ਅਨਾਜ ਘੁਟਾਲਾ: ਪਰਤਾਂ ਖੁਲ੍ਹਣ ਲੱਗੀਆਂ

ਚੰਡੀਗੜ੍ਹ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚ ਪਰਤ-ਦਰ-ਪਰਤ ਘਪਲੇ ਉਜਾਗਰ ਹੋ ਰਹੇ ਹਨ। ਸਿਆਸੀ ਸਰਪ੍ਰਸਤੀ ਹੇਠ ਕੰਮ ਕਰਦੇ ਮੁਲਾਜ਼ਮਾਂ ਤੇ ਅਫਸਰਾਂ ਵੱਲੋਂ ਗੁਦਾਮਾਂ ਵਿਚੋਂ ਅਨਾਜ ਘਟਾਉਣ ਅਤੇ ਘੱਟ ਤੋਲਣ ਜਿਹੇ ਮਾਮਲੇ ਸਾਹਮਣੇ ਆਉਣ ਨਾਲ ਇਸ ਵਿਭਾਗ ਵਿਚ ਕਰੋੜਾਂ ਰੁਪਏ ਦੇ ਘਪਲੇ ਹੋਣ ਦੀ ਨਿਸ਼ਾਨਦੇਹੀ ਹੁੰਦੀ ਹੈ।

ਵਿਭਾਗ ਵੱਲੋਂ ਹੁਣ ਤੱਕ ਇੰਸਪੈਕਟਰ ਪੱਧਰ ਦੇ ਤਿੰਨ ਅਫਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਜਦੋਂ ਕਿ ਅੰਮ੍ਰਿਤਸਰ ਖਿੱਤੇ ‘ਚ 150 ਕਰੋੜ ਰੁਪਏ ਤੋਂ ਵੀ ਵੱਡੇ ਘਪਲੇ ਦੀ ਜਾਂਚ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੰਵਲਜੀਤ ਸਿੰਘ ਸੰਘਾ ਦੀ ਨਿਗਰਾਨੀ ਹੇਠ ਚੱਲ ਰਹੀ ਜਾਂਚ ਦਾ ਰੌਚਕ ਪਹਿਲੂ ਇਹ ਹੈ ਕਿ ਇਸ ਘਪਲੇ ਦਾ ਕਰਤਾ-ਧਰਤਾ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਇਕ ਇੰਸਪੈਕਟਰ ਹੀ ਹੈ। ਇਸ ਇੰਸਪੈਕਟਰ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚ ਪਿਛਲੇ ਇਕ ਦਹਾਕੇ ਦੌਰਾਨ ਚੰਮ ਦੀਆਂ ਚਲਾਉਣ ਦੀਆਂ ਸ਼ਿਕਾਇਤਾਂ ਵੀ ਉਚ ਅਧਿਕਾਰੀਆਂ ਨੂੰ ਮਿਲੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਭਾਗ ਵਿਚ 31 ਹਜ਼ਾਰ ਕਰੋੜ ਰੁਪਏ ਦੀਆਂ ਗੜਬੜੀਆਂ ਦੀ ਵੱਖਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾ ਸ਼ਾਸਨ ਦੌਰਾਨ ਇਸ ਵਿਭਾਗ ਦਾ ਮੁਕੰਮਲ ਕੰਟਰੋਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਥ ਸੀ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਾਣਾ ਵਿਚ ਪਨਗਰੇਨ ਦੇ ਸਟਾਕ ਵਿਚ ਭਾਰੀ ਕਮੀ ਦਾ ਮਾਮਲਾ ਸਾਹਮਣੇ ਆਇਆ ਤਾਂ ਜਸਪ੍ਰੀਤ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਗਿਆ। ਬਰਨਾਲਾ ਵਿਚ ਵੀ ਕਣਕ ਦੇ ਮਾਮਲੇ ਵਿਚ ਵੱਡਾ ਘਪਲਾ ਸਾਹਮਣੇ ਆਉਣ ‘ਤੇ ਮਨਪ੍ਰੀਤ ਸਿੰਘ ਨਾਮੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ।
ਅੰਮ੍ਰਿਤਸਰ ਜ਼ਿਲ੍ਹੇ ਵਿਚ ਅਰੁਣ ਖੋਸਲਾ ਨਾਮੀ ਇੰਸਪੈਕਟਰ ਕਣਕ ਘੱਟ ਤੋਲਦਾ ਫੜਿਆ ਗਿਆ। ਸੂਤਰਾਂ ਮੁਤਾਬਕ ਹਰਮਨ ਸਿੰਘ ਥਿੰਦ ਨਾਮੀ ਇੰਸਪੈਕਟਰ ਵਿਰੁੱਧ ਥੋਕ ‘ਚ ਸ਼ਿਕਾਇਤਾਂ ਆਉਣ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਭੇਜ ਕੇ ਪੜਤਾਲ ਕਰਾਈ ਜਾ ਰਹੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਵੱਡੇ ਘਪਲੇ ਹੋਣ ਦੇ ਤੱਥ ਸਾਹਮਣੇ ਆ ਰਹੇ ਹਨ। ਆਟਾ-ਦਾਲ ਯੋਜਨਾ ਦੇ ਫਰਜ਼ੀ ਲਾਭਪਾਤਰੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕਣਕ ਦੀ ਖਰੀਦ ਤੋਂ ਪਹਿਲਾਂ ਭੰਡਾਰ ਲਈ ਲੱਕੜ ਦੇ ਕਰੇਟ ਖਰੀਦੇ ਗਏ ਸਨ, ਜਿਨ੍ਹਾਂ ਦੀ ਖਰੀਦ ਵਿਚ ਵੀ ਬੇਨੇਮੀਆਂ ਹੋਣ ਦੇ ਆਸਾਰ ਹਨ।
____________________________________________
ਕੈਰੋਂ ਨੇ ਚੰਮ ਦੀਆਂ ਚਲਾਈਆਂ
ਚੰਡੀਗੜ੍ਹ: ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਚਹੇਤਿਆਂ ਨੂੰ ਸੇਵਾ ਮੁਕਤੀ ਬਾਅਦ ‘ਭਰਤੀ’ ਕਰ ਕੇ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਸਨ। ਸੇਵਾ ਮੁਕਤੀ ਬਾਅਦ ਪਨਗਰੇਨ ਦੇ ਐਮæਡੀæ ਵਜੋਂ ਸੇਵਾ ਨਿਭਾਅ ਰਹੇ ਸਤਵੰਤ ਸਿੰਘ ਜੌਹਲ ਅਤੇ ਪੰਜਾਬ ਐਂਡ ਸਿੰਧ ਬੈਂਕ ਤੋਂ ਸੇਵਾ ਮੁਕਤ ਐਮæਐਸ਼ ਸਾਰੰਗ, ਜੋ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਸਨ, ਦੀ ਕੈਪਟਨ ਸਰਕਾਰ ਨੇ ਛੁੱਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਕਾਂਗਰਸ ਨੇ ਵਿਰੋਧੀ ਧਿਰ ‘ਚ ਹੁੰਦਿਆਂ ਇਸ ਵਿਭਾਗ ‘ਚ 31 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਲਾਏ ਸਨ।
______________________________________________
ਘੁਟਾਲਿਆਂ ਦੀ ਸੂਚੀ ਤਿਆਰ: ਸਿੱਧੂ
ਲੁਧਿਆਣਾ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੂਰੇ ਸੂਬੇ ਵਿਚ ਵੱਖ-ਵੱਖ ਵਿਭਾਗਾਂ ਵਿਚ ਕੀਤੇ ਘੁਟਾਲਿਆਂ ਦੀ ਸੂਚੀ ਤਿਆਰ ਹੋ ਚੁੱਕੀ ਹੈ। ਇਸ਼ਤਿਹਾਰੀ ਬੋਰਡਾਂ ਦੇ ਨਾਮ ‘ਤੇ ਕੀਤੀ ਗਈ ਠੱਗੀ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਖੁਦ ਪੜਤਾਲ ਕੀਤੀ ਹੈ। ਸੂਬੇ ਵਿਚ ਵਿਕਾਸ ਕਾਰਜਾਂ ਦੇ ਪੱਛੜੇ ਹੋਣ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਵਿਕਾਸ ਕਾਰਜਾਂ ਲਈ 1400 ਕਰੋੜ ਰੁਪਏ ਦਿੱਤੇ ਸਨ, ਪਰ ਬਾਦਲ ਸਰਕਾਰ ਨੇ ਆਪਣੇ ਹਿੱਸੇ ਦੇ ਪੈਸੇ ਤਾਂ ਕੀ ਪੈਣੇ ਸੀ ਉਸ ਨੇ 1400 ਕਰੋੜ ਵੀ ਰੁਪਏ ਵੱਖ-ਵੱਖ ਥਾਵਾਂ ‘ਤੇ ਖਰਚ ਲਏ। ਉਨ੍ਹਾਂ ਦੱਸਿਆ ਕਿ ਜੇਕਰ ਬਾਦਲ ਸਰਕਾਰ ਸਹੀ ਤਰੀਕੇ ਨਾਲ ਕੰਮ ਕਰਦੀ ਤਾਂ ਲੁਧਿਆਣਾ ਵਿਚ ਸਮਾਰਟ ਸਿਟੀ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਣਾ ਸੀ। ਡੇਢ ਸਾਲ ਬੀਤਣ ਦੇ ਬਾਵਜੂਦ ਬਾਦਲ ਸਰਕਾਰ ਨੇ 100 ਕਰੋੜ ਰੁਪਏ ਦੀ ਥਾਂ ਸਿਰਫ 32 ਲੱਖ ਰੁਪਏ ਭੇਜੇ ਸਨ।