਲ ਗਾਏ, ਜੋ ਉਨ੍ਹਾਂ ‘ਤੇ ਹੀ ਫਿਲਮਾਏ ਗਏ ਸਨ: ‘ਏ ਵਤਨ ਮੇਰੇ ਵਤਨ, ਤੁਝ ਪੇ ਮੇਰੀ ਜਾਂ ਨਿਸਾਰ’, ‘ਨਾਚੋ-ਨਾਚੋ ਛਨਨ ਛਮ, ਝੂਮ-ਝੂਮ’ ਤੇ ਤੀਜੀ ਲਾਫਾਨੀ ਗਜ਼ਲ ‘ਏ ਗ਼ਮ-ਏ-ਦਿਲ ਕਯਾ ਕਰੂੰ, ਏ ਵਹਿਸ਼ਤ-ਏ-ਦਿਲ ਕਯਾ ਕਰੂੰ।’
ਸ਼ਾਲੀਮਾਰ ਪਿਕਚਰਜ਼, ਪੂਨਾ ਦੀ ਹੀ ਨਿਰਦੇਸ਼ਕ ਡਬਲਿਊ ਜ਼ੈੱਡ ਅਹਿਮਦ ਨਿਰਦੇਸ਼ਿਤ ਭਗਤੀ ਪ੍ਰਧਾਨ ਫਿਲਮ ‘ਮੀਰਾਂ ਬਾਈ’ (1947) ਮਸੂਦ ਦੀ ਹੀਰੋ ਵਜੋਂ ਦੂਜੀ ਫਿਲਮ ਸੀ, ਜਿਸ ਵਿਚ ਹੀਰੋਇਨ ਨੀਨਾ ‘ਮੀਰਾ ਬਾਈ’ ਦਾ ਰੋਲ ਕਰ ਰਹੀ ਸੀ, ਜੋ ਬਾਅਦ ਵਿਚ ਡਬਲਿਊ ਜ਼ੈਡ ਅਹਿਮਦ ਦੀ ਸ਼ਰੀਕ-ਏ-ਹਿਆਤ ਬਣੀ। ਭਾਰਤ ਵਿਚ ਉਸ ਦੀ ਆਖਰੀ ਫਿਲਮ ਵੀ ਸ਼ਾਲੀਮਾਰ ਪਿਕਚਰਜ਼, ਬੰਬੇ ਦੀ ਨਿਰਦੇਸ਼ਕ ਕਮਲਾਕਰ ਦੀ ‘ਸ਼ਹਿਜ਼ਾਦੀ’ (1941) ਸੀ, ਜਿਸ ਦੀ ਕਹਾਣੀ ਅਤੇ ਸਕਰੀਨ ਪਲੇਅ ਮਸੂਦ ਪਰਵੇਜ਼ ਨੇ ਲਿਖਿਆ ਸੀ।
ਦੇਸ਼ ਦੀ ਵੰਡ ਤੋਂ ਬਾਅਦ ਮਸੂਦ ਪਰਵੇਜ਼ ਆਪਣੇ ਪੁਸ਼ਤੈਨੀ ਸ਼ਹਿਰ ਅੰਮ੍ਰਿਤਸਰ ਨੂੰ ਖੈਰਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਜਾ ਵੱਸੇ। ਇਥੇ ਮਸੂਦ ਨੇ ਆਪਣੇ ਜ਼ਾਤੀ ਬੈਨਰ ਪਰਵੇਜ਼ ਪ੍ਰੋਡਕਸ਼ਨ ਲਿਮਟਿਡ, ਲਾਹੌਰ ਹੇਠ ਵੰਡ ਦੇ ਵਿਸ਼ੇ ਉਤੇ ਪਹਿਲੀ ਉਰਦੂ ਫਿਲਮ ‘ਬੇਲੀ’ (1950) ਬਣਾਈ। ਫਿਲਮ ‘ਚ ਸੰਗੀਤਕਾਰ ਰਫੀਕ ਗਜ਼ਨਵੀ (ਰਾਵਲਪਿੰਡੀ) ਦੀ ਧੀ ਅਤੇ ਗਾਇਕਾ ਸਲਮਾ ਆਗਾ ਦੀ ਮਾਸੀ ‘ਸ਼ਾਹੀਨਾ’ ਨੂੰ ਪਹਿਲੀ ਹੀਰੋਇਨ ਦੇ ਤੌਰ ‘ਤੇ ਪੇਸ਼ ਕਰਨ ਦੇ ਨਾਲ ਬਾਲੋ-ਮਾਹੀਏ ਦੀ ਧੀ ਸਬੀਹਾ ਖਾਨਮ (ਗੁਜਰਾਤ) ਨੂੰ ਵੀ ਪੇਸ਼ ਕੀਤਾ ਸੀ। ਫਿਲਮ ਦੀ ਕਹਾਣੀ ਸਆਦਤ ਹਸਨ ਮੰਟੋ ਨੇ ਲਿਖੀ ਸੀ। ਮੌਸੀਕਾਰ ਰਸ਼ੀਦ ਅਤਰੇ (ਅੰਮ੍ਰਿਤਸਰੀ) ਦੀਆਂ ਦਿਲਕਸ਼ ਧੁਨਾਂ ਵਾਲੀ ਇਸ ਫਿਲਮ ਵਿਚ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਨਜ਼ਮ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ’ ਵੀ ਸ਼ਾਮਲ ਕੀਤੀ ਗਈ, ਪਰ ਇਸ ਦਾ ਰਿਕਾਰਡ ਜਾਰੀ ਨਹੀਂ ਹੋਇਆ ਸੀ।
ਉਨ੍ਹਾਂ ਦੀ ਅਸਲ ਪਛਾਣ ਬਣੀ ਉਰਦੂ ਫਿਲਮ ‘ਇੰਤਜ਼ਾਰ’ (1956) ਤੋਂ, ਜਿਸ ਨੂੰ ਉਰਦੂ ਦੀਆਂ ਸ਼ਾਹਕਾਰ ਨਗਮਾਤੀ ਫਿਲਮਾਂ ਵਿਚ ਸ਼ੁਮਾਰਿਆ ਜਾਂਦਾ ਹੈ। ਇਹ ਪਹਿਲੀ ਫਿਲਮ ਸੀ, ਜਿਸ ਨੂੰ ‘ਸਦਾਰਤੀ ਐਵਾਰਡ’ ਅਤੇ ਮਸੂਦ ਪਰਵੇਜ਼ ਨੂੰ ਪਾਕਿਸਤਾਨ ਦਾ ਪਹਿਲਾ ਐਵਾਰਡ-ਯਾਫਤਾ ਨਿਰਦੇਸ਼ਕ ਹੋਣ ਦਾ ਮਾਣ ਹਾਸਲ ਹੋਇਆ ਸੀ। ਮਸੂਦ ਪਰਵੇਜ਼ ਦੇ ਨਿਰਦੇਸ਼ਨ ‘ਚ ਬਣੀ ਤੀਜੀ ਉਰਦੂ ਫਿਲਮ ‘ਜ਼ਹਿਰ-ਏ-ਇਸ਼ਕ’ (1958) ਸੀ। ਪ੍ਰਸਿਧ ਸੰਗੀਤਕਾਰ ਖਵਾਜ਼ਾ ਖੁਰਸ਼ੀਦ ਅਨਵਰ ਦੀ ਫਿਲਮਕਾਰੀ ‘ਚ ਬਣੀ ਉਰਦੂ ਫਿਲਮ ‘ਝੂਮਰ’ (1959) ਦੇ ਨਿਰਦੇਸ਼ਨ ਦਾ ਮਾਣ ਵੀ ਮਸੂਦ ਪਰਵੇਜ਼ ਨੂੰ ਹਾਸਲ ਹੋਇਆ ਸੀ। ਫਿਲਮ ‘ਕੋਇਲ’ (1959) ਮਸੂਦ ਪਰਵੇਜ਼ ਦੀ ਫਿਲਮਸਾਜ਼ੀ ਅਤੇ ਨਿਰਦੇਸ਼ਨ ਹੇਠ ਰਿਲੀਜ਼ ਹੋਈ ਯਾਦਗਾਰੀ ਫਿਲਮ ਸੀ, ਜੋ ਨੂਰਜਹਾਂ ਅਤੇ ਹੀਰੋ ਅਸਲਮ ਪਰਵੇਜ਼ ਦੀ ਟਿਕਟ ਖਿੜਕੀ ‘ਤੇ ਸਭ ਤੋਂ ਕਾਮਯਾਬ ਫਿਲਮ ਸੀ।
ਇਨ੍ਹਾਂ ਸ਼ਾਹਕਾਰ ਫਿਲਮਾਂ ਤੋਂ ਇਲਾਵਾ ਉਨ੍ਹਾਂ ਦੀ ਨਿਰਦੇਸ਼ਨਾ ‘ਚ ਉਰਦੂ ਫਿਲਮਾਂ ‘ਮੰਜ਼ਿਲ’ (1960), ‘ਸੁਖ ਕਾ ਸਪਨਾ’ (1962) ਅਤੇ ‘ਸਰਹੱਦ’ (1966) ਰਿਲੀਜ਼ ਹੋਈਆਂ। ਮਸੂਦ ਪਰਵੇਜ਼ ਦੇ ਨਿਰਦੇਸ਼ਨ ਹੇਠ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ ਜੱਟ’ (1967) ਸੀ, ਜੋ ਇਨ੍ਹਾਂ ਦੇ ਫਿਲਮ ਕਰੀਅਰ ਦੀ ਸੁਪਰਹਿਟ ਫਿਲਮ ਸਾਬਤ ਹੋਈ। ਇਹ ਫਿਲਮ ਮਸ਼ਹੂਰ ਜੋੜੀ ਫਿਰਦੌਸ ਅਤੇ ਇਜਾਜ਼ ਦੁਰਾਨੀ ਦੀ ਵੀ ਪਹਿਲੀ ਸੁਪਰਹਿਟ ਫਿਲਮ ਸੀ। ਇਸ ਫਿਲਮ ਦੇ ਗੀਤ ਅਹਿਮਦ ਰਾਹੀ (ਅੰਮ੍ਰਿਤਸਰੀ) ਅਤੇ ਸੰਗੀਤ ਰਸ਼ੀਦ ਅਤਰੇ ਨੇ ਦਿੱਤਾ ਸੀ। ਫਿਲਮ ਦੇ ਤਮਾਮ ਗੀਤ ਬਹੁਤ ਹਿੱਟ ਹੋਏ, ਪਰ ਨੂਰਜਹਾਂ ਦਾ ‘ਸੂੰਝੇ ਦਿਲ ਵਾਲੇ ਬੂਹੇ ਅਜੇ ਮੈਂ ਨਈਓ ਢੋਏ’ ਸਦਾਬਹਾਰ ਗੀਤ ਦਾ ਦਰਜਾ ਰੱਖਦਾ ਹੈ।
1968 ਵਿਚ ਮਸੂਦ ਪਰਵੇਜ਼ ਨੇ ਅਦਾਕਾਰ ਇਜਾਜ਼ ਦੁਰਾਨੀ ਨਾਲ ਪਹਿਲੀ ਵਾਰੀ ਕਾਰੋਬਾਰੀ ਸਾਂਝ ਪਾਉਂਦਿਆਂ ਪੰਜਾਬੀ ਫਿਲਮ ‘ਮੁਰਾਦ ਬਲੋਚ’ ਬਣਾਈ ਜੋ ਫਲਾਪ ਰਹੀ। ਮਸੂਦ ਪਰਵੇਜ਼ ਦੀ ਨਿਰਦੇਸ਼ਨਾ ‘ਚ ਬਣੀ ਪੰਜਾਬੀ ਫਿਲਮ ‘ਨਿੱਕੇ ਹੁੰਦਿਆਂ ਦਾ ਪਿਆਰ’ (1969) ‘ਚ ਪਹਿਲੀ ਵਾਰ ਸੰਗੀਤਕਾਰ ਰਸ਼ੀਦ ਅੱਤਰੇ ਦੇ ਪੁੱਤ ਵਜਾਹਤ ਅਤਰੇ ਨੂੰ ਸੰਗੀਤਕਾਰੀ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਇਸ ਫਿਲਮ ‘ਚ ਅਹਿਮਦ ਰਾਹੀ ਦੇ ਲਿਖੇ ਗੀਤ ਨੂੰ ਨੂਰਜਹਾਂ ਤੋਂ ਗਵਾਇਆ ‘ਆਂਦਾ ਤੇਰੇ ਲਈ ਰੇਸ਼ਮੀ ਰੁਮਾਲ ਵੇ ਉਤੇ ਤੇਰਾ ਨਾਂ ਕੱਢਿਆ, ਵੇ ਮੈਂ ਬੜਿਆਂ ਹੀ ਚਾਵਾਂ ਨਾਲ’ ਬੜਾ ਹਿੱਟ ਹੋਇਆ। ਮੁਹੰਮਦ ਅਮੀਨ ਦੀ ਨਿਰਦੇਸ਼ਨਾ ‘ਚ ਮਸੂਦ ਪਰਵੇਜ਼ ਤੇ ਇਜਾਜ਼ ਦੁਰਾਨੀ ਨੇ ਪੰਜਾਬੀ ਫਿਲਮ ‘ਦੁੱਲਾ ਹੈਦਰੇ’ (1969) ਦਾ ਨਿਰਮਾਣ ਕੀਤਾ। ਇਹ ਫਿਲਮ ‘ਦੁੱਲਾ ਭੱਟੀ’ (1956) ਦੀ ਨਕਲ ਸੀ ਜੋ ਵੱਡੀ ਸਟਾਰ ਕਾਸਟ ਹੋਣ ਦੇ ਬਾਵਜੂਦ ਵੀ ਨਾਕਾਮ ਰਹੀ।
1970 ‘ਚ ਤੀਜੀ ਵਾਰ ਮਸੂਦ ਪਰਵੇਜ਼ ਅਤੇ ਇਜਾਜ਼ ਦੁਰਾਨੀ (ਜਲਾਲਪੁਰ ਜੱਟਾਂ, ਗੁਜਰਾਤ) ਨੇ ਸਾਂਝੇ ਤੌਰ ‘ਤੇ ਪੰਜਾਬੀ ਫਿਲਮ ‘ਹੀਰ ਰਾਂਝਾ’ ਬਣਾਈ, ਜਿਸ ਦੇ ਨਿਰਦੇਸ਼ਕ ਵੀ ਉਹ ਖੁਦ ਸਨ। ਅਹਿਮਦ ਰਾਹੀ ਨੇ ਇਸ ਫਿਲਮ ਦਾ ਸਕਰੀਨ ਪਲੇਅ ਅਤੇ ਯਾਦਗ਼ਾਰੀ ਗੀਤ ਲਿਖੇ। ਸੰਗੀਤਕਾਰ ਖਵਾਜ਼ਾ ਖੁਰਸ਼ੀਦ ਅਨਵਰ (ਮੀਆਂਵਾਲੀ) ਦੀਆਂ ਧੁੰਨਾਂ ‘ਚ ਸਿਰਜੇ ‘ਓ ਵੰਝਲੀ ਵਾਲੜਿਆ ਤੂੰ ਤੇ ਮੋਹ ਲਈ ਇਕ ਮੁਟਿਆਰ’, ‘ਸੁਣ ਵੰਝਲੀ ਦੀ ਮਿੱਠੜੀ ਤਾਨ ਵੇ’, ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ (ਨੂਰਜਹਾਂ) ਅੱਜ ਵੀ ਤਰੋ-ਤਾਜ਼ਾ ਹਨ। ਆਪਣੀ ਖੂਬਸੂਰਤ ਸੰਵਾਦ-ਅਦਾਇਗੀ ਕਰਕੇ ਦੋਵਾਂ ਪੰਜਾਬਾਂ ਵਿਚ ਅੱਜ ਵੀ ਇਹ ਫਿਲਮ ਬੇਹੱਦ ਪਸੰਦ ਕੀਤੀ ਜਾਂਦੀ ਹੈ। ਨਿਰਦੇਸ਼ਕ ਮਸੂਦ ਪਰਵੇਜ਼ ਨੇ ਐਵਰਨਿਊ ਪਿਕਚਰਜ਼ ਦੇ ਬੈਨਰ ਹੇਠ ਫਿਲਮਸਾਜ਼ ਆਗਾ ਜੀæਏæ ਗੁਲ ਲਈ ਉਰਦੂ ਫਿਲਮ ‘ਨਜਮਾ’ (1970) ਬਣਾਈ। ਉਨ੍ਹਾਂ ਨੇ 1970 ‘ਚ ਪੰਜਾਬੀ ਫਿਲਮ ‘ਯਾਰ ਤੇ ਪਿਆਰ’ (1970) ਅਤੇ 1971 ਵਿਚ ‘ਵਾਰਿਸ’ (1971) ਬਣਾਈ, ਜਿਸ ਦੇ ਨਿਰਦੇਸ਼ਕ ਵਹੀਦ ਡਾਰ ਸਨ। ਮਸੂਦ ਪਰਵੇਜ਼ ਨੇ ਚੌਥੀ ਅਤੇ ਆਖਰੀ ਵਾਰ ਇਜਾਜ਼ ਦੁਰਾਨੀ ਨਾਲ ਫਿਲਮੀ ਸਾਂਝੇਦਾਰੀ ਕਰਦਿਆਂ ਪੰਜਾਬੀ ਫਿਲਮ ‘ਪੁਨੂੰ ਦੀ ਸੱਸੀ’ (1972) ਬਣਾਈ ਜੋ ਫਲਾਪ ਰਹੀ। ਫਿਰ ਮਸੂਦ ਪਰਵੇਜ਼ ਨੇ ਪੰਜਾਬੀ ਫਿਲਮ ‘ਮੇਰਾ ਨਾਮ ਪਾਟੇ ਖਾਨ’ (1974) ਦੀ ਨਿਰਦੇਸ਼ਨਾ ਕੀਤੀ, ਪਰ ਇਹ ਫਿਲਮ ਵੀ ਕਾਮਯਾਬੀ ਤੋਂ ਮਹਿਰੂਮ ਰਹੀ। 1977 ‘ਚ ਮਸੂਦ ਪਰਵੇਜ਼ ਨੇ ਫਿਲਮਸਾਜ਼ ਅਸਲਮ ਚੌਧਰੀ ਲਈ ਉਰਦੂ ਫਿਲਮ ‘ਇਨਸਾਨ’ ਅਤੇ ਫਿਲਮਸਾਜ਼ ਫਜ਼ਲ ਹੁਸੈਨ ਲਈ ਉਰਦੂ ਫਿਲਮ ‘ਨਯਾ ਸੂਰਜ’ ਬਣਾਈ। 1978 ‘ਚ ਮਸੂਦ ਨੇ ਉਰਦੂ ਫਿਲਮ ‘ਹੈਦਰ ਅਲੀ’ ਬਣਾਈ। 23 ਮਾਰਚ, 1979 ਨੂੰ ਪਾਕਿਸਤਾਨ ਦੇ ਸਰਕਾਰੀ ਅਦਾਰੇ ਨੈਫਡਕ ਦੀ ਉਰਦੂ ਫਿਲਮ ‘ਖਾਕ-ਓ-ਖੂਨ’ ਦੀ ਨਿਰਦੇਸ਼ਨਾ ਕੀਤੀ, ਪਰ ਫਿਲਮ ਡੱਬਾ ਬੰਦ ਹੋ ਗਈ।
