ਅਮੀਰਾਂ ਦੀ ਸੂਚੀ ‘ਚ ਭਾਰਤ ਦੇ ਹਿੰਦੂਜਾ ਭਰਾਵਾਂ ਦੀ ਬੱਲੇ ਬੱਲੇ

ਲੰਡਨ: ਬਰਤਾਨੀਆ ਵੱਲੋਂ ਜਾਰੀ ਕੀਤੀ ਗਈ ਅਮੀਰਾਂ ਦੀ ਸਾਲਾਨਾ ਸੂਚੀ ਵਿਚ ਭਾਰਤ ਦੇ ਜੰਮਪਲ ਹਿੰਦੂਜਾ ਭਰਾਵਾਂ ਨੂੰ ਦੂਜੀ ਥਾਂ ਦਿੱਤੀ ਗਈ ਹੈ। ‘ਸੰਡੇ ਟਾਈਮਜ਼ ਰਿੱਚ ਲਿਸਟ’ ਵਿਚ ਕੈਮੀਕਲਜ਼ ਨਾਲ ਸਬੰਧਤ ਸਨਅਤਕਾਰ ਜਿਮ ਰੈਟਕਲਿਫ ਨੇ ਇਨ੍ਹਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਲੰਡਨ ਵਿਚ ਰਹਿਣ ਵਾਲੇ ਹਿੰਦੂਜਾ ਭਰਾਵਾਂ ਸ੍ਰੀਚੰਦ ਅਤੇ ਗੋਪੀ ਚੰਦ ਨੂੰ ਅੰਦਾਜ਼ਨ 20. 64 ਅਰਬ ਪੌਂਡ ਨਾਲ ਰੈਟਕਲਿਫ ਦੇ 21. 05 ਅਰਬ ਪੌਂਡ ਦੇ ਮੁਕਾਬਲੇ ਦੂਜੇ ਸਥਾਨ ਉਤੇ ਰੱਖਿਆ ਗਿਆ ਹੈ।

ਬ੍ਰਿਟੇਨ ਦੇ ਇਨ੍ਹਾਂ ਇਕ ਹਜ਼ਾਰ ਅਮੀਰਾਂ ਦੀ ਇਸ ਸਾਲ 2018 ਦੀ ਜਾਰੀ ਸੂਚੀ ਵਿਚ 47 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਨੂੰ ਸੰਕਲਿਤ ਕਰਨ ਵਾਲੇ ਰੌਬਰਟ ਵਾਟਸ ਦਾ ਕਹਿਣਾ ਹੈ ਕਿ ਬ੍ਰਿਟੇਨ ਤੇਜ਼ੀ ਨਾਲ ਬਦਲ ਰਿਹਾ ਹੈ। ਛੋਟੇ ਛੋਟੇ ਕੰਮ ਕਰਨ ਵਾਲੇ ਵਪਾਰੀ ਅੱਜ ਵੱਡੇ ਉਦਯੋਗਪਤੀ ਬਣ ਗਏ ਹਨ। ਰੈਟਕਲਿਫ਼ ਬ੍ਰਿਟੇਨ ਵਿਚ ਜੰਮਿਆ ਪਲਿਆ ਸਨਅਤਕਾਰ ਹੈ ਜਿਸ ਨੇ ਮਿਹਨਤ ਕਰ ਕੇ ਕੈਮੀਕਲ ਕੰਪਨੀ ਦੀ ਸ਼ੁਰੂਆਤ ਕੀਤੀ ਤੇ 2017 ਵਿਚ ਇਸ ਕਾਰੋਬਾਰ ਵਿਚ ਸਿਖਰਲੇ ਸਥਾਨ ਉਤੇ ਪੁੱਜਿਆ। ਜਦੋਂ ਕਿ ਗੋਪੀ (78) ਅਤੇ ਸ੍ਰੀਚੰਦ (82) ਜਨੇਵਾ ਅਤੇ ਮੁੰਬਈ ਦੇ ਪ੍ਰਕਾਸ਼ (72) ਅਤੇ ਅਸ਼ੋਕ (67) ਦੇ ਭਰਾ ਹਨ। ਪਿਛਲੇ ਸਾਲ ਇਹ ਇਸ ਲਿਸਟ ਵਿਚ ਸਿਖਰ ਉਤੇ ਸਨ।
ਭਾਰਤੀ ਸਨਅਤਕਾਰ ਭਰਾ ਡੈਵਿਡ ਅਤੇ ਸਾਈਮਨ ਰਿਉਬੇਨ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ ਉਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਸਟੀਲ ਸਨਅਤ ਦੇ ਧਨਾਢ ਲਕਸ਼ਮੀ ਐਨ ਮਿੱਤਲ 14. 66 ਅਰਬ ਪੌਂਡ ਚੌਥੇ ਸਥਾਨ ਤੋਂ ਖਿਸਕ ਕੇ ਪੰਜਵੇਂ ਸਥਾਨ ਉਤੇ ਪਹੁੰਚ ਗਏ ਹਨ। 67 ਸਾਲਾ ਮਿੱਤਲ ਦੁਨੀਆ ਦੀ ਕਾਰ ਇੰਡਸਟਰੀ ਨੂੰ ਇਕ ਚੌਥਾਈ ਹਿੱਸਾ ਸਟੀਲ ਦਾ ਮੁਹੱਈਆ ਕਰਾਉਂਦੇ ਹਨ। ਇਸ ਲਿਸਟ ਵਿਚ ਸ਼ਾਮਲ ਹੋਰਨਾਂ ਭਾਰਤੀਆਂ ਵਿਚ 25ਵੇਂ ਸਥਾਨ ਉਤੇ ਸ੍ਰੀ ਪ੍ਰਕਾਸ਼ ਲੋਹੀਆ, 59ਵੇਂ ਸਥਾਨ ਉਤੇ ਭਵਗੁਥੂ ਸ਼ੇਟੀ, 60ਵੇਂ ਸਥਾਨ ‘ਤੇ ਸਿਮਨ, ਬੌਬੀ, ਅਤੇ ਰੌਬਿਨ ਅਰੋੜਾ, 75ਵੇਂ ਸਥਾਨ ਉਤੇ ਕਿਰਨ ਮਜੂਮਦਾਰ ਸ਼ਾਵ, 90ਵੇਂ ਸਥਾਨ ਉਤੇ ਲਾਰਡ ਸਵਰਾਜ ਪੌਲ, 96ਵੇਂ ਸਥਾਨ ‘ਤੇ ਨਵੀਨ ਅਤੇ ਵਰਸ਼ਾ ਇੰਜੀਨੀਅਰ, 105ਵੇਂ ਸਥਾਨ ਉਤੇ ਟੋਨੀ ਅਤੇ ਹਰਪਾਲ ਮਠਾਰੂ ਅਤੇ 131ਵੇਂ ਸਥਾਨ ‘ਤੇ ਜਸਮਿੰਦਰ ਸਿੰਘ ਦਾ ਪਰਿਵਾਰ ਸਮੇਤ ਹੋਰ ਸ਼ਾਮਲ ਹਨ।
_________________________
ਫੋਰਬਸ ਸੂਚੀ ‘ਚ ਮੋਦੀ ਨੂੰ ਨੌਵੀਂ ਥਾਂ
ਨਿਊ ਯਾਰਕ: ਫੋਰਬਸ ਨੇ ਇਸ ਸਾਲ ਦੁਨੀਆਂ ਦੇ 75 ਸ਼ਕਤੀਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੌਵੇਂ ਸਥਾਨ ਉਤੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਪਛਾੜ ਕੇ ਸੂਚੀ ਵਿਚ ਅੱਵਲ ਸਥਾਨ ਹਾਸਲ ਕੀਤਾ ਹੈ। ਫੋਰਬਸ ਨੇ ਲਿਖਿਆ ਕਿ ਧਰਤੀ ਉਤੇ ਇਸ ਵੇਲੇ 7. 5 ਅਰਬ ਲੋਕ ਹਨ ਪਰ ਦੁਨੀਆਂ ਦੀ ਕਮਾਨ 75 ਜਣਿਆਂ ਦੇ ਹੱਥਾਂ ਵਿਚ ਹੈ। ਰਿਲਾਇੰਸ ਇੰਡਸਟ੍ਰੀਜ਼ ਦਾ ਚੇਅਰਮੈਨ ਮੁਕੇਸ਼ ਅੰਬਾਨੀ 41. 2 ਅਰਬ ਡਾਲਰ ਦੀ ਕਮਾਈ ਨਾਲ 32ਵੇਂ ਨੰਬਰ ਉਤੇ ਹੈ ਤੇ ਜਦਕਿ ਮਾਈਕ੍ਰੋਸਾਫਟ ਦਾ ਸੀ. ਈ. ਓ. ਸੱਤਿਆ ਨਡੇਲਾ 40ਵੇਂ ਨੰਬਰ ਉਤੇ ਹੈ।