ਹੁਣ ਸੰਗੀਤਮਈ ਰੂਮਾਨੀ ਫਿਲਮਾਂ ਦਾ ਜ਼ਮਾਨਾ ਚਲਾ ਗਿਆ ਸੀ ਤੇ ਐਕਸ਼ਨ ਫਿਲਮਾਂ ਦੀ ਸਲਤਨਤ ਕਾਇਮ ਹੋ ਗਈ ਸੀ। ਅਜਿਹੀਆਂ ਫਿਲਮਾਂ ਮਸੂਦ ਪਰਵੇਜ਼ ਜਿਹੇ ਨਿਰਦੇਸ਼ਕ ਦੇ ਵੱਸ ਦੀ ਗੱਲ ਨਹੀਂ ਸਨ। ਲਿਹਾਜ਼ਾ ਉਨ੍ਹਾਂ ਨੇ ਫਿਲਮਾਂ ਤੋਂ ਕਿਨਾਰਾਕਸ਼ੀ ਕਰ ਲਈ। 1982 ਵਿਚ ਫਿਲਮਸਾਜ਼ ਸਰਵਰ ਭੱਟੀ ਨੇ ਮਸੂਦ ਦੀ ਹਿਦਾਇਤਕਾਰੀ ਵਿਚ ਪੰਜਾਬੀ ਫਿਲਮ ‘ਮਿਰਜ਼ਾ ਜੱਟ’ ਬਣਾਈ, ਪਰ ਫਿਲਮ ਨਾਕਾਮ ਰਹੀ ਅਤੇ ਇਹੀ ਫਿਲਮ ਉਨ੍ਹਾਂ ਦੋਵੇਂ ਫਨਕਾਰਾਂ ਦੀ ਆਖਰੀ ਫਿਲਮ ਸਾਬਤ ਹੋਈ ਸੀ।
ਮਸੂਦ ਪਰਵੇਜ਼ ਨੇ ਆਪਣੇ ਆਬਾਈ ਵਤਨ ਭਾਰਤ ਵਿਚ ਵੰਡ ਤੋਂ ਪਹਿਲਾਂ 4 ਫਿਲਮਾਂ (1942 ਤੋਂ 1947) ਵਿਚ ਕੰਮ ਕੀਤਾ। ਇਨ੍ਹਾਂ ‘ਚ ਇਕ ਪੰਜਾਬੀ ਅਤੇ 3 ਹਿੰਦੀ ਫਿਲਮਾਂ ਸ਼ਾਮਲ ਹਨ। ਮਸੂਦ ਪਰਵੇਜ਼ ਨੇ ਪਾਕਿਸਤਾਨ ਵਿਚ ਆਪਣੀ ਹਿਦਾਇਤਕਾਰੀ ਅਤੇ ਫਿਲਮਸਾਜ਼ੀ ਵਿਚ ਕੁੱਲ 24 ਫਿਲਮਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਵਿਚ 13 ਉਰਦੂ (1950 ਤੋਂ 1979) ਅਤੇ 11 ਪੰਜਾਬੀ ਫਿਲਮਾਂ (1967 ਤੋਂ 1982) ਸ਼ਾਮਲ ਹਨ। ਹਿੰਦ-ਪਾਕਿ ਫਿਲਮਾਂ ਦਾ ਇਹ ਅਦਾਕਾਰ, ਗੁਲੂਕਾਰ, ਫਿਲਮਸਾਜ਼ ਅਤੇ ਹਿਦਾਇਤਕਾਰ 10 ਮਾਰਚ, 2001 ਨੂੰ 84 ਸਾਲਾਂ ਦੀ ਉਮਰੇ ਲਾਹੌਰ (ਪਾਕਿਸਤਾਨ) ਵਿਚ ਵਫਾਤ ਪਾ ਗਿਆ